India Punjab

AAP ਬਣੀ ਕੌਮੀ ਪਾਰਟੀ, ਕੇਜਰੀਵਾਲ ਬੋਲੇ ਕਿਸੇ ਚਮਤਕਾਰ ਤੋਂ ਘੱਟ ਨਹੀਂ, ਪਾਰਟੀ ਨੂੰ ਮਿਲਣਗੇ ਇਹ 5 ਵੱਡੇ ਫਾਇਦੇ

AAP became a national party, Kejriwal said it is no less than a miracle, the party will get these 5 big advantages

ਦਿੱਲੀ : ਆਮ ਆਦਮੀ ਪਾਰਟੀ ( Aam Aadmi Party )ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( Arvind Kejriwal )  ਦੀ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (AAP) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ।

ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤੇ ਜਾਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਏਨੇ ਥੋੜ੍ਹੇ ਸਮੇਂ ਵਿੱਚ ਇਹ ਪ੍ਰਾਪਤੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕੇਜਰੀਵਾਲ ਨੇ ਇਸ ਪ੍ਰਾਪਤੀ ਦਾ ਸਿਹਰਾ ਲੋਕਾਂ ਸਿਰ ਬੱਝਿਆ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ ਦੀ ਸਮਰੱਥਾ ਬਖ਼ਸ਼ਣ ਲਈ ਭਗਵਾਨ ਤੋਂ ਅਸ਼ੀਰਵਾਦ ਵੀ ਮੰਗਿਆ ਹੈ। ‘ਆਪ’ ਸੁਪਰੀਮੋ ਨੇ ਟਵੀਟ ਕਰ ਕੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਪਾਈ ਹੈ।

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਦਿੱਤੇ ਜਾਣ ਮਗਰੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਕਾਰਕੁਨਾਂ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਸਾਂਝੀ ਕੀਤੀ। ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਿਆਂ ਦੀ ਮਿਹਨਤ ਦਾ ਨਤੀਜਾ ਹੈ।

ਰਾਸ਼ਟਰੀ ਦਰਜਾ ਪ੍ਰਾਪਤ ਕਰਨ ਦਾ ਲਾਭ

● ਦਿੱਲੀ ਵਿੱਚ ਦਫ਼ਤਰ ਲਈ ਜ਼ਮੀਨ ਮਿਲੇਗੀ

● ਇੱਕ ਚੋਣ ਨਿਸ਼ਾਨ ‘ਤੇ ਦੇਸ਼ ਵਿੱਚ ਚੋਣ ਲੜ ਸਕਣਗੇ

● ਚੋਣ ਪ੍ਰਚਾਰ ਵਿੱਚ ਸਟਾਰ ਪ੍ਰਚਾਰਕਾਂ ਦੀ ਗਿਣਤੀ ਬੇਅੰਤ ਹੋਵੇਗੀ

● ਰੇਡੀਓ ਅਤੇ ਡੀਡੀ ਚੈਨਲ ‘ਤੇ ਪ੍ਰਚਾਰ ਲਈ ਸਮਾਂ ਮਿਲੇਗਾ

● ਚੋਣ ਸੰਬੰਧੀ ਨੀਤੀਆਂ ਬਣਾਉਣ ਲਈ ਕਮਿਸ਼ਨ ਪਾਰਟੀ ਨਾਲ ਸਲਾਹ-ਮਸ਼ਵਰਾ ਕਰੇਗਾ

ਇਨ੍ਹਾਂ ਪਾਰਟੀਆਂ ਨੂੰ ਵੱਡਾ ਝਟਕਾ-

ਇਸ ਤੋਂ ਇਲਾਵਾ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ.ਸੀ.ਪੀ.) ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਖੋਹ ਲਿਆ ਗਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ।

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ ਵਿੱਚ ਉੱਤਰ ਪ੍ਰਦੇਸ਼ ਵਿੱਚ ਆਰਐੱਲਡੀ, ਆਂਧਰਾ ਪ੍ਰਦੇਸ਼ ਵਿੱਚ ਬੀਆਰਐੱਸ, ਮਨੀਪੁਰ ਵਿੱਚ ਪੀਡੀਏ, ਪੁਡੂਚੇਰੀ ਵਿੱਚ ਪੀਐੱਮਕੇ, ਪੱਛਮੀ ਬੰਗਾਲ ਵਿੱਚ ਆਰਐੱਸਪੀ ਅਤੇ ਮਿਜ਼ੋਰਮ ਵਿੱਚ ਐੱਮਪੀਸੀ ਦੀ ਵੀ ਸੂਬਾਈ ਪਾਰਟੀਆਂ ਵਜੋਂ ਮਾਨਤਾ ਰੱਦ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ‘ਆਪ’ ਨੂੰ ਚਾਰ ਸੂਬਿਆਂ ਦਿੱਲੀ, ਗੋਆ, ਪੰਜਾਬ ਅਤੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਕੌਮੀ ਪਾਰਟੀ ਦਾ ਦਰਜਾ ਦਿੱਤਾ ਗਿਆ ਹੈ।

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਇਸ ਸਮੇਂ ਸੱਤਾ ਵਿੱਚ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਐੱਨਸੀਪੀ, ਸੀਪੀਆਈ ਅਤੇ ਤ੍ਰਿਣਮੂਲ ਕਾਂਗਰਸ ਦਾ ਕੌਮੀ ਸਿਆਸੀ ਪਾਰਟੀਆਂ ਵਜੋਂ ਦਰਜਾ ਵਾਪਸ ਲੈ ਲਿਆ ਗਿਆ ਹੈ।

ਇਸ ਦੇ ਨਾਲ ਹੀ, ਸੀ.ਪੀ.ਆਈ. ਦੀ ਰਾਸ਼ਟਰੀ ਪਾਰਟੀ ਦਾ ਦਰਜਾ ਖਤਮ ਹੋਣ ਨਾਲ, ਪਾਰਟੀ ਹੁਣ ਕੇਰਲਾ, ਮਣੀਪੁਰ ਅਤੇ ਤਾਮਿਲਨਾਡੂ ਵਿੱਚ ਰਾਜ ਦਾ ਦਰਜਾ ਪ੍ਰਾਪਤ ਰਾਜ ਪੱਧਰੀ ਪਾਰਟੀ ਮੰਨੀ ਜਾਵੇਗੀ।

ਕਮਿਸ਼ਨ ਨੇ ਕਿਹਾ ਕਿ ਐਨਸੀਪੀ ਅਤੇ ਤ੍ਰਿਣਮੂਲ ਕਾਂਗਰਸ ਨੂੰ ਕ੍ਰਮਵਾਰ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਰਾਜ ਪੱਧਰੀ ਪਾਰਟੀਆਂ ਵਜੋਂ ਮਾਨਤਾ ਦਿੱਤੀ ਜਾਵੇਗੀ, ਹਾਲ ਹੀ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ। ਰਾਸ਼ਟਰੀ ਦਰਜੇ ਦੇ ਖਤਮ ਹੋਣ ਦੇ ਨਾਲ, NCP ਹੁਣ ਮਹਾਰਾਸ਼ਟਰ ਵਿੱਚ ਰਾਜ ਦਾ ਦਰਜਾ ਰੱਖਣ ਵਾਲੀ ਇੱਕ ਰਾਜਨੀਤਿਕ ਪਾਰਟੀ ਹੋਵੇਗੀ, ਜਦੋਂ ਕਿ ਸੀਪੀਆਈ ਨੂੰ ਹੁਣ ਕੇਰਲ, ਮਣੀਪੁਰ ਅਤੇ ਤਾਮਿਲਨਾਡੂ ਵਿੱਚ ਰਾਜ ਦਾ ਦਰਜਾ ਪ੍ਰਾਪਤ ਰਾਜ ਪਾਰਟੀ ਮੰਨਿਆ ਜਾਵੇਗਾ