Punjab

CM ਭਗਵੰਤ ਮਾਨ ਦਾ ਕਾਫਲਾ ਰੋਕਣ ਵਾਲਿਆਂ ਨੂੰ 1 ਸਾਲ ਦੀ ਸਜ਼ਾ ਦੇ ਨਾਲ ਜੁਰਮਾਨਾ

bhagwant-mann-car-stopper-get-punishment

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਣ ਵਾਲਿਆਂ ਨੂੰ ਅਦਾਲਤ ਨੇ 1 ਸਾਲ ਦੀ ਸਜ਼ਾ ਸੁਣਾਈ ਹੈ। ਦਰਸਾਲ 2018 ਵਿੱਚ ਜਦੋਂ ਆਪ 2 ਫਾੜ ਹੋ ਗਈ ਸੀ ਤਾਂ ਤਤਕਾਲੀ ਪੰਜਾਬ ਆਪ ਪ੍ਰਧਾਨ ਭਗਵੰਤ ਮਾਨ ਮਹਿਲਕਲਾਂ ਪਹੁੰਚੇ ਸਨ । ਉਸ ਵੇਲੇ ਆਪ ਦੇ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਕਾਫਲਾ ਰੋਕਿਆ ਗਿਆ ਸੀ ਅਤੇ ਨਾਅਰੇਬਾਜ਼ੀ ਕੀਤੀ ਗਈ ਸੀ । ਮਾਨ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਵਰਕਰਾਂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ । ਉਸ ਵੇਲੇ ਭਗਵੰਤ ਮਾਨ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਮਹਿਲ ਕਲਾਂ ਪਹੁੰਚੇ ਸਨ।

ਇੰਨਾਂ ਵਰਕਰਾਂ ਨੂੰ ਮਿਲੀ ਸਜ਼ਾ

ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮਾਂ ਦੀ ਸ਼ਿਕਾਇਤ ‘ਤੇ ਆਪ ਵਰਕਰ ਗਗਨ ਸਰਾਂ ਕੁਰੜ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ,ਪਰਗਟ ਸਿੰਘ ਮਹਿਲ, ਕਰਮਜੀਤ ਸਿੰਘ ਉੱਪਲ,ਅਮਨਦੀਪ ਸਿੰਘ ਟੱਲੇਵਾਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ । 4 ਸਾਲ ਬਾਅਦ ਹੁਣ ਅਦਾਲਤ ਨੇ ਇੰਨਾਂ ਸਾਰੀਆਂ ਨੂੰ 1-1 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਹਾਲਾਂਕਿ ਅਦਾਲਤ ਨੇ ਮੌਕੇ ‘ਤੇ ਹੀ ਇੰਨਾਂ ਸਾਰੀਆਂ ਨੂੰ ਜ਼ਮਾਨਤ ਦਿੱਤੀ ਹੈ। ਉਧਰ ਗਗਨ ਸਰਾਂ ਕੁਰੜ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਸੈਸ਼ਨ ਅਦਾਲਤ ਵਿੱਚ ਅਪੀਲ ਕਰਨਗੇ। ਹਾਲਾਂਕਿ ਕਿਹਾ ਜਾਂਦਾ ਹੈ ਕਿ ਦੋਵਾਂ ਧਿਰਾਂ ਦੇ ਵਿਚਾਲੇ ਸਮਝੌਤੇ ਦੀ ਕੋਸ਼ਿਸ਼ ਹੋਈ ਸੀ ਪਰ ਸਿਰੇ ਨਹੀਂ ਚੜੀ ।

ਸੁਖਪਾਲ ਖਹਿਰਾ ਨੇ ਕੀਤੀ ਸੀ ਬਗ਼ਾਵਤ

ਮਾਨਹਾਨੀ ਦੇ ਮਾਮਲੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦਾ ਤਤਕਾਲੀ ਆਗੂ ਵਿਰੋਧੀ ਧਿਰ ਸੁਖਪਾਲ ਖਹਿਰਾ ਨੇ ਵਿਰੋਧ ਕੀਤਾ ਸੀ । ਜਿਸ ਤੋਂ ਬਾਅਦ ਖਹਿਰਾ ਨੂੰ ਆਗੂ ਵਿਰੋਧੀ ਧਿਰ ਤੋਂ ਹਟਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਹੀ ਪਾਰਟੀ ਵਿੱਚ ਬਗਾਵਤ ਸ਼ੁਰੂ ਹੋਈ ਸੀ। ਪਾਰਟੀ ਦੇ ਅੱਧੇ ਵਿਧਾਇਕ ਖਹਿਰਾ ਦੇ ਨਾਲ ਖੜੇ ਹੋ ਗਏ ਸਨ । ਜਿੰਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ 2019 ਦੀਆਂ ਲੋਕਸਭਾ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ । ਖਹਿਰਾ ਨੇ ਆਪ ਵੀ ਕਾਂਗਰਸ ਜੁਆਇਨ ਕਰ ਲਈ ਸੀ ਅਤੇ ਇਸ ਵਾਰ ਉਹ ਕਾਂਗਰਸ ਦੀ ਟਿਕਟ ‘ਤੇ ਹੀ ਭੁੱਲਥ ਤੋਂ ਤੀਜੀ ਵਾਰ ਵਿਧਾਨਸਭਾ ਪਹੁੰਚੇ ਹਨ।