Khaas Lekh

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਅੰਤ ਕਰਨ ਦੀ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅੱਜ 31 ਅਗਸਤ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਹੈ। ਬੇਅੰਤ ਸਿੰਘ ਦੇ ਉੱਤੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ‘ਚ ਫਸਾ ਕੇ ਕਤਲ ਕਰਨ ਦੇ ਇਲਜ਼ਾਮ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂਆਂ ਨੂੰ ਕਰੀਬ 10 ਮਹੀਨੇ ਦਾ ਸਮਾਂ ਲੱਗਾ ਸੀ। CBI ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਦੋਸ਼ੀਆਂ ਵਿਰੁੱਧ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਹਮਣੇ ਆਈ ਸੀ। ਇਸ ਚਲਾਨ ਦੇ ਅਧਾਰ ‘ਤੇ ਹੀ ਅੱਜ ਅਸੀਂ ਜਾਣਾਂਗੇ ਕਿ ਬੇਅੰਤ ਸਿੰਘ ਦਾ ਕਤਲ ਕਿਸ ਤਰ੍ਹਾਂ ਕੀਤਾ ਗਿਆ।

ਭਾਈ ਜਗਤਾਰ ਸਿੰਘ ਹਵਾਰਾ ਅਪ੍ਰੈਲ 1995 ਵਿੱਚ ਭਾਰਤ ਵਿੱਚ ਆਏ ਸੀ ਅਤੇ ਉਨ੍ਹਾਂ ਨੇ 31 ਅਗਸਤ ਨੂੰ ਬੇਅੰਤ ਸਿੰਘ ਨੂੰ ਮਾਰਨ ਦੀ ਆਪਣੀ ਯੋਜਨਾ ‘ਤੇ ਅਮਲ ਕੀਤਾ। ਅਦਾਲਤ ਵਿੱਚ ਪੇਸ਼ ਕੀਤੇ ਗਏ ਦੋਸ਼ ਪੱਤਰ ਅਨੁਸਾਰ ਸਾਜ਼ਿਸ਼ ਤਿਆਰ ਕਰਨ ਅਤੇ ਉਸ ‘ਤੇ ਅਮਲ ਕਰਨ ਦੀਆਂ ਘਟਨਾਵਾਂ ਹੇਠ ਲਿਖੇ ਅਨੁਸਾਰ ਵਾਪਰੀਆਂ :

ਨਵਬੰਰ, 1994 – ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਨੇ ਲਾਹੌਰ ਵਿੱਚ ਮਹਿਲ ਸਿੰਘ ਤੇ ਜਗਤਾਰ ਸਿੰਘ ਹਵਾਰਾ ਨਾਲ ਮਿਲ ਕੇ ਬੇਅੰਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਤਿਆਰ ਕੀਤੀ।

ਅਪ੍ਰੈਲ, 1995 – ਜਗਤਾਰ ਸਿੰਘ ਹਵਾਰਾ ਉਰਫ ਤਾਰੀ ਭਾਰਤ ਆ ਗਏ।

ਮਈ, 1995 – ਦਿਲਾਵਰ ਸਿੰਘ ਜੋ ਕਿ ਮਨੁੱਖੀ ਬੰਬ ਬਣਿਆ, ਨੇ ਹਿਮਾਚਲ ਪ੍ਰਦੇਸ਼ ਵਿੱਚ ਰਟੋਲੀ ਵਿਖੇ ਇੱਕ ਕਮਰਾ ਕਿਰਾਏ ‘ਤੇ ਲਿਆ ਤਾਂ ਜੋ ਗੁਪਤ ਮੀਟਿੰਗਾਂ ਕੀਤੀਆਂ ਜਾ ਸਕਣ।

ਜੂਨ, 1995 – ਜਗਤਾਰ ਸਿੰਘ ਹਵਾਰਾ ਨੇ ਜ਼ਿਲ੍ਹਾ ਪਟਿਆਲਾ ਵਿੱਚ ਓਕਾਸੀ ਜੱਟਾਂ ਪਿੰਡ ਦੇ ਸ਼ਮਸ਼ੇਰ ਸਿੰਘ ਨਾਲ ਸੰਪਰਕ ਕੀਤਾ ਜਿਹੜਾ ਕਿ ਭਗੌੜਾ ਹੈ।

ਜੁਲਾਈ, 1995 – ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਅਤੇ ਨਵਜੋਤ ਸਿੰਘ ਮੁਹਾਲੀ ਵਿਖੇ ਜਗਰੂਪ ਸਿੰਘ ਟਿਊਬਵੈੱਲ ਆਪਰੇਟਰ ਦੇ ਮਕਾਨ ‘ਤੇ ਇਕੱਠੇ ਹੋਏ।

10 ਜੁਲਾਈ, 1995 – ਹਵਾਰਾ ਅਤੇ ਸ਼ਮਸ਼ੇਰ ਸਿੰਘ ਨੇ ਟਰੱਕ ਨੰਬਰ ਪੀ. ਸੀ.-12 ਏ 7947 ਕਿਰਾਏ ‘ਤੇ ਲਿਆ ਤਾਂ ਜੋ ਹਿੰਦ-ਪਾਕਿ ਸੀਮਾ ‘ਤੇ ਅਜਨਾਲਾ ਨੇੜਿਓਂ ਵਿਸਫੋਟਕ ਪਦਾਰਥ ਲਿਆਂਦੇ ਜਾ ਸਕਣ।

25 ਜੁਲਾਈ, 1995 – ਹਵਾਰਾ ਨੇ ਕੁੱਝ ਵਿਸਫੋਟਕ ਪਦਾਰਥ ਅਤੇ ਹੋਰ ਸਮਾਨ ਝੀਂਗਰਾ ਕਲਾਂ ਪਿੰਡ ਵਿੱਚ ਨਸੀਬ ਦੇ ਘਰ ਵਿੱਚ ਰੱਖ ਦਿੱਤਾ।

20 ਅਗਸਤ, 1995 – ਹਵਾਰਾ ਦਿੱਲੀ ਵਿੱਚ ਜਗਤਾਰ ਸਿੰਘ ਤਾਰਾ ਨੂੰ ਮਿਲਿਆ ਅਤੇ ਇੱਕ ਪੁਰਾਣੀ ਅੰਬੈਸਡਰ ਕਾਰ ਖਰੀਦੀ।

20 ਤੋਂ 24 ਅਗਸਤ, 1995 – ਦਿੱਲੀ ਦੇ ਪਰਮਜੀਤ ਸਿੰਘ ਨੇ ਇਹ ਕਾਰ ਲਕਸ਼ਮੀ ਨਗਰ ਵਿਖੇ ਵਿਸ਼ਵਕਰਮਾ ਪਾਰਕ ਵਿੱਚ ਆਪਣੇ ਘਰ ਰੱਖੀ।

23 ਅਗਸਤ, 1995 – ਹਵਾਰਾ ਨੇ ਤਾਰਾ ਨੂੰ ਟੈਲੀਫੋਨ ‘ਤੇ ਇੱਕ ਕੋਡ ਦੁਆਰਾ ਸੰਦੇਸ਼ ਭੇਜ ਕੇ ਅਗਲੇ ਦਿਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੁੱਜਣ ਲਈ ਕਿਹਾ।

24 ਅਗਸਤ, 1995 – ਤਾਰਾ ਅਤੇ ਪਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹਵਾਰਾ ਅਤੇ ਕਾਂਸਟੇਬਲ ਬਲਵੰਤ ਸਿੰਘ ਨੂੰ ਮਿਲੇ ਅਤੇ ਅਗਲੇ ਦਿਨ ਫੇਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮਿਲਣ ਦਾ ਫ਼ੈਸਲਾ ਕੀਤਾ।

25 ਅਗਸਤ, 1995 – ਸਵੇਰੇ 7 ਵਜੇ ਹਵਾਰਾ, ਤਾਰਾ, ਪਰਮਜੀਤ ਸਿੰਘ, ਬਲਵੰਤ ਸਿੰਘ ਅਤੇ ਦਿਲਾਵਰ ਸਿੰਘ ਗੁਰਦੁਆਰੇ ਵਿੱਚ ਮਿਲੇ। ਉਸੇ ਦਿਨ ਤਾਰਾ ਅਤੇ ਦਿਲਾਵਰ ਕਾਰ ਰਾਹੀਂ ਝੀਂਗਰਾ ਪਿੰਡ ਚਲੇ ਗਏ। ਤਾਰਾ ਅਤੇ ਦਿਲਾਵਰ ਫੇਰ ਮੁਹਾਲੀ ਫੇਜ਼ 4 ਵਿੱਚ ਘਰ ਨੰਬਰ 981 ਵਿੱਚ ਪੁੱਜੇ, ਜਿੱਥੇ ਕਿ ਗੁਰਮੀਤ ਸਿੰਘ, ਨਸੀਬ ਸਿੰਘ ਵਿਸਫੋਟਕ ਪਦਾਰਥ ਦੇ ਥੈਲੇ ਲੈ ਕੇ ਪਹੁੰਚਿਆ ਹੋਇਆ ਸੀ।

26 ਅਗਸਤ, 1995 – ਕਾਰ ਚੰਡੀਗੜ੍ਹ ਦੇ ਸੈਕਟਰ 7 ਵਿੱਚ ਦੁਬਾਰਾ ਪੇਂਟ ਲਈ ਦਿੱਤੀ ਗਈ ਅਤੇ 15000 ਰੁਪਏ ਦੀ ਪੇਸ਼ਗੀ ਰਕਮ ਪਰਮਜੀਤ ਸਿੰਘ ਅਤੇ ਦਿਲਾਵਰ ਸਿੰਘ ਨੇ ਦਿੱਤੀ।

27 ਅਗਸਤ, 1995 – ਸਿਪਾਹੀ ਲਖਵਿੰਦਰ ਸਿੰਘ ਨੇ ਕਾਂਸਲ ਪਿੰਡ ਦੇ ਇੱਕ ਦਰਜੀ ਅਨਿਲ ਕੁਮਾਰ ਤੋਂ ਇੱਕ ਖਾਕੀ ਪੈਂਟ ਕਮਰ ਤੋਂ ਖੁੱਲ੍ਹੀ ਕਰਵਾਈ।

28 ਅਗਸਤ, 1995 – ਹਵਾਰਾ ਅਤੇ ਬਲਵੰਤ ਸਿੰਘ ਵੱਲੋਂ ਇੱਕ ਮਾਰੂਤੀ ਵੈਨ ਵਿੱਚ ਪੰਜਾਬ ਪੁਲਿਸ ਦੀਆਂ ਕਈ ਵਰਦੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਮੁਹਾਲੀ ਵਿੱਚ ਜਗਰੂਪ ਸਿੰਘ ਦੇ ਘਰ ਵਿੱਚ ਰੱਖਿਆ ਗਿਆ।

29 ਅਗਸਤ, 1995 – ਹਵਾਰਾ, ਤਾਰਾ, ਪਰਮਜੀਤ ਸਿੰਘ ਅਤੇ ਜਗਰੂਪ ਸਿੰਘ ਨੇ ਬੰਬ ਅਤੇ ਹੋਰ ਸਮਾਨ ਨੂੰ ਇੱਕ ਹਾਰਮੋਨੀਅਮ ਵਿੱਚ ਛੁਪਾ ਦਿੱਤਾ ਅਤੇ ਪਿੱਛੋਂ ਨਵਜੋਤ ਸਿੰਘ ਦੇ ਘਰ ਚਲੇ ਗਏ।

9 ਅਗਸਤ, 1995 ਦੀ ਸ਼ਾਮ – ਦਿਲਾਵਰ ਸਿੰਘ ਅਤੇ ਬਲਵੰਤ ਸਿੰਘ ਸਕੂਟਰ ਨੰਬਰ ਪੀ. ਸੀ. ਪੀ. 2085 ‘ਤੇ ਪੇਂਟਰ ਕੋਲ ਗਏ ਪਰ ਕਾਰ ਤਿਆਰ ਨਹੀਂ ਸੀ।

30 ਅਗਸਤ, 1995- (ਦੁਪਹਿਰ ਤੋਂ ਪਹਿਲਾਂ)– ਬਲਵੰਤ ਸਿੰਘ ਦਿਲਾਵਰ ਨੂੰ ਪੇਂਟਰ ਦੀ ਦੁਕਾਨ ‘ਤੇ ਛੱਡ ਆਇਆ ਅਤੇ ਕਾਂਸਲ ਵਿਖੇ ਦਰਜੀ ਕੋਲ ਖੁੱਲ੍ਹੀ ਕਰਨ ਲਈ ਦਿੱਤੀ ਪੈਂਟ ਲੈਣ ਗਿਆ। ਦਲਬੀਰ ਸਿੰਘ ਉਰਫ ਮੌਲਾ ਸਕੂਟਰ ਵਾਪਸ ਲੈ ਗਿਆ। ਪੇਂਟਰ ਨੂੰ 15000 ਰੁਪਏ ਦੀ ਬਕਾਇਆ ਰਕਮ ਦੇ ਕੇ ਕਾਰ ਲੈ ਲਈ ਗਈ।

30 ਅਗਸਤ, 1995 (ਸ਼ਾਮ) – ਤਾਰਾ, ਦਿਲਾਵਰ, ਹਵਾਰਾ ਅਤੇ ਬਲਵੰਤ ਸਿੰਘ ਸਿਵਲ ਸਕੱਤਰੇਤ ਲਈ ਰਵਾਨਾ ਹੋਏ। ਹਵਾਰਾ ਰਾਹ ਵਿੱਚ ਹੀ ਕਾਰ ਤੋਂ ਉੱਤਰ ਗਿਆ। ਦਿਲਾਵਰ ਵਰਦੀ ਵਿੱਚ ਸੀ ਪਰ ਸ: ਬੇਅੰਤ ਸਿੰਘ ਦਫਤਰ ਤੋਂ ਜਾ ਚੁੱਕੇ ਸਨ।

30 ਅਗਸਤ, 1995 ਦੀ ਰਾਤ – ਕਾਰ ਨੂੰ ਚੰਡੀਗੜ੍ਹ ਦੇ ਸੈਕਟਰ 45 ਵਿੱਚ ਘਰ ਨੰਬਰ 3031/1 ‘ਤੇ ਰੱਖਿਆ ਗਿਆ ਜਿੱਥੇ ਦਿਲਾਵਰ ਦਾ ਭਰਾ ਚਮਕੌਰ ਸਿੰਘ ਰਹਿੰਦਾ ਸੀ।

31 ਅਗਸਤ, 1995 – ਦਿਲਾਵਰ ਨੇ ਆਪਣੇ ਭਰਾ ਨੂੰ ਕਿਸੇ ਵੱਡੀ ਘਟਨਾ ਬਾਰੇ ਦੱਸ ਕੇ ਉੱਥੋਂ ਚਲੇ ਜਾਣ ਲਈ ਕਿਹਾ। ਉਹ ਕਾਰ ਲੈ ਕੇ ਗਿਆ ਅਤੇ ਲਖਵਿੰਦਰ ਅਤੇ ਗੁਰਮੀਤ ਨੂੰ ਮਿਲਿਆ।

31 ਅਗਸਤ, 1995 (ਦੁਪਹਿਰ ਤੋਂ ਪਹਿਲਾਂ) – ਤਾਰਾ ਤੇ ਬਲਵੰਤ ਸਿੰਘ ਸਕੂਟਰ ‘ਤੇ ਬੇਅੰਤ ਸਿੰਘ ਦੇ ਸਕੱਤਰੇਤ ਗਏ ਪਰ ਪਤਾ ਲੱਗਿਆ ਕਿ ਬੇਅੰਤ ਸਿੰਘ ਦਫਤਰ ਵਿੱਚ ਨਹੀਂ ਸੀ। ਉਹ ਫੇਰ ਮੁੱਖ ਮੰਤਰੀ ਦੇ ਨਿਵਾਸ ‘ਤੇ ਗਏ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੇਅੰਤ ਸਿੰਘ ਸ਼ਹਿਰ ਵਿੱਚ ਹੀ ਸੀ।

31 ਅਗਸਤ, 1995 (ਬਾਅਦ ਦੁਪਹਿਰ) – ਮੁੱਖ ਮੰਤਰੀ ਆਪਣੇ ਦਫਤਰ ਪੁੱਜੇ। ਤਾਰਾ ਅਤੇ ਬਲਵੰਤ ਸਿੰਘ ਨੇ ਮੁਹਾਲੀ ਵਿੱਚ ਗੁਰਮੀਤ ਦੇ ਘਰ ਜਾ ਕੇ ਬਾਕੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਦਫਤਰ ਵਿੱਚ ਹੀ ਸੀ।  3 ਵਜੇ ਦੇ ਕਰੀਬ ਦਿਲਾਵਰ ਅਤੇ ਤਾਰਾ ਸਕੱਤਰੇਤ ਪੁੱਜੇ। ਬਲਵੰਤ ਸਕੂਟਰ ਨੰਬਰ ਪੀ. ਸੀ. 11 1955 ‘ਤੇ ਪਿੱਛੇ ਜਾਂਦਾ ਹੈ। ਕਾਰ ਠੀਕ ਟਿਕਾਣੇ ‘ਤੇ ਖੜ੍ਹੀ ਕੀਤੀ ਅਤੇ ਤਾਰਾ ਵਾਪਸ ਚਲਾ ਗਿਆ।

31 ਅਗਸਤ, 1995 (ਸ਼ਾਮ 5.10 ਵਜੇ) – ਮੁੱਖ ਮੰਤਰੀ ਸ: ਬੇਅੰਤ ਸਿੰਘ ਆਪਣੇ ਦਫਤਰ ਤੋਂ ਹੇਠਾਂ ਉੱਤਰ ਕੇ ਆਏ ਅਤੇ ਪੰਜਾਬ ਸਕੱਤਰੇਤ ਦੇ ਬਾਹਰ ਪੋਰਚ ਵਿੱਚ ਖੜ੍ਹੀ ਆਪਣੀ ਕਾਰ ਵਿੱਚ ਬੈਠ ਰਹੇ ਸਨ। ਮਨੁੱਖੀ ਬੰਬ ਬਣਿਆ ਦਿਲਾਵਰ ਸਿੰਘ ਮੁੱਖ ਮੰਤਰੀ ਵੱਲ ਆਇਆ ਅਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਬੇਅੰਤ ਸਿੰਘ ਸਮੇਤ 18 ਵਿਅਕਤੀ ਮਾਰੇ ਗਏ ਤੇ 15 ਫੱਟੜ ਹੋਏ।

CBI ਨੇ ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ ਮੀਤਾ, ਲਖਵਿੰਦਰ ਸਿੰਘ ਲੱਖਾ (ਹੀਰਾ), ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ (ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ, ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ, ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ ਵਾਸੀ ਪਿੰਡ ਸੰਧੂ ਚੱਠਾ, ਕਪੂਰਥਲਾ, ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ ਨੂੰ ਬੰਬ ਕਾਂਡ ਦਾ ਦੋਸ਼ੀ ਮੰਨਿਆ।

2 ਸਤੰਬਰ, 1995 – ਲਖਵਿੰਦਰ ਸਿੰਘ, ਮੌਲਾ ਨੂੰ ਮਿਲਿਆ ਤੇ ਇਸ ਹਮਲੇ ਬਾਰੇ ਦੱਸਿਆ। ਇਸ ਤੋਂ ਪਿੱਛੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਸਤੰਬਰ, 1995 – ਚੰਡੀਗੜ੍ਹ ਪੁਲਿਸ ਨੇ ਹਾਦਸਾਗ੍ਰਸਤ ਕਾਰ ਜਿਸ ‘ਤੇ ਦਿੱਲੀ ਦਾ ਨੰਬਰ ਸੀ, ਨੂੰ ਬਰਾਮਦ ਕੀਤਾ ਤੇ ਸਭ ਤੋਂ ਪਹਿਲਾਂ ਲਖਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਈ।

30 ਨਵੰਬਰ, 1995 – CBI ਵੱਲੋਂ 30 ਸਫਿਆਂ ਦਾ ਚਲਾਨ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ‘ਚ 385 ਗਵਾਹ ਦਿਖਾਏ ਗਏ ਸਨ ਤੇ ਢੇਰਾਂ ਦੇ ਢੇਰ ਦਸਤਾਵੇਜ਼ ਨਾਲ ਲਾਏ ਗਏ ਸਨ। ਇਸ ‘ਚ 13 ਦੋਸ਼ੀ ਕਰਾਰ ਦਿੱਤੇ ਗਏ ਜਿਨ੍ਹਾਂ ‘ਚੋਂ 3 ਫਰਾਰ ਰਹੇ ਤੇ ਇੱਕ ਦਿਲਾਵਰ ਸਿੰਘ ਮਾਰਿਆ ਗਿਆ ਸੀ।

14 ਜਨਵਰੀ, 1996 – CBI ਨੇ ਬਲਵੰਤ ਸਿੰਘ ਰਾਜੋਆਣਾ ਨੂੰ ਗ੍ਰਿਫਤਾਰ ਕੀਤਾ।

19 ਫਰਵਰੀ, 1996 – 12 ਦੋਸ਼ੀਆਂ ਖਿਲਾਫ ਚੰਡੀਗੜ੍ਹ ਅਦਾਲਤ ‘ਚ ਚਲਾਣ ਪੇਸ਼ ਕੀਤੇ ਗਏ।

30 ਅਪ੍ਰੈਲ, 1996 –ਗੁਰਮੀਤ ਸਿੰਘ (ਬੀਪੀਐਲ ਦੇ ਇੰਜੀਨੀਅਰ), ਨਸੀਬ ਸਿੰਘ, ਲਖਵਿੰਦਰ ਸਿੰਘ (ਪੰਜਾਬ ਪੁਲਿਸ ਕਾਂਸਟੇਬਲ), ਨਵਜੋਤ ਸਿੰਘ (ਰੈਨਬੈਕਸੀ ਕਰਮਚਾਰੀ), ਜਗਤਾਰ ਸਿੰਘ ਤਾਰਾ (ਟੈਕਸੀ ਡਰਾਈਵਰ), ਸ਼ਮਸ਼ੇਰ ਸਿੰਘ (ਟਰੱਕ ਡਰਾਈਵਰ), ਜਗਤਾਰ ਸਿੰਘ ਹਵਾਰਾ (ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ), ਬਲਵੰਤ ਸਿੰਘ ਰਾਜੋਆਣਾ (ਪੰਜਾਬ ਪੁਲਿਸ ਕਾਂਸਟੇਬਲ), ਪਰਮਜੀਤ ਸਿੰਘ ਭਿਉਰਾ, ਮੇਹਲ ਸਿੰਘ, ਵਧਾਵਾ ਸਿੰਘ ਤੇ ਜਗਰੂਪ ਸਿੰਘ ਖਿਲਾਫ਼ ਅਦਾਲਤ ‘ਚ ਦੋਸ਼ ਦਰਜ ਕੀਤੇ ਗਏ।

8 ਮਈ, 1996 – ਇਨ੍ਹਾਂ ‘ਤੇ ਮੁਕੱਦਮਾ ਸ਼ੁਰੂ ਹੋਇਆ।

12 ਮਾਰਚ, 1998 – ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਕੋਈ ਉਸ ਦਾ ਕੇਸ ਲੜੇ।

ਜੂਨ, 1998 – ਇਨ੍ਹਾਂ ਦੀ ਬੁੜੈਲ ਜੇਲ ‘ਚੋਂ ਭੱਜਣ ਦੀ ਪਹਿਲੀ ਕੋਸ਼ਿਸ਼ ਨਕਾਮ ਹੋਈ।

22 ਜਨਵਰੀ, 2004 – ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਤੇ ਗੜਵਾਲੀ ਨੌਕਰ ਦੇਵੀ ਸਿੰਘ ਬੁੜੈਲ ਜੇਲ੍ਹ ‘ਚੋਂ ਫਰਾਰ ਹੋ ਗਏ।

23 ਜਨਵਰੀ, 2004 – ਬੁੜੈਲ ਜੇਲ੍ਹ ‘ਚ 7 ਜੇਲ੍ਹ ਅਧਿਕਾਰੀ ਤੇ ਕਰਮਚਾਰੀ ਗ੍ਰਿਫਤਾਰ ਕੀਤੇ ਗਏ। ਇਨ੍ਹਾਂ ‘ਚ ਜੇਲ੍ਹ ਸੁਪਰਡੈਂਟ ਡੀ. ਐਸ. ਰਾਣਾ, ਡਿਪਟੀ ਸੁਪਰਡੈਂਟ ਡੀ. ਐਸ. ਸੰਧੂ, ਸਹਾਇਕ ਸੁਪਰਡੈਂਟ ਪੀ. ਐਸ. ਰਾਣਾ ਤੇ 2 ਸੀ. ਆਰ. ਪੀ. ਐਫ. ਜਵਾਨ ਸ਼ਾਮਲ ਸਨ।

9 ਜੂਨ, 2005 – ਜੇਲ੍ਹ ‘ਚੋਂ ਭੱਜੇ ਜਗਤਾਰ ਸਿੰਘ ਹਵਾਰਾ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ।

27 ਜੁਲਾਈ, 2007 – ਹਵਾਰਾ, ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਨਸੀਬ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਨਵਜੋਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ।

31 ਜੁਲਾਈ, 2007 – ਬਲਵੰਤ ਸਿੰਘ ਰਾਜੋਆਣਾ ਤੇ ਹਵਾਰਾ ਨੂੰ ਚੰਡੀਗੜ੍ਹ ਦੀ ਟਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ। ਨਸੀਬ ਸਿੰਘ ਨੂੰ 10 ਸਾਲ ਜੇਲ੍ਹ ਦੀ ਕੈਦ ਤੋਂ ਬਾਅਦ ਅਜ਼ਾਦ ਕਰ ਦਿੱਤਾ ਗਿਆ।

10 ਮਾਰਚ, 2012 – ਚੰਡੀਗੜ੍ਹ ਦੀ ਅਦਾਲਤ ਨੇ ਬਲਵੰਤ ਸਿੰਘ ਰਾਜੋਆਣਾ ਦੇ ਡੈਥ ਵਾਰੰਟ 31 ਮਾਰਚ, 2012 ਲਈ ਜਾਰੀ ਕੀਤੇ।

11 ਮਾਰਚ, 2011 – ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਪਹਿਲੀ ਵਾਰ ਅਦਾਲਤ ਵੱਲੋਂ ਜਾਰੀ ਕੀਤੇ ਡੈਥ ਵਾਰੰਟਾਂ ਦਾ ਖ਼ੁਲਾਸਾ ਕੀਤਾ।

16 ਮਾਰਚ, 2012 – ਪਟਿਆਲਾ ਜੇਲ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਵੱਲੋਂ ਡੈਥ ਵਾਰੰਟ ਅਦਾਲਤ ਨੂੰ ਵਾਪਸ ਕੀਤੇ ਗਏ।

19 ਮਾਰਚ, 2012 – ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਰਾਜੋਆਣਾ ਦੀ ਵਸੀਅਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹਵਾਲੇ ਕੀਤੀ। ਰਾਜੋਆਣਾ ਨੇ ਆਪਣੇ-ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਰਪਿਤ ਕੀਤਾ।

20 ਮਾਰਚ, 2012 – ਚੰਡੀਗੜ੍ਹ ਦੀ ਅਦਾਲਤ ਨੇ ਫਿਰ ਤੋਂ ਡੈਥ ਵਾਰੰਟ ਪਟਿਆਲਾ ਜੇਲ ਨੂੰ ਭੇਜੇ।

22 ਮਾਰਚ, 2012 – ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪਟਿਆਲਾ ਜੇਲ ‘ਚ ਰਾਜੋਆਣਾ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਪਾਤਸ਼ਾਹੀ ਚੋਲਾ ਤੇ ਸ੍ਰੀ ਸਾਹਿਬ ਭੇਟ ਕੀਤੀ।

24 ਮਾਰਚ, 2012 – ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਲਈ ਹੁਕਮਨਾਮਾ ਜਾਰੀ ਕੀਤਾ ਗਿਆ।

24 ਮਾਰਚ, 2012 – ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਤੇ ਭਾਈ ਰਾਜੋਆਣਾ ਨੂੰ ਜਿੰਦਾ ਸ਼ਹੀਦ ਐਲਾਨਿਆ।

24 ਮਾਰਚ, 2012 – ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਦੇਸ਼ ਦਿੱਤਾ ਕਿ ਰਾਸ਼ਟਰਪਤੀ ਨੂੰ ਮਿਲਕੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਾਉਣ।

24 ਮਾਰਚ, 2012 – ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫ਼ੀ ਦੀ ਮੰਗ ਦੀ ਹਮਾਇਤ ਕੀਤੀ।

24 ਮਾਰਚ, 2012 – ਪਟਿਆਲਾ ਜੇਲ ਸੁਪਰਡੈਂਟ ਨੇ ਫਿਰ ਤੋਂ ਰਾਜੋਆਣਾ ਦੇ ਡੈਥ ਵਾਰੰਟ ਵਾਪਸ ਅਦਾਲਤ ਨੂੰ ਭੇਜੇ।

25 ਮਾਰਚ, 2012 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਗਵਰਨਰ ਰਾਹੀਂ ਰਾਸ਼ਟਰਪਤੀ ਨੂੰ ਰਾਜੋਆਣਾ ਦੀ ਫਾਂਸੀ ਦੀ ਅਪੀਲ ਕੀਤੀ।

26 ਮਾਰਚ, 2012 – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ‘ਚ ਦਿੱਤਾ ਬਿਆਨ ਕਿ ਕਾਨੂੰਨੀ ਖਾਮੀਆਂ ਕਰਕੇ ਰਾਜੋਆਣਾ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।

27 ਮਾਰਚ, 2012 – ਚੰਡੀਗੜ੍ਹ ਅਦਾਲਤ ਨੇ ਫਿਰ ਤੋਂ ਰਾਜੋਆਣਾ ਦੇ ਡੈਥ ਵਾਰੰਟ ਪਟਿਆਲਾ ਜੇਲ ਨੂੰ ਵਾਪਸ ਭੇਜਦੇ ਹੋਏ ਕਿਹਾ ਕਿ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਵੇ। ਅਦਾਲਤੀ ਫਰਮਾਨਾਂ ਨੂੰ ਨਾ ਮੰਨਣ ‘ਤੇ ਅਦਾਲਤ ਨੇ ਪਟਿਆਲਾ ਜੇਲ ਦੇ ਸੁਪਰਡੈਂਟ ਨੂੰ ਅਦਾਲਤੀ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ।

ਇਸ ਕੇਸ ਨਾਲ ਜੁੜੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ 12 ਅਕਤੂਬਰ 2010 ਨੂੰ ਦਿੱਤੇ ਗਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ ਕੀਤੀਆਂ ਗਈਆਂ ਸ਼ਖਸੀਅਤਾਂ ਦੀ ਆਪਸ ਵਿੱਚ ਅਤੇ ਸਫਾਈ ਧਿਰ ਨਾਲ ਤਾਲਮੇਲ ਦੀ ਕਮੀ ਨਜ਼ਰ ਆਉਂਦੀ ਹੈ ਜਿਸ ਨਾਲ ਇਸ ਕੇਸ ਵਿੱਚ ਉਹ ਨਤੀਜੇ ਨਹੀਂ ਆ ਸਕੇ ਜਿਹਨਾਂ ਲਈ ਸਫਾਈ ਧਿਰ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸਫਾਈ ਧਿਰ ਵੱਲੋਂ ਸਾਕਾਰਾਤਮਕ ਭੂਮਿਕਾ ਨਹੀਂ ਨਿਭਾਈ ਗਈ।

ਉਨ੍ਹਾਂ ਦੱਸਿਆ ਕਿ ‘ਆਮ ਕੇਸਾਂ ਵਿੱਚ ਸਫਾਈ ਧਿਰ ਵੱਲੋਂ ਦੋਸ਼ੀਆਂ ਦੀ ਸਹਿਮਤੀ ਜਾਂ ਕਈ ਵਾਰ ਅਸਹਿਮਤੀ ਨਾਲ ਸਫਾਈ ਪੱਖ ਘੜ੍ਹਿਆ ਜਾਂਦਾ ਹੈ ਪਰ ਇਹ ਇੱਕ ਅਜਿਹਾ ਕੇਸ ਸੀ ਜਿਸ ਵਿੱਚ ਸਫਾਈ ਧਿਰ ਵੱਲੋਂ ਪੰਥਕ ਭਾਵਾਨਾਵਾਂ ਮੁਤਾਬਕ ਸਫਾਈ ਧਿਰ ਦਾ ਪੱਖ ਘੜ੍ਹਣਾ ਚਾਹੀਦਾ ਸੀ। ਮੈਂ ਆਪਣੀ ਜਿੰਦਗੀ ਵਿੱਚ ਇਸ ਕੇਸ ਨਾਲ ਸਬੰਧਤ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਲਖਵਿੰਦਰ ਸਿੰਘ ਨੂੰ ਕਈ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਕਰ ਚੁੱਕਾ ਹਾਂ। ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬਾਕੀਆਂ ਨਾਲ ਮਿਲਣ ਦਾ ਸਬੱਬ ਨਹੀਂ ਬਣਿਆ ਪਰ ਮੈਂ ਕਦੇ ਵੀ ਇਹ ਗੱਲ ਮਿਲਣ ਵਾਲਿਆਂ ਨੂੰ ਨਹੀਂ ਪੁੱਛੀ ਕਿ ਕੀ ਮਨੁੱਖੀ ਬੰਬ ਦੀ ਥਿਊਰੀ ਤੋਂ ਇਨਕਾਰੀ ਹੋਣ ਦਾ ਸਫਾਈ ਧਿਰ ਦਾ ਪੱਖ ਉਹਨਾਂ ਨੂੰ ਪੁੱਛ ਕੇ ਜਾਂ ਬਗੈਰ ਪੁੱਛੇ ਘੜ੍ਹਿਆ ਗਿਆ ਸੀ?

ਕਿਸੇ ਕੇਸ ਵਿੱਚ ਸਫਾਈ ਧਿਰ ਵੱਲੋਂ ਅਜਿਹਾ ਪੱਖ ਲੈਣਾ ਬਹੁਤ ਵੱਡਾ ਜੋਖਮ ਭਰਿਆ ਕੰਮ ਹੈ, ਜਿਸ ਵਾਸਤੇ ਬਹੁਤ ਦਲੇਰੀ ਦੀ ਲੋੜ ਹੁੰਦੀ ਹੈ ਅਤੇ ਜੇਕਰ ਅਜਿਹਾ ਪੱਖ ਮੰਨਿਆ ਜਾਂਦਾ ਤਾਂ ਸਮੁੱਚਾ ਕੇਸ ਬਰੀ ਹੋ ਸਕਦਾ ਸੀ ਪਰ ਅਜਿਹਾ ਅਸੰਭਵ ਸੀ ਕਿਉਂਕਿ ਭਾਰਤੀ ਨਿਆਂ ਪ੍ਰਬੰਧ ਵਿੱਚ ਅਜਿਹੇ ਕੇਸਾਂ ਦੇ ਫੈਸਲਿਆਂ ਸਮੇਂ ਸਰਕਾਰੀ ਪੱਖ ਤੇ ਰਾਜਨੀਤੀ ਨੂੰ ਤਵੱਜ਼ੋ ਜਿਆਦਾ ਦਿੱਤੀ ਜਾਂਦੀ ਹੈ ਅਤੇ ਅਜਿਹੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਅਜਿਹੇ ਕੇਸਾਂ ਵਿੱਚ ਸਫਾਈ ਧਿਰ ਵੱਲੋਂ ਆਪਣਾ ਪੱਖ ਨਿਰਧਾਰਨ ਕਰਨਾ ਚਾਹੀਦਾ ਹੈ।

ਸੋ ਸਫਾਈ ਧਿਰ ਵੱਲੋਂ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਨਾ ਮੰਨਣ ਦੀ ਥਿਊਰੀ ਗਲਤ ਸਿੱਧ ਹੋਈ। ਇਸ ਥਿਊਰੀ ਨੇ ਸਫਾਈ ਧਿਰ ਦਾ ਕੋਈ ਫਾਇਦਾ ਨਹੀਂ ਕੀਤਾ ਸਗੋਂ ਪੰਥਕ ਭਾਵਨਾਵਾਂ ਦੇ ਉਲਟ ਜਾ ਕੇ ਇਹ ਥਿਊਰੀ ਅਪਣਾਈ ਗਈ ਸੀ।

Comments are closed.