Punjab

ਹਾਈਵੇਅ ‘ਤੇ ‘2 ਫਾੜ’ ਹੋਈ ਕਾਰ !

ਬਿਉਰੋ ਰਿਪੋਰਟ :  ਬਰਨਾਲਾ ਵਿੱਚ ਇੱਕ ਬਹੁਤ ਭਿਆਨਕ ਹਾਦਸੇ ਦੀ ਤਸਵੀਰਾਂ ਸਾਹਮਣੇ ਆਈ ਹੈ । ਦੁਰਘਟਨਾ ਤੋਂ ਬਾਅਦ ਗੱਡੀ 2 ਫਾੜ ਹੋ ਗਈ ਹੈ । ਉਸ ਵਿੱਚ ਬੈਠੇ ਯਾਤਰੀਆਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਾਦਸੇ ਤੋਂ ਬਾਅਦ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤੀਜਾ ਸ਼ਖ਼ਸ ਜ਼ਿੰਦਗੀ ਦੀ ਜੰਗ ਹਸਪਤਾਲ ਵਿੱਚ ਲੜ ਰਿਹਾ ਹੈ । ਹਾਦਸਾ ਰਾਤ 1 ਵਜੇ ਦੇ ਕਰੀਬ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਇੱਕ ਗੱਡੀ ਨੇ ਕਾਰ ਨੂੰ ਟੱਕਰ ਮਾਰੀ । ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨ ਇੱਕ ਢਾਬੇ ਤੋਂ ਖਾਣਾ ਖਾ ਕੇ ਪਰਤ ਰਹੇ ਸਨ ।

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬਰਨਾਲਾ ਦੇ ਨਜ਼ਦੀਕ ਕਸਬਾ ਧਨੌਲਾ ਵਿੱਚ ਚੰਡੀਗੜ੍ਹ ਕੌਮੀ ਸ਼ਾਹਰਾਹ ‘ਤੇ ਹੋਇਆ । ਨੌਜਵਾਨ ਰਜਵਾੜਾ ਢਾਬੇ ਤੋਂ ਖਾਣਾ ਖਾਕੇ ਕੇ ਕਾਰ ‘ਤੇ ਨਿਕਲੇ ਹੀ ਸਨ ਕਿ ਕੁਝ ਹੀ ਦੂਰੀ ‘ਤੇ ਇੱਕ ਤੇਜ਼ ਰਫਤਾਰ ਗੱਡੀ ਆਈ ਅਤੇ ਉਸ ਨੇ ਟੱਕਰ ਮਾਰੀ ਅਤੇ ਕਾਰ ਦੇ 2 ਹਿੱਸੇ ਹੋ ਗਏ । ਕਾਰ ਵਿੱਚ ਪਟਿਆਲਾ ਦੇ 19 ਸਾਲ ਦੇ ਕਰਨ ਸਿੰਘ ਅਤੇ 20 ਸਾਲ ਦੇ ਗੋਲੂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ 30 ਸਾਲ ਦੇ ਹੈੱਪੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੈੱਪੀ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ।

ਪੁਲਿਸ ਲਈ ਬੁਝਾਰਤ

ਪੁਲਿਸ ਸਟੇਸ਼ਨ ਧਨੌਲਾ ਨੇ ਇਸ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, SHO ਮਨਜੀਤ ਸਿੰਘ ਨੇ ਦੱਸਿਆ ਹੈ ਕਿ ਕੁਝ ਨੌਜਵਾਨ ਰਜਵਾੜਾ ਢਾਬੇ ਤੋਂ ਖਾਣਾ ਖਾ ਕੇ ਬਰਨਾਲਾ ਜਾ ਰਹੇ ਸਨ । ਕਿਸੇ ਅਣਪਛਾਤੀ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਏ । ਪੁਲਿਸ ਦੇ ਲਈ ਇਹ ਦੁਰਘਟਨਾ ਹੁਣ ਤੱਕ ਬੁਝਾਰਤ ਬਣੀ ਹੋਈ ਹੈ ਕਿਉਂਕਿ ਇਹ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਕਿ ਜਿਸ ਗੱਡੀ ਨੇ ਟੱਕਰ ਮਾਰੀ ਉਹ ਕਿਹੜੀ ਸੀ । ਜਿਸ ਤਰ੍ਹਾਂ ਨਾਲ ਗੱਡੀ ਨੂੰ ਟਕੱਰ ਲੱਗੀ ਹੈ ਉਸ ਤੋਂ ਲੱਗਦਾ ਹੈ ਕਿ ਉਹ ਕੋਈ ਵੱਡੀ ਗੱਡੀ ਹੋ ਸਕਦੀ ਹੈ । 2 ਫਾੜ ਹੋਈ ਗੱਡੀ ਦੀ ਹਾਲਤ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਕੋਈ ਟਰੱਕ ਹੋ ਸਕਦਾ ਹੈ । ਕਿਉਂਕਿ ਕਿਸੇ ਵੱਡੀ ਗੱਡੀ ਨਾਲ ਟੱਕਰ ਤੋਂ ਬਾਅਦ ਹੀ ਕਾਰ ਦੀ ਇਹ ਹਾਲਤ ਹੋਈ ਹੋਵੇਗੀ । ਫਿਲਹਾਲ ਪੁਲਿਸ ਨੇ ਅਣਪਛਾਤੇ ਦੇ ਖਿਲਾਫ਼ ਧਾਰਾ 304 A ਦਾ ਮਾਮਲਾ ਦਰਜ ਕਰ ਲਿਆ ਹੈ ।