ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੇ ਇਨਸਾਫ਼ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਜਲੰਧਰ ਚੋਣਾਂ ‘ਚ ਕਿਸੇ ਪਾਰਟੀ ਦੇ ਹੱਥਾਂ ‘ਚ ਚੋਣ ਪ੍ਰਚਾਰ ਕਰਨ ਨਹੀਂ ਗਿਆ ਸੀ, ਸਗੋਂ ਆਪਣੇ ਬੇਟੇ ਦੇ ਇਨਸਾਫ਼ ਲਈ ਪਹੁੰਚਿਆ ਸੀ ਅਤੇ ਆਪਣੇ ਪੁੱਤਰ ਦੇ ਇਨਸਾਫ਼ ਲਈ ਹਰ ਵਾਰ ਸਰਕਾਰ ਵਿਰੁੱਧ ਇਸੇ ਤਰ੍ਹਾਂ ਦਾ ਮੋਰਚਾ ਖੋਲ੍ਹਦਾ ਰਹਾਂਗਾ।
ਬਲਕੌਰ ਸਿੰਘ ਨੇ ਕਿਹਾ ਹੈ ਕਿ ਲੰਘ ਕੇ ਗਈਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਦਾ ਵਿਰੋਧ ਕਰਨ ਦਾ ਸਭ ਤੋਂ ਵੱਡਾ ਕਾਰਣ ਬੇਇਨਸਾਫੀ ਹੈ। ਸਿੱਧੂ ਦੀ ਮੌਤ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਪੰਜਾਬ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਸਿੱਧੂ ਸਣੇ ਇੱਕ ਹੋਰ ਵਿਅਕਤੀ ਨੂੰ ਜਾਨ ਦਾ ਖ਼ਤਰਾ ਹੈ। ਦਿੱਲੀ ਪੁਲਿਸ ਨੂੰ ਇਹ ਸੂਚਨਾ ਸ਼ਾਹਰੁਖ ਨਾਂ ਦੇ ਵਿਅਕਤੀ ਕੋਲੋਂ ਮਿਲੀ ਸੀ ,ਜਿਸ ਨੂੰ ਸਿੱਧੂ ਨੂੰ ਮਾਰਨ ਦੇ ਲਈ ਭੇਜਿਆ ਗਿਆ ਸੀ ਪਰ ਉਹ ਗ੍ਰਿਫਤਾਰ ਹੋ ਗਿਆ ਸੀ।
ਇਸ ਦੇ ਬਾਵਜੂਦ ਸਰਕਾਰ ਨੇ ਸੁਰੱਖਿਆ ਵਾਪਸ ਲੈ ਲਈ ਤੇ ਉਸ ਦਾ ਪ੍ਰਚਾਰ ਵੀ ਕਰ ਦਿੱਤਾ। ਬਾਪੂ ਬਲਕੌਰ ਸਿੰਘ ਨੇ ਸਰਕਾਰ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦਾ ਸਿੱਧਾ ਨਾਂ ਲੈਂਦੇ ਹੋਏ ਕਿਹਾ ਹੈ ਕਿ ਇਸ ਵਿਅਕਤੀ ਨੇ ਜਾਣਕਾਰੀ ਲੀਕ ਕਰ ਕੇ ਕਾਤਲਾਂ ਨੂੰ ਨਾਲ ਹੀ ਜਾਣਕਾਰੀ ਦੇ ਦਿੱਤੀ ਕਿ ਸਿੱਧੂ ਹੁਣ ਨਿਹੱਥਾ ਹੈ।ਉਸ ਨਾਲ ਕੋਈ ਵੀ ਸੁਰੱਖਿਆ ਨਹੀਂ ਹੈ।
ਸਿੱਧੂ ਦੀ ਮੌਤ ਤੋਂ ਬਾਅਦ ਸਰਕਾਰ ਨੇ ਜੁਡੀਸ਼ੀਅਲ ਕਮਿਸ਼ਨ ਬਿਠਾਉਣ ਦੀ ਗੱਲ ਵੀ ਕੀਤੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।ਉਹਨਾਂ ਇਹ ਵੀ ਮੰਗ ਸਰਕਾਰ ਅੱਗੇ ਰੱਖੀ ਕਿ ਸਿੱਧੂ ਦੇ ਕਾਤਲਾਂ ਬਾਰੇ ਖੁਲਾਸਾ ਕੀਤਾ ਜਾਵੇ ਤੇ ਲੋਕਾਂ ਅੱਗੇ ਉਸ ਦਾ ਨਾਮ ਜ਼ਾਹਿਰ ਕੀਤਾ ਜਾਵੇ,ਉਹ ਚੁੱਪ-ਚਾਪ ਘਰੇ ਬਹਿ ਜਾਣਗੇ।
ਸਰਕਾਰ ਨੇ ਕੇਸ ਨੂੰ ਉਲਝਾ ਇੰਨਾ ਦਿੱਤਾ ਹੈ ਕਿ ਕਿਸੇ ਪਾਸੇ ਤੋਂ ਵੀ ਸ਼ੁਰੂ ਨਹੀਂ ਹੋ ਪਾ ਰਿਹਾ ਹੈ ਤੇ ਨਾਂ ਹੀ ਕੋਈ ਅਦਾਲਤ ਵਿੱਚ ਇਸ ਸੰਬੰਧੀ ਕਾਰਵਾਈ ਹੋਈ ਹੈ।ਉਹਨਾਂ ਸਰਕਾਰ ਤੇ ਕਾਤਲਾਂ ਦੀ ਮਦਦ ਕਰਨ ਦਾ ਵੀ ਇਲਜ਼ਾਮ ਲਾਇਆ ਹੈ। ਲਾਰੈਂਸ ਵੀਡੀਓ ਮਾਮਲਾ ਹਾਲੇ ਤੱਕ ਅਣਸੁਲਝਿਆ ਹੈ।ਉਹਨਾਂ ਨੂੰ ਹਾਈ ਕੋਰਟ ਵਿੱਚੋਂ ਵੀ ਨਿਰਾਸ਼ਾ ਮਿਲੀ ਹੈ।
ਜਲੰਧਰ ਵਿੱਚ ਆਪਣੇ ਵੱਲੋਂ ਕੀਤੀ ਬੇਨਤੀ ਬਾਰੇ ਵੀ ਉਹਨਾਂ ਕਿਹਾ ਹੈ ਕਿ ਆਪਣੇ ਸੰਬੋਧਨ ਦੋ ਦੌਰਾਨ ਉਹਨਾਂ ਇੱਕ ਵਾਰ ਵੀ ਸੁਸ਼ੀਲ ਰਿੰਕੂ ਦਾ ਨਾਂ ਨਹੀਂ ਲਿਆ ਹੈ ਪਰ ਕਈ ਜਾਣੇ ਉਹਨਾਂ ਨੂੰ ਇਸ ਤਰਾਂ ਨਿਸ਼ਾਨੇ ‘ਤੇ ਲੈ ਰਹੇ ਹਨ,ਜਿਵੇਂ ਉਹ ਖੁੱਦ ਚੋਣ ਹਾਰ ਗਏ ਹੋਣ।ਚੋਣ ਤਾਂ ਬਹੁਤ ਛੋਟੀ ਗੱਲ ਹੈ,ਉਹ ਤਾਂ ਜਿੰਦਗੀ ‘ਚ ਸਭ ਕੁਝ ਹਾਰੀ ਬੈਠੇ ਹਨ।
ਉਹਨਾਂ ਮੁੱਖ ਮੰਤਰੀ ਮਾਨ ਨੂੰ ਵੀ ਸਿੱਧਾ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਮੇਰੇ ਪੁੱਤ ਨੂੰ ਸੁਰੱਖਿਆ ਦਿੱਤੀ ਨਹੀਂ ਪਰ ਮੈਨੂੰ ਇੰਨੀ ਸੁਰੱਖਿਆ ਦਿੱਤੀ ਹੋਈ ਹੈ ਪਰ ਮੈਂ ਤੇਰੇ ਤੋਂ ਮੰਗਦਾ ਨਹੀਂ ਹਾਂ ਸੁਰੱਖਿਆ,ਬੇਸ਼ਕ ਅੱਜ ਵਾਪਸ ਲੈ ਲਈ ਜਾਵੇ।
ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦੀ ਗੱਲ ਕਰਦਿਆਂ ਬਾਪੂ ਬਲਕੌਰ ਸਿੰਘ ਨੇ ਬਠਿੰਡੇ ਦੇ ਇੱਕ ਪਰਿਵਾਰ ਦੀ ਉਦਾਹਰਣ ਵੀ ਦਿੱਤੀ,ਜਿਹਨਾਂ ਨੂੰ ਗੈਂਗਸਟਰ ਧਮਕੀਆਂ ਦੇ ਰਹੇ ਹਨ ਕਿ ਉਹਨਾਂ ਦੇ ਨਿੱਕੇ ਬੱਚੇ ਨੂੰ ਮਾਰ ਦਿੱਤਾ ਜਾਵੇਗਾ।ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਹਾਲਾਤ ਉਸੇ ਤਰਾਂ ਹੀ ਹਨ।
ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਨਾ ਕਰਨ ‘ਤੇ ਵੀ ਉਹਨਾਂ ਸਵਾਲ ਕੀਤਾ ਹੈ ਤੇ ਇਲਜ਼ਾਮ ਲਗਾਇਆ ਹੈ ਕਿ ਸਰਕਾਰੀ ਆਈ ਟੀ ਸੈਲ ਉਹਨਾਂ ਦੀਆਂ ਫੋਟੋਆਂ ਮੰਡ ਵਰਗਿਆਂ ਨਾਲ ਜੋੜ ਕੇ ਸਿੱਖ ਵਿਰੋਧੀ ਕਰਾਰ ਦੇ ਕੇ ਬਦਨਾਮ ਕਰਨ ਲਗਾ ਹੋਇਆ ਹੈ।ਉਹਨਾਂ ਸਾਫ਼ ਕੀਤਾ ਹੈ ਕਿ ਉਹ ਮੰਡ ਕੋਲ ਨਹੀਂ ਸੀ ਗਏ,ਸਗੋਂ ਮੰਡ ਉਹਨਾਂ ਕੋਲ ਅਫ਼ਸੋਸ ਕਰਨ ਆਇਆ ਸੀ,ਉਹੀ ਫੋਟੋਆਂ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਬੋਲ ਰਹੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਬੇਟਾ ਮਰਦਾ ਹੈ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਬੇਟੇ ਦਾ ਦਰਦ ਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਜੋ ਵੀ ਕਮਾਈ ਕੀਤੀ ਹੈ, ਉਹ ਇਕ ਨੰਬਰ ਵਿਚ ਕੀਤੀ ਹੈ ਅਤੇ ਸਭ ਕੁਝ ਇਕ ਖਾਤੇ ਵਿਚ ਹੈ, ਚਾਹੇ ਈ.ਡੀ. ਜਾਂ ਕਿਸੇ ਕੋਲੋਂ ਜਾਂਚ ਕਰਵਾ ਲਓ, ਸਾਨੂੰ ਕੋਈ ਡਰ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦੀ ਮੌਤ ਦੀ ਸਾਜ਼ਿਸ਼ ਰਚਣ ਵਾਲੇ ਅਜੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਇਨਸਾਫ਼ ਦੇਣ ਦੀ ਬਜਾਏ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਜਿੱਤ-ਹਾਰ ਲਈ ਨਹੀਂ ਗਿਆ ਕਿਉਂਕਿ ਅਸੀਂ ਪਹਿਲਾਂ ਹੀ ਜ਼ਿੰਦਗੀ ਦੀ ਲੜਾਈ ਹਾਰ ਚੁੱਕੇ ਹਾਂ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਆਪਣੇ ਪੁੱਤਰ ਦੇ ਇਨਸਾਫ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਬੇਟੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਮਦਰਜ਼ ਡੇ ਹੈ ਅਤੇ ਤੁਸੀਂ ਸਾਡੇ ਕੋਲ ਆਏ ਹੋ ਅਤੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਇਹ ਸਭ ਕੁਝ ਕਰ ਰਹੇ ਹੋ ਪਰ ਕੁਝ ਲੋਕ ਸੋਸ਼ਲ ਮੀਡੀਆ ‘ਤੇ ਬੇਤੁਕੇ ਬਿਆਨ ਦੇ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਅਸੀਂ ਠੋਕਰ ਖਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਮਿਲਿਆ ਹੁੰਦਾ ਤਾਂ ਅਸੀਂ ਸੜਕਾਂ ‘ਤੇ ਉਤਰਨ ਲਈ ਕਿਉਂ ਮਜਬੂਰ ਹੁੰਦੇ। ਉਨ੍ਹਾਂ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ ‘ਤੇ ਇਹ ਕਹਿ ਰਹੇ ਹਨ ਕਿ ਪਰਿਵਾਰ ਗੁਰਸਿਮਰਨ ਸਿੰਘ ਮੰਡ ਦੇ ਘਰ ਪਹੁੰਚ ਗਿਆ ਹੈ, ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਡੇ ਘਰ ਪਹੁੰਚੇ ਸਨ ਜਿਵੇਂ ਹੋਰ ਵਿਅਕਤੀ ਸਾਡੇ ਤੱਕ ਦੁੱਖ ਸਾਂਝਾ ਕਰਨ ਲਈ ਪਹੁੰਚਦਾ ਹੈ।ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਪਿਛਲੇ ਦਿਨੀਂ ਫੇਸਬੁੱਕ ‘ਤੇ ਬੋਲ ਰਿਹਾ ਸੀ, ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਬੇਟੇ ਨੇ ਮਿਹਨਤ ਕਰਕੇ ਸਾਡੇ ਲਈ ਬਹੁਤ ਕੁਝ ਬਣਾਇਆ ਹੈ।ਸਾਨੂੰ ਕਿਸੇ ਹੋਰ ਪਾਸੇ ਤੋਂ ਝਾਕ ਰੱਖਣ ਦੀ ਲੋੜ ਨਹੀਂ ਹੈ।