Punjab

ਗੁਰਦੁਆਰਾ ਦੂਖ ਨਿਵਾਰਨ ਸਾਹਿਬ ‘ਚ ਵਾਪਰਿਆ ਮਾਮਲਾ, ਔਰਤ ਨੂੰ ਧੋਣੇ ਪਏ ਆਪਣੀ ਜਾਨ ਤੋਂ ਹੱਥ

ਪਟਿਆਲਾ ( Patiala ) ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ( Gurdwara Dukh Niwaran Sahib ) ਦੇ ਅੰਦਰ ਐਤਵਾਰ ਰਾਤ ਨੂੰ ਇੱਕ ਸ਼ਰਧਾਲੂ ਨੇ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ‘ਚ ਇਕ ਸੇਵਾਦਾਰ ਵੀ ਜ਼ਖਮੀ ਹੋਇਆ ਹੈ। ਮੁਲਜ਼ਮ ਸ਼ਰਧਾਲੂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਿਸ ਦੀ ਪਛਾਣ ਨਿਰਮਲਜੀਤ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਵਜੋਂ ਹੋਈ ਹੈ।

ਮ੍ਰਿਤਕ ਔਰਤ ਦੀ ਪਛਾਣ ਪਰਵਿੰਦਰ ਕੌਰ (32) ਵਾਸੀ ਪਟਿਆਲਾ ਵਜੋਂ ਹੋਈ ਹੈ। ਘਟਨਾ ਰਾਤ ਕਰੀਬ 10 ਵਜੇ ਵਾਪਰੀ। ਇਲਜ਼ਾਮ ਹੈ ਕਿ ਉਕਤ ਔਰਤ ਸਰੋਵਰ ਕੰਢੇ ਬੈਠ ਕੇ ਸ਼ਰਾਬ ਪੀ ਰਹੀ ਸੀ। ਗੁਰਦੁਆਰਾ ਸਟਾਫ਼ ਨੇ ਉਸ ਨੂੰ ਰੋਕਿਆ ਅਤੇ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਰ ਔਰਤ ਨੇ ਸੇਵਾਦਾਰਾਂ ‘ਤੇ ਸ਼ਰਾਬ ਦੀ ਬੋਤਲ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ

ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਪੁੱਛ-ਪੜਤਾਲ ਦੌਰਾਨ ਇੱਕ ਸ਼ਰਧਾਲੂ ਨਿਰਮਲਜੀਤ ਉਥੇ ਆ ਗਿਆ ਅਤੇ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ 5 ਗੋਲੀਆਂ ਚਲਾਈਆਂ। ਜਿਸ ਵਿੱਚੋਂ ਔਰਤ ਨੂੰ ਤਿੰਨ ਗੋਲੀਆਂ ਲੱਗੀਆਂ। ਜਦਕਿ ਇੱਕ ਸੇਵਾਦਾਰ ਨੂੰ ਵੀ ਗੋਲੀ ਲੱਗੀ ਹੈ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਸੇਵਾਦਾਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਹੈ।

ਕਤਲ ਤੋਂ ਬਾਅਦ ਆਤਮ ਸਮਰਪਣ

ਅਨਾਜ ਮੰਡੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ ਨਾਲ ਉਸ ਨੇ ਔਰਤ ਨੂੰ ਗੋਲੀ ਮਾਰੀ ਸੀ।

ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਹੈ। ਪਰ ਮੀਡੀਆ ਰਿਪੋਰਟ ਮੁਤਾਬਕ ਕਤਲ ਤੋਂ ਮੁਲਜ਼ਮ ਬਾਅਦ ਖੁਦ ਹੀ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ ਹੈ। ਪੁਲਿਸ ਤੱਥਾਂ ਦੀ ਪੁਸ਼ਟੀ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਕੁਝ ਸਮਾਂ ਪਹਿਲਾਂ ਪਤਨੀ ਤੋਂ ਤਲਾਕ ਹੋ ਗਿਆ

ਮੁਲਜ਼ਮ ਦੇ ਕਰੀਬੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਿਰਮਲਜੀਤ ਸਿੰਘ ਸੈਣੀ ਦਾ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਹ ਤਣਾਅ ਵਿਚ ਸੀ ਅਤੇ ਨਿਯਮਿਤ ਤੌਰ ‘ਤੇ ਗੁਰਦੁਆਰੇ ਮੱਥਾ ਟੇਕਣ ਲਈ ਆ ਰਿਹਾ ਸੀ।