Punjab

ਦਾਦੂਵਾਲ ਨੇ ਕੀਤੀ ਆਹ ਅਪੀਲ,ਕਿਹਾ ਜਾਬਤੇ ‘ਚ ਰਹਿ ਕੇ ਕਰੋ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੌਜੂਦਾ ਹਾਲਾਤਾਂ ਕਾਰਨ ਦੇਸ਼-ਵਿਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਤਿਰੰਗੇ ਝੰਡੇ ਦਾ ਅਪਮਾਨ ਨਾ ਕਰਨ ਦੀ ਬੇਨਤੀ ਕੀਤੀ ਹੈ। ਦਾਦੂਵਾਲ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇੰਗਲੈਂਡੇ ਵਿੱਚ ਭਾਰਤੀ ਅੰਬੈਂਸੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਦੇ ਦੌਰਾਨ ਕਥਿਤ ਤੌਰ ‘ਤੇ ਤਿਰੰਗਾ ਲਾਹੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ।

ਦਾਦੂਵਾਲ ਨੇ ਕਿਹਾ ਹੈ ਆਮ ਤੌਰ ਤੇ ਵਿਦੇਸ਼ੀ ਧਰਤੀ ਤੇ ਸਿੱਖ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਤੇ ਬੜੇ ਜ਼ਾਬਤੇ ਵਿੱਚ ਰਹਿੰਦੇ ਹਨ ਪਰ ਇੰਗਲੈਂਡ ਵਿੱਚ ਵਾਪਰੀ ਇਹ ਘਟਨਾ ਮੰਦਭਾਗੀ ਹੈ। ਇਸ ਤਿਰੰਗੇ ਵਿੱਚ ਕੇਸਰੀ ਰੰਗ ਵੀ ਹੈ ਜਿਸ ਦਾ ਸੰਬੰਧ ਸਿੱਖ ਧਰਮ ਨਾਲ ਜੁੜਦਾ ਹੈ।ਸੋ ਇਸ ਦਾ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ। ਵੱਡੇ ਬਜੁਰਗਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਜ਼ਾਦੀ ਦਾ ਮੁੱਲ ਤਾਰਿਆ ਹੈ। ਹੁਣ ਵੀ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨ ਵਾਲੇ ਫੌਜੀ ਵੀਰ ਸ਼ਹਾਦਤ ਤੋਂ ਬਾਅਦ ਇਸ ਤਿਰੰਗੇ ਵਿੱਚ ਲਿਪਟ ਕੇ ਆਉਂਦੇ ਹਨ। ਸੋ ਇਸ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ।

ਉਹਨਾਂ ਕਿਹਾ ਹੈ ਕਿ ਰੋਸ ਜ਼ਾਹਿਰ ਕਰਨਾ ਚਾਹੀਦਾ ਹੈ ਪਰ ਇਸ ਲਈ ਜ਼ਾਬਤੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਕੌਮਾਂਤਰੀ ਪੱਧਰ ਤੇ ਸਿੱਖ ਧਰਮ ਦਾ ਅਕਸ ਖਰਾਬ ਨਾ ਹੋਵੇ।

ਦਾਦੂਵਾਲ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਬੇਕਸੂਰ ਨੌਜਵਾਨਾਂ ਨੂੰ ਫੜਨਾ ਬੰਦ ਕਰੇ ਤੇ ਪੰਜਾਬ ਵਿੱਚ ਅਮਨ-ਸ਼ਾਤੀ ਬਣਾਈ ਰਖੀ ਜਾਵੇ।