Punjab

ਹਾਈਕੋਰਟ ਦੀ ਸਰਕਾਰ ਨੂੰ ਝਾੜ, ਪੁੱਛੇ 4 ਗੰਭੀਰ ਵੱਡੇ ਸਵਾਲ ? ਇਸ ਵਜ੍ਹਾ ਨਾਲ ਜੱਜ ਨੇ ਪਿਤਾ ਨੂੰ ਸੁਣਨ ਤੋਂ ਕੀਤਾ ਇਨਕਾਰ

ਬਿਊਰੋ ਰਿਪੋਰਟ :  ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਐਤਵਾਰ ਨੂੰ ਪਾਈ ਗਈ HABEAS CORPUS ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ, ਜਿਸ ‘ਤੇ ਅਦਾਲਤ ਵਿੱਚ ਜੱਜ ਨੇ ਵੱਡੀਆਂ ਟਿੱਪਣੀਆਂ ਕੀਤੀਆਂ ਹਨ । ਇਸ ਦੌਰਾਨ ਅਦਾਲਤ ਵਿੱਚ ਏਜੀ ਵਿਨੋਦ ਘਈ ਨੇ ਦੱਸਿਆ ਹੈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ NSA ਲੱਗਾ ਦਿੱਤਾ ਗਿਆ ਹੈ,ਜਦਕਿ ਇਸ ਤੋਂ ਪਹਿਲਾਂ ਬੀਤੇ ਦਿਨੀ ਆਈਜੀ ਸੁੱਖਚੈਨ ਸਿੰਘ ਗਿੱਲ ਤੋਂ ਜਦੋਂ ਅੰਮ੍ਰਿਤਾਪਲ ਸਿੰਘ ‘ਤੇ NSA ਦੇ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਗ੍ਰਿਫਤਾਰੀ ਹੋਵੇਗੀ ਤਾਂ ਹੀ NSA ਬਾਰੇ ਵਿਚਾਰ ਕੀਤਾ ਜਾਵੇਗਾ । IG ਅਤੇ ਹਾਈਕੋਰਟ ਵਿੱਚ ਸਰਕਾਰ ਅਤੇ ਪੁਲਿਸ ਦੇ ਜਵਾਬ ਵੱਖਰੇ -ਵੱਖਰੇ ਸਨ । ਪਰ ਹੁਣ ਸਰਕਾਰ ਨੇ ਅਦਾਲਤ ਵਿੱਚ ਲਿਖਤ ਵਿੱਚ ਸਾਫ ਕੀਤਾ ਹੈ ਕਿ 18 ਮਾਰਚ ਨੂੰ ਹੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 5 ਸਾਥੀਆਂ ਦੇ ਖਿਲਾਫ NSA ਲੱਗਾ ਦਿੱਤੀ ਗਿਆ ਸੀ । ਇਸ ਦੇ ਨਾਲ ਸਰਕਾਰ ਨੇ ਅਦਾਲਤ ਵਿੱਚ ਇਹ ਵੀ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਹਨ। ਉਧਰ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਪੰਜਾਬ ਸਰਕਾਰ ਕੋਲੋ ਸਖਤ ਸਵਾਲ ਪੁੱਛੇ ਝਾੜ ਵੀ ਲਗਾਈ ਹੈ ।

 

ਹਾਈਕੋਰਟ ਦੀ ਸਰਕਾਰ ਨੂੰ ਝਾੜ ‘ਤੇ ਸਵਾਲ

ਅਦਾਲਤ ਵਿੱਚ ਸਰਕਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਹੁਣ ਤੱਕ ਨਹੀਂ ਫੜਿਆ ਗਿਆ ਹੈ ਤਾਂ ਹਾਈਕੋਰਟ ਨੇ ਪੁੱਛਿਆ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇਸ਼ ਲਈ ਖਤਰਾ ਹੈ ਤਾਂ ਉਹ ਗ੍ਰਿਫਤ ਤੋਂ ਬਾਹਰ ਕਿਉਂ ਹੈ ? ਪੁਲਿਸ ਦੇ 80 ਹਜ਼ਾਰ ਮੁਲਾਜ਼ਮ ਕੀ ਕਰ ਰਹੇ ਹਨ ? ਹਾਈਕੋਰਟ ਨੇ ਕਿਹਾ ਕਿ ਪੂਰਾ ਮਾਮਲਾ ਇੰਟੈਲੀਜੈਂਸ ਫੇਲੀਅਰ ਦਾ ਹੈ । ਅਦਾਲਤ ਨੇ ਪੁੱਛਿਆ ਕਿ ਜਦੋਂ ਸਾਥੀ ਫੜੇ ਗਏ ਤਾਂ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਫੜਿਆ ਗਿਆ । ਜੱਜ ਨੇ ਕਿਹਾ ਜਦੋਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ FIR ਦਰਜ ਸਨ ਤਾਂ ਅੰਜਨਾਲ ਹਿੰਸਾ ਤੋਂ ਬਾਅਦ ਕਿਉਂ ਨਹੀਂ ਫੜਿਆ ਗਿਆ ।

ਅਦਾਲਤ ਦੇ ਸਵਾਲਾਂ ਦਾ ਸਰਕਾਰ ਵੱਲੋਂ ਜਵਾਬ

ਅਦਾਲਤ ਵੱਲੋਂ ਚੁੱਕੇ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਵੱਲੋਂ ਪੇਸ਼ ਹੋਏ ਏਜੀ ਨੇ ਕਿਹਾ ਸੁਰੱਖਿਆ ਦਾ ਮਸਲਾ ਹੈ ਕੁਝ ਅਜਿਹੇ ਸਵਾਲ ਹਨ ਜਿੰਨਾਂ ਦਾ ਜਵਾਬ ਅਦਾਲਤ ਵਿੱਚ ਨਹੀ ਦਿੱਤਾ ਜਾ ਸਕਦਾ ਹੈ । ਏਜੀ ਨੇ ਕਿਹਾ G20 ਸੰਮਿਟ ਚੱਲ ਰਿਹਾ ਸੀ ਪੂਰੀ ਸੁਰੱਖਿਆ ਫੋਰਸ ਬੁਲਾ ਕੇ ਕਦਮ ਚੁੱਕਿਆ ਗਿਆ ਹੈ । ਸਰਕਾਰ ਨੂੰ ਸੂਬੇ ਵਿੱਚ ਸ਼ਾਂਤੀ ਬਣਾਉਣ ਦੇ ਲਈ ਕੁਝ ਕਦਮ ਚੁੱਕਣੇ ਪੈਂਦੇ ਹਨ ਜਿਸ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਹੈ ।

ਅਦਾਲਤ ਦਾ ਅੰਮ੍ਰਿਤਪਾਲ ਦੇ ਪਿਤਾ ਨੂੰ ਸੁਣ ਤੋਂ ਇਨਕਾਰ

ਇਸ ਦੌਰਾਨ ਅੰਮ੍ਰਿਤਪਾਲ ਸਿੰਘ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਅਦਾਲਤ ਵਿੱਚ ਮੌਜੂਦ ਹਨ ਤਾਂ ਉਨ੍ਹਾਂ ਨੂੰ ਸੁਣ ਲਿਆ ਜਾਵੇ ਤਾਂ ਜੱਜ ਨੇ ਕਿਹਾ ਅਸੀਂ ਉਨ੍ਹਾਂ ਨੂੰ ਨਹੀਂ ਸੁਣਨਾ ਹੈ ਕਿਉਂਕਿ ਉਹ ਪਟੀਸ਼ਨਕਰਤਾ ਨਹੀਂ ਹਨ । ਜੱਜ ਨੇ ਕਿਹਾ ਤੁਸੀਂ ਪਿੱਛੇ ਜਾਕੇ ਬੈਠ ਜਾਉ। ਅਦਾਲਤ ਨੇ HABEAS CORPUS ‘ਤੇ ਵਾਰੰਟ ਅਫਸਰ ਨਿਯੁਕਤ ਨਹੀਂ ਕੀਤਾ ਹੈ ਕਿਉਂਕਿ ਸਰਕਾਰ ਨੇ ਕਿਹਾ ਹੈ ਕਿ ਅਸੀਂ NSA ਲੱਗਾ ਦਿੱਤਾ ਹੈ । ਹੁਣ 4 ਦਿਨ ਬਾਅਦ ਮੁੜ ਤੋਂ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ । ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ 5 ਸਾਥੀਆਂ ਖਿਲਾਫ਼ NSA ਲਗਾਇਆ ਗਿਆ ਸੀ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ,ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬੀਜੇਕੇ,ਖਜਾਨਚੀ ਬਸੰਤ ਸਿੰਘ,ਗੁਰਮੀਤ ਸਿੰਘ,ਦਲਜੀਤ ਸਿੰਘ ਕਲਸੀ ਦਾ ਨਾਂ ਸ਼ਾਮਲ ਹੈ ।