Punjab

CM ਮਾਨ ਨੇ ਜਿਸ ਨਵੇਂ ਮੰਤਰੀ ਬਲਬੀਰ ਸਿੰਘ ਨੂੰ ਕੈਬਨਿਟ ‘ਚ ਕੀਤਾ ਸ਼ਾਮਲ, ਉਸ ਨੂੰ ਪਰਿਵਾਰ ਸਮੇਤ ਮਿਲੀ ਸੀ 3 ਸਾਲ ਦੀ ਸਜ਼ਾ! ਇਹ ਸਨ ਗੰਭੀਰ ਦੋਸ਼

DOCTOR BALBIR SINGH TAKE CABINET MINISTER OATH

ਬਿਊਰੋ ਰਿਪੋਰਟ : ਫੌਜਾ ਸਿੰਘ ਸਰਾਰੀ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ ਮਾਨ ਕੈਬਨਿਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ । ਰਾਜਭਵਨ ਵਿੱਚ ਪੰਜਾਬ ਦੇ ਗਵਰਨਰ ਵੱਲੋ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ। ਡਾਕਟਰ ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਵਿਭਾਗ ਵੀ ਦੇ ਦਿੱਤਾ ਗਿਆ ਹੈ । ਚੇਤਨ ਸਿੰਘ ਜੋੜਾਮਾਜਰਾ ਤੋਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਵਾਪਸ ਲੈਕੇ ਡਾਕਟਰ ਬਲਬੀਰ ਸਿੰਘ ਨੂੰ ਨਵਾਂ ਸਿਹਤ ਮੰਤਰੀ ਬਣਾਇਆ ਗਿਆ ਹੈ । ਪਰ ਡਾਕਟਰ ਬਲਬੀਰ ਸਿੰਘ ਦੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਇੱਕ ਪੁਰਾਣਾ ਵਿਵਾਦ ਵੀ ਚਰਚਾ ਵਿੱਚ ਆ ਗਿਆ ਹੈ ਜਿਸ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਪਤਨੀ ਅਤੇ ਪੁੱਤਰ ਸਮੇਤ 3 ਸਾਲ ਦੀ ਸਜ਼ਾ ਸੁਣਾਈ ਸੀ ।

ਇਸ ਮਾਮਲੇ ਵਿੱਚ ਡਾਕਟਰ ਬਲਬੀਰ ਸਿੰਘ ਨੂੰ ਸਜ਼ਾ ਮਿਲੀ ਸੀ

ਮਈ 2022 ਵਿੱਚ ਡਾਕਟਰ ਬਲਬੀਰ ਸਿੰਘ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੂੰ ਰੋਪੜ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਬਾਅਦ ਵਿੱਚ ਡਾਕਟਰ ਬਲਬੀਰ ਸਿੰਘ ਨੂੰ ਜ਼ਮਾਨਤ ਮਿਲ ਗਈ ਸੀ । ਡਾਕਟਰ ਬਲਬੀਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਦੀ ਭੈਣ ਪਰਮਜੀਤ ਕੌਰ ਨੇ ਬਲਬੀਰ ਸਿੰਘ ‘ਤੇ ਆਪਣੇ ਅਤੇ ਪਤੀ ਮੇਵਾ ਸਿੰਘ ਨਾਲ ਕੁੱਟਮਾਰ ਦਾ ਇਲਜ਼ਾਮ ਲਗਾਇਆ ਸੀ । ਦਰਾਅਸਲ ਪੀੜਤ ਪਰਮਜੀਤ ਕੌਰ ਦਾ ਇਲਜ਼ਾਮ ਸੀ ਕਿ ਉਸ ਦੇ ਪਿਤਾ ਅਨੂਪ ਸਿੰਘ 109 ਬੀਗਾ ਜ਼ਮੀਨ 1984 ਵਿੱਚ ਤਿੰਨ ਧੀਆਂ ਨੂੰ ਵੰਡ ਕੇ ਗਏ ਸਨ । ਉਸ ਦੇ ਹਿੱਸੇ ਵਿੱਚ 22 ਬੀਗਾ ਜ਼ਮੀਨ ਸੀ ਜਿਸ ‘ਤੇ ਡਾਕਟਰ ਬਲਬੀਰ ਸਿੰਘ ਨੇ ਕਬਜ਼ਾ ਕਰ ਲਿਆ ਸੀ । ਪਰ ਪਰਮਜੀਤ ਕੌਰ ਮੁਤਾਬਿਕ ਪੰਜਾਬ ਹਰਿਆਣਾ ਹਾਈਕੋਰਟ ਨੇ 13 ਜੂਨ 2011 ਨੂੰ ਉਸ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਜ਼ਮੀਨ ਵਾਪਸ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਉਸ ਮੁਤਾਬਿਕ ਜਦੋਂ ਉਹ ਆਪਣੇ ਪਤੀ ਰਿਟਾਇਡ ਵਿੰਗ ਕਮਾਂਡਰ ਮੇਵਾ ਸਿੰਘ ਦੇ ਨਾਲ ਖੇਤ ਵਿੱਚ ਸੀ ਤਾਂ ਡਾਕਟਰ ਬਲਬੀਰ ਸਿੰਘ ਨੇ ਆਪਣੇ ਪੁੱਤਰ ਰਾਹੁਲ ਅਤੇ ਪਤਨੀ ਰੁਪਿੰਦਰ ਕੌਰ ਅਤੇ ਇੱਕ ਹੋਰ ਸਖਸ ਪਰਮਿੰਦਰ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ । ਜਿਸ ਤੋਂ ਬਾਅਦ ਬਲਬੀਰ ਸਿੰਘ ਅਤੇ ਉਨ੍ਹਾਂ ਪਤਨੀ ਅਤੇ ਪੁੱਤਰ ਦੇ ਖਿਲਾਫ਼ IPC ਦੀ ਧਾਰਾ 323, 324, 325, 506, 148 149 ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਸੀ । ਪਰਮਜੀਤ ਕੌਰ ਮੁਤਾਬਿਕ ਇਸ ਤੋਂ ਅਗਲੇ ਦਿਨ ਹੀ ਡਾਕਟਰ ਬਲਬੀਰ ਸਿੰਘ ਨੇ ਉਨ੍ਹਾਂ ਦੇ ਪਤੀ ਤੇ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਵਾਇਆ ।

ਪਰਮਜੀਤ ਦੇ ਵਕੀਲ ਨੇ ਦੱਸਿਆ ਕਿ ਡਾਕਟਰ ਬਲਬੀਰ ਸਿੰਘ ਨੇ ਪਰਮਜੀਤ ਕੌਰ ਅਤੇ ਉਨ੍ਹਾ ਦੇ ਪਤੀ ਮੇਵਾ ਸਿੰਘ ਖਿਲਾਫ ਜਿਹੜਾ ਝੂਠਾ ਕੇਸ ਦਰਜ ਕਰਵਾਇਆ ਸੀ ਉਸ ਵਿੱਚ ਅਦਾਲਤ ਨੇ ਦੋਵਾਂ ਨੂੰ ਬਰੀ ਕਰ ਦਿੱਤਾ ਸੀ ਪਰ ਡਾਕਟਰ ਬਲਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੂੰ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ । ਸਜ਼ਾ ਘੱਟ ਹੋਣ ਦੀ ਵਜ੍ਹਾ ਕਰਕੇ ਤਿੰਨਾਂ ਨੂੰ ਅਦਾਲਤ ਨੇ ਮੌਕੇ ‘ਤੇ ਹੀ ਜ਼ਮਾਨਤ ਦੇ ਦਿੱਤੀ ਸੀ ।