Punjab

‘ਭਗਵੰਤ ਮਾਨ ਹਨ ਅਧਿਆਪਕ ਦਿਵਸ ਸਮਾਗਮਾਂ ‘ਤੇ ਪਹੁੰਚਣ ਵਾਲੇ ਪਹਿਲੇ ਮੁੱਖ ਮੰਤਰੀ’, ਬੈਂਸ ਨੇ ਗਾਏ CM ਮਾਨ ਦੇ ਸੋਹਲੇ

‘ਦ ਖ਼ਾਲਸ ਬਿਊਰੋ (ਗੁਰਪ੍ਰੀਤ ਸਿੰਘ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Bains) ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੁੱਖ ਮੰਤਰੀ (CM Bhagwant Mann) ਨੇ ਅੱਜ ਆਪਣਾ ਵਾਅਦਾ ਸਿਰੇ ਚਾੜ੍ਹ ਦਿੱਤਾ ਹੈ। ਮਾਨ ਸਰਕਾਰ ਨੇ ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ (Teachers) ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਬੈਂਸ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਹੈ।

ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਸੱਤਾ ਸੰਭਾਲਦਿਆਂ ਲੋਕ ਹਿੱਤ ਲਈ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਤੇ ਕਈ ਲੋਕ ਪੱਖੀ ਐਲਾਨ ਵੀ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਇਤਿਹਾਸਕ ਫੈਸਲਾ ਅੱਜ ਮਾਨ ਸਰਕਾਰ ਵੱਲੋਂ ਲਿਆ ਗਿਆ ਹੈ। ਮੁੱਖ ਮੰਤਰੀ ਮਾਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਅਧਿਆਪਕ ਦਿਵਸ ਮੌਕੇ ‘ਤੇ ਸਮਾਗਮ ਵਿੱਚ ਨਹੀਂ ਪਹੁੰਚੇ ਪਰ ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ ਸਮਾਗਮ ਵਿੱਚ ਪਹੁੰਚੇ ਸਗੋਂ ਉਨ੍ਹਾਂ ਨੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਵੀ ਕੀਤਾ ਸੀ ਜਿਸ ਨੂੰ ਮੁੱਖ ਮੰਤਰੀ ਵੱਲੋਂ ਅੱਜ ਅਮਲੀ ਰੂਪ ਦੇ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਅਧਿਆਪਕ ਲਗਾਤਾਰ ਦਸ ਸਾਲ ਤੋਂ ਆਪਣੀ ਡਿਊਟੀ ਨਿਭਾ ਰਹੇ ਹਨ, ਬਿਨਾਂ ਕਿਸੇ ਕੈਟਾਗਿਰੀ ਤੋਂ ਵਿਭਾਗ ਵਿੱਚ ਇੱਕ ਫਾਰਮ ਭਰਨ ਤੋਂ ਬਾਅਦ ਉਹ ਪੱਕੇ ਮੰਨੇ ਜਾਣਗੇ। ਬੈਂਸ ਨੇ ਕਿਹਾ ਕਿ ਜਿੱਥੇ ਅੱਜ ਦੇਸ਼ ਦੇ ਬਾਕੀ ਸੂਬਿਆਂ ਵਿੱਚ ਅਧਿਆਪਕਾਂ ਲਈ ਆਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 9000 ਅਧਿਆਪਕਾਂ ਨੂੰ ਪੱਕਾ ਕੀਤਾ ਅਤੇ ਨਾਲ ਹੀ ਤਕਰੀਬਨ 16 ਹਜ਼ਾਰ ਹੋਰ ਅਧਿਆਪਕ ਨਵੇਂ ਆ ਰਹੇ ਹਨ ਜਿਨਾਂ ਵਿੱਚੋਂ 6000 ਪੰਜਾਬ ਦੇ ਸਕੂਲਾਂ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਅਤੇ 10 ਹਜ਼ਾਰ ਦੀ ਭਰਤੀ ਚੱਲ ਰਹੀ ਹੈ।