Punjab

‘ਪੰਜਾਬ ਵਿੱਚ ਜੰਮੇ ਨਵੇਂ ਬਦਮਾਸ਼’, ਖਹਿਰਾ ਨੇ ਲਾਈ ਮਾਨ ਸਰਕਾਰ ਦੀ ਕਲਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ PPSC ਵੱਲੋਂ ਲਏ ਗਏ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਵਿੱਚ ਵੱਡਾ ਘਪਲਾ ਹੋਣ ਦਾ ਦਾਅਵਾ ਕੀਤਾ ਹੈ। ਖਹਿਰਾ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ 5 ਵਿਦਿਆਰਥੀਆਂ ਨੇ ਇਮਤਿਹਾਨ ਵਿੱਚੋਂ ਟਾਪ ਕੀਤਾ ਹੈ, ਉਹ ਇਸ ਤੋਂ ਪਹਿਲਾਂ ਪਟਵਾਰੀ, ਕਲਰਕ, ਐਕਸਾਈਜ਼ ਇੰਸਪੈਕਟਰ ਆਦਿ ਦੇ ਇਮਤਿਹਾਨਾਂ ਵਿੱਚ ਬੁਰੀ ਤਰਾਂ ਫੇਲ੍ਹ ਹੋਏ ਹਨ ਅਤੇ ਹੁਣ ਟਾਪ ਕਰ ਰਹੇ ਹਨ। ਇਹ ਕਿਵੇਂ ਹੋ ਸਕਦਾ ਹੈ? ਇਸ ਤੋਂ ਇਲਾਵਾ ਇਹ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਆ ਗਿਆ ਜਦਕਿ ਭਗਵੰਤ ਮਾਨ ਰੋਜ਼ ਪੰਜਾਬੀ ਦਾ ਰੌਲਾ ਪਾਉਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਨੌਕਰੀਆਂ ਮਿਲਣ ਜਾ ਰਹੀਆਂ ਹਨ। ਖਹਿਰਾ ਨੇ ਇਸ ਸਭ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਇਬ ਤਹਿਸੀਲਦਾਰ ਦਾ ਪੇਪਰ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ।

ਖਹਿਰਾ ਨੇ ਹੋਰ ਮੁੱਦਿਆਂ ਉੱਤੇ ਵੀ ਸਰਕਾਰ ਨੂੰ ਘੇਰਿਆ। ਖਹਿਰਾ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬਰਖਾਸਤਗੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੰਗਲਾ ਨੂੰ ਤਾਂ ਇੱਕ ਆਡੀਓ ਸੁਣ ਕੇ ਵਜ਼ਾਰਤ ਵਿੱਚੋਂ ਕੱਢ ਦਿੱਤਾ ਸੀ ਪਰ ਫੌਜਾ ਸਿੰਘ ਸਰਾਰੀ ਦੀ ਸਾਰਿਆਂ ਨੇ ਆਡੀਓ ਸੁਣ ਲਈ ਹੈ, ਪਰ ਉਸ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ।

ਪੰਜਾਬ ਸਰਕਾਰ ਵੱਲੋਂ ਅੱਜ 9000 ਅਧਿਆਪਕਾਂ ਨੂੰ ਪੱਕੇ ਕੀਤੇ ਜਾਣ ਦੇ ਐਲਾਨ ਉੱਤੇ ਨਿਸ਼ਾਨਾ ਕਸਦਿਆਂ ਖਹਿਰਾ ਨੇ ਕਿਹਾ ਕਿ ਅਧਿਆਪਕਾਂ ਨੂੰ ਪੱਕਾ ਕਰਨ ਦੀਆਂ ਇਹ ਹਰ ਵਾਰ ਗੱਲਾਂ ਹੀ ਕਰਦੇ ਹਨ। ਜੋ ਕੁੱਝ ਵੀ ਹੋ ਰਿਹਾ ਹੈ, ਪੰਜਾਬ ਦੇ ਹਿੱਤ ਵਿੱਚ ਨਹੀਂ ਹੋ ਰਿਹਾ। ਇਹ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ, ਸਾਰਾ ਪੈਸਾ ਮੱਧ ਪ੍ਰਦੇਸ਼, ਗੁਜਰਾਤ ਵਿੱਚ ਖਰਚ ਹੋ ਰਿਹਾ ਹੈ। ਇਹ ਪੰਜਾਬ ਵਿੱਚ ਨਵੇਂ ਬਦਮਾਸ਼ ਜੰਮੇ ਹਨ। ਖਹਿਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੰਮ ਨਹੀਂ ਕੀਤਾ, ਇਹ ਉਸਦੇ ਸਾਰੇ ਰਿਕਾਰਡ ਤੋੜ ਰਹੇ ਹਨ।