Punjab

“ਸਿੱਖ ਧਰਮ ਦੇ ਪ੍ਰਸਾਰ ਲਈ ਸਿੱਧੂ ਅੱਠ ਹਜ਼ਾਰ ਧਾਰਮਿਕ ਸਵਾਲਾਂ ਦੀ ਇਕ ਐਪ ਬਣਾ ਰਿਹਾ ਸੀ” ਮਾਤਾ ਚਰਨ ਕੌਰ

ਮਾਨਸਾ : ਅੱਜ ਤੋਂ 5 ਮਹੀਨੇ ਪਹਿਲਾਂ ਆਪਣੇ ਇਕਲੌਤੇ ਪੁੱਤਰ ਨੂੰ ਗਵਾ ਚੁੱਕੇ ਸਿੱਧੂ ਮੂਸੇਵਾਲੇ ਦੇ ਮਾਂਬਾਪ ਨੇ ਹਰ ਐਤਵਾਰ ਦੀ ਤਰਾਂ ਇਸ ਵਾਰ ਵੀ ਮਿਲਣ ਆਉਣ ਵਾਲੇ ਲੋਕਾਂ ਨਾਲ ਆਪਣੇ ਦਿਲ ਦੇ ਭਾਵ ਫਰੋਲੇ ਹਨ ਤੇ ਇੱਕ ਹੋਰ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ ।

ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਨੂੰ ਕਈ ਵਾਰ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਪਰ ਉਹ ਅਜਿਹਾ ਨਹੀਂ ਸੀ ਅਤੇ ਉਸ ਦੀ ਸੋਚ ਬਹੁਤ ਉੱਚੀ ਸੀ । ਸਿੱਖ ਧਰਮ ਦੇ ਪ੍ਰਸਾਰ ਲਈ ਕੋਸ਼ਿਸ਼ ਵਜੋਂ ਸਿੱਧੂ ਅੱਠ ਹਜ਼ਾਰ ਧਾਰਮਿਕ ਸਵਾਲਾਂ ਦੀ ਇਕ ਐਪ ਬਣਾ ਰਿਹਾ ਸੀ ,ਜੋ ਕਿ ਜਪੁਜੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਗਏ ਸਨ ।

ਚਰਨ ਕੌਰ,ਮਾਤਾ ਸਿੱਧੂ ਮੂਸੇ ਵਾਲਾ

ਸਿੱਧੂ ਦੇ ਮਾਤਾ ਚਰਨ ਕੌਰ ਨੇ ਇਸ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਹੈ ਕਿ ਇਹਨਾਂ ਵਿੱਚ ਕਈ ਤਰਾਂ ਦਾ ਸਵਾਲ ਸ਼ਾਮਲ ਸਨ ,ਜਿਵੇਂ ਕਿ ਜਪੁਜੀ ਸਾਹਿਬ ਦੀ ਰਚਨਾ ਕਿਸ ਵੱਲੋਂ ਕੀਤੀ ਗਈ ਸੀ ਤਾਂ ਇਸ ਦੇ ਲਈ ਵੀ ਉਸ ਵੱਲੋਂ ਚਾਰ ਗੁਰੂਆਂ ਦੇ ਨਾਮ ਰੱਖੇ ਗਏ ਸਨ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿੱਚ ਸਿੱਖੀ ਪ੍ਰਤੀ ਇੱਕ ਨਵੀਂ ਚਿਣਗ ਲੱਗੇ।ਹਾਲਾਂਕਿ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ।

ਸਿੱਧੂ ਦੇ ਮਾਤਾ ਨੇ ਅੱਗੇ ਦਸਦਿਆਂ ਕਿਹਾ ਕਿ ਉਸ ਸਿੱਖੀ ਨਾਲ ਸਾਰਿਆਂ ਨੂੰ ਜੋੜਨਾ ਚਾਹੁੰਦਾ ਸੀ ਤੇ ਇਹਨਾਂ ਅੱਠ ਹਜ਼ਾਰ ਸਵਾਲਾਂ ਵਿਚੋਂ ਜੇਕਰ ਬੱਚੇ 100 ਸਵਾਲ ਵੀ ਹੱਲ ਕਰਦੇ ਤਾਂ ਉਹਨਾਂ ‘ਤੇ ਕਿੰਨਾ ਵਧੀਆ ਅਸਰ ਹੋਣਾ ਸੀ । ਅੱਜ ਭਾਵੇਂ ਕੋਈ ਵੀ ਫੇਸਬੁਕ ਤੇ ਲਾਈਵ ਹੋ ਕੇ ਉਸ ਬਾਰੇ ਕੁੱਝ ਵੀ ਬੋਲੀ ਜਾਵੇ ਪਰ ਉਹ ਜਾਣਦੇ ਸਨ ਕਿ ਉਹਨਾਂ ਦਾ ਬੱਚਾ ਕਿਦਾਂ ਦਾ ਸੀ।