Punjab

ਸਿੱਧੂ ਨੂੰ ਦੁਨੀਆ ਤੋਂ ਗਿਆ ਹੋਏ 8 ਮਹੀਨੇ,ਮਾਂ ਚਰਨ ਕੌਰ ਯਾਦ ਕਰ ਕੇ ਹੋਏ ਭਾਵੁਕ,ਕਹਿ ਦਿੱਤੀ ਵੱਡੀ ਗੱਲ

ਮਾਨਸਾ : “ਮੇਰੇ ਪੁੱਤ ਨੂੰ ਜਹਾਨੋਂ ਗਿਆ 8 ਮਹੀਨੇ ਹੋ ਗਏ ਹਨ । ਇਸ ਸਾਰੇ ਵਕਫੇ ਦੇ ਦੌਰਾਨ ਦੇਸ਼ -ਵਿਦੇਸ਼ ਵਿੱਚ ਵਸਣ ਵਾਲੇ ਉਸ ਦੇ ਸਾਰੇ ਪ੍ਰਸ਼ੰਸਕਾਂ ਤੇ ਘਰ ਮਿਲਣ ਆਉਂਦੇ ਲੋਕਾਂ ਨੇ ਸਾਡੀ ਹਿੰਮਤ ਵਧਾਈ ਹੈ ਤੇ ਇਹ ਸਾਰੇ ਵੀ ਸਾਡੇ ਵਾਂਗ ਸਿੱਧੂ ਨੂੰ ਇਨਸਾਫ਼ ਮਿਲਣ ਦੀ ਉਡੀਕ ਵਿੱਚ ਹਨ।” ਇਹ ਵਿਚਾਰ ਸਿੱਧੂ ਮੂਸੇ ਵਾਲੇ ਦੇ ਮਾਤਾ ਚਰਨ ਕੌਰ ਨੇ ਆਪਣੇ ਘਰੇ ਮਿਲਣ ਆਏ ਲੋਕਾਂ ਨਾਲ ਸਾਂਝੇ ਕੀਤੇ ਹਨ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਉਸ ਬਿਆਨ ਦਾ ਵੀ ਮਾਤਾ ਚਰਨ ਕੌਰ ਨੇ ਜ਼ਿਕਰ ਕੀਤਾ ਹੈ ,ਜਿਸ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਦਾ ਕੋਈ ਵੀ ਬੰਦਾ ਸਿੱਧੂ ਕਤਲ ਕੇਸ ਵਿੱਚ ਸ਼ਾਮਲ ਹੋਇਆ ਤਾਂ ਉਸ ਨੂੰ ਦੋਹਰੀ ਸਜ਼ਾ ਦਿੱਤੀ ਜਾਵੇਗੀ,ਬਸ ਸਬੂਤ ਚਾਹੀਦੇ ਹਨ। ਇਸ ‘ਤੇ ਮਾਤਾ ਚਰਨ ਕੌਰ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਸਾਰੇ ਸਬੂਤ ਦਿੱਤੇ ਹਨ ਪਰ ਅੱਠ ਮਹੀਨੇ ਹੋ ਗਏ ਹਨ, ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ।

ਉਹਨਾਂ ਇਹ ਵੀ ਕਿਹਾ ਕਿ ਅਸੀਂ ਤਿੰਨਾਂ ਪਾਰਟੀਆਂ ਕੋਲ ਪਹੁੰਚ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ । ਸਾਡੀ ਕੋਈ ਪੇਸ਼ ਨਹੀਂ ਚੱਲ ਰਹੀ ਸਗੋਂ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਚੁੱਪਚਾਪ ਘਰ ਬੈਠੋ। ਹੁਣ ਮੇਰੇ ਬੱਸ ਵਿੱਚ ਹੋਰ ਕੁੱਝ ਨਹੀਂ ਹੈ ਪਰ ਬਦਦੁਆਵਾਂ ਜਰੂਰ ਮੇਰੇ ਅੰਦਰੋਂ ਨਿਕਲ ਰਹੀਆਂ ਹਨ ਤੇ ਹੁਣ ਜੋ ਕੁਝ ਵੀ ਮੇਰੇ ਬਸ ਵਿੱਚ ਹੋਇਆ ,ਉਹ ਮੈਂ ਕਰਾਂਗੀ। ਆਪਣੇ ਪੁੱਤਰ ਦੀ ਮੌਤ ਦੇ 8 ਮਹੀਨੇ ਬੀਤ ਜਾਣ ਮਗਰੋਂ ਨਿਰਾਸ਼ਾ ਜਾਹਿਰ ਕਰਦਿਆਂ ਮਾਤਾ ਚਰਨ ਕੌਰ ਭਾਵੁਕ ਹੋ ਗਏ ਤੇ ਕਿਹਾ ਕਿ ਉਹਨਾਂ ਦਾ ਬਸ ਚਲੇ ਤਾਂ ਉਹ ਖੁਦ ਸਾਰਿਆਂ ਨੂੰ ਸਜ਼ਾ ਦੇ ਦੇਣ।

ਸਰਕਾਰਾਂ ‘ਤੇ ਵਰਦਆਂ ਮਾਤਾ ਚਰਨ ਕੌਰ ਨੇ ਬੁਝੇ ਹੋਏ ਮਨ ਨਾਲ ਕਿਹਾ ਕਿ ਪਿੱਛੇ ਜਿਹੇ ਇੱਕ ਪੁਲਿਸ ਦੇ ਸੁਰੱਖਿਆ ਕਰਮੀ ਦੀ ਮੌਤ ਹੋਈ ਸੀ ,ਉਸ ਦਾ ਟੱਬਰ ਵੀ ਰੁੱਲ ਰਿਹਾ ਹੈ ਤੇ ਸਰਕਾਰ ਬੱਸ 2 ਕਰੋੜ ਦੇ ਕੇ ਬਹਿ ਗਈ ਹੈ। ਪੈਸੇ ਨਾਲ ਪੁੱਤ ਵਾਪਸ ਨਹੀਂ ਆਉਂਦੇ। ਜੇ ਕੁੱਝ ਕਰਨਾ ਹੈ ਤਾਂ ਸਰਕਾਰ ਇਹਨਾਂ ਦੇ ਕਾਤਲਾਂ ਨੂੰ ਫੜੇ,ਜੋ ਨਹੀਂ ਹੋ ਰਿਹਾ।

ਆਏ ਲੋਕਾਂ ਨੂੰ ਸਵਾਲ ਕਰਦਿਆਂ ਉਹਨਾਂ ਪੁੱਛਿਆ ਕਿ ਸਾਨੂੰ ਦੱਸੋ ਕਿ ਇਨਸਾਫ਼ ਲੈਣ ਲਈ ਕਿਹੜੇ ਦਰ ‘ਤੇ ਜਾਈਏ ? ਸਾਡੇ ‘ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਅਸੀਂ ਰਾਜਨੀਤਿਕ ਲਾਭ ਲੈਣ ਲਈ ਭੱਜੇ ਫਿਰਦੇ ਹਾਂ ਪਰ ਜਿਹਦੇ ‘ਤੇ ਬੀਤਦੀ ਹੈ ,ਉਸਨੂੰ ਹੀ ਪਤਾ ਹੁੰਦਾ ਹੈ ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹਨਾਂ ਦੇ 2 ਸਟੰਟ ਹੋਰ ਪਏ ਹਨ ਪਰ ਉਹਨਾਂ ਦੇ ਮਨ ‘ਤੇ ਬੋਝ ਹੈ ਕਿ ਕੋਈ ਵੀ ਇਨਸਾਫ਼ ਨਹੀਂ ਮਿਲ ਰਿਹਾ।ਅਨਮੋਲ ਕਵਾਤਰਾ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਹੈ ਕਿ ਘੱਟ ਸੱਚ ਬੋਲਿਆ ਕਰੇ । ਸਰਕਾਰਾਂ ਕਿਸੇ ਦੀਆਂ ਵੀ ਮਿੱਤ ਨਹੀਂ ਹਨ। ਉਹਨਾਂ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਮਿਲ ਰਿਹਾ ਸਹਿਯੋਗ ਹੀ ਉਹਨਾਂ ਦੀ ਤਾਕਤ ਹੈ।