India Punjab

ਆੜ੍ਹਤੀਆ ਐਸੋਸੀਏਸ਼ਨ, ਪੰਜਾਬ ਨੇ ਦੋਵਾਂ ਸਰਕਾਰਾਂ ਨੂੰ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆੜ੍ਹਤੀਆ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਸਦੇ ਵਿੱਚ ਕਿਸਾਨਾਂ, ਆੜ੍ਹਤੀਆਂ ਨੂੰ ਤੰਗ ਕਰਨ ਵਾਸਤੇ ਸਰਕਾਰ ਵੱਲੋਂ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ। ਹੁਣ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਭਰਿਆ ਹੋਇਆ ਝੋਨਾ ਕੇਂਦਰੀ ਟੀਮਾਂ ਕੋਲ ਚੈੱਕ ਕਰਾਵਾਂਗੇ। ਕੇਂਦਰ ਸਰਕਾਰ ਚੌਲ ਲੈਂਦੀ ਹੈ ਅਤੇ ਜੋ ਝੋਨਾ ਹੈ, ਉਹ ਸੂਬਾ ਸਰਕਾਰਾਂ ਖਰੀਦਦੀਆਂ ਹਨ। ਇਸ ਲਈ ਕੇਂਦਰ ਸਰਕਾਰ ਚੌਲਾਂ ਦੀ ਗੁਣਵੱਤਾ ਚੈੱਕ ਕਰੇ, ਚੌਲਾਂ ਦੀ ਨਮੀ ਚੈੱਕ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਕੇਂਦਰੀ ਟੀਮਾਂ ਆ ਕੇ ਕਿਸਾਨਾਂ, ਆੜ੍ਹਤੀਆਂ ਨੂੰ ਪਰੇਸ਼ਾਨ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਚੈਕਿੰਗਾਂ ਕਰਦੀਆਂ ਹਨ ਅਤੇ ਉਸਦੇ ਨਾਲ ਪੰਜਾਬ ਸਰਕਾਰ ਵੀ ਭਾਈਵਾਲ ਬਣਦੀ ਹੈ, ਇਸ ‘ਤੇ ਸਾਨੂੰ ਇਤਰਾਜ਼ ਹੈ। ਕਈ ਵਾਰ ਹਾਲਾਤ ਇੱਦਾਂ ਦੇ ਹੋ ਜਾਂਦੇ ਹਨ ਕਿ ਨਮੀ ਵੱਧ ਜਾਂਦੀ ਹੈ। ਇਹ ਨੱਕ ਵਿੱਚ ਦਮ ਕਰ ਰਹੇ ਹਨ, ਇਸ ਲਈ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਬਹੁਤ ਵੱਡਾ ਰੋਸ ਹੈ। ਮੈਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੀ ਜ਼ਿਆਦਤੀ ਨਾ ਕੀਤੀ ਜਾਵੇ, ਕਿਸਾਨ ਹੁਣ ਬਹੁਤ ਸੋਹਣਾ ਸੁੱਕਾ ਝੋਨਾ ਵਢਾਉਂਦੇ ਹਨ ਅਤੇ ਆੜ੍ਹਤੀ ਵੀ ਪੂਰੀ ਸਫ਼ਾਈ ਕਰਕੇ ਭਰਦੇ ਹਨ ਪਰ ਬਿਨਾਂ ਮਤਲਬ ਤੋਂ ਆੜ੍ਹਤੀਆਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਖ਼ਿਲਾਫ਼ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਮੰਡੀਆਂ ਵਿੱਚ ਸੰਘਰਸ਼ ਕਰਨਾ ਪਵੇਗਾ।

Comments are closed.