India Punjab

ਮੰਤਰੀ ਦੇ ਕਾਕੇ ਦਾ ਮਿਲਿਆ VIP ਰਿਮਾਂਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਪੀ ਦੀ ਇੱਕ ਅਦਾਲਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਕੇ ਆਸ਼ੀਸ਼ ਮਿਸ਼ਰਾ ਦਾ VIP ਰਿਮਾਂਡ ਦੇ ਦਿੱਤਾ ਹੈ। ਪੁਲਿਸ ਉੱਤੇ ਪੁੱਛਗਿੱਛ ਵੇਲੇ ਮੁਲਜ਼ਮ ਕੋਲ ਨਾ ਫਟਕਣ ਦੀ ਸ਼ਰਤ ਲਾ ਦਿੱਤੀ ਗਈ ਹੈ। ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਭਖਵੀਂ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ ਦਾ 3 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ। ਚੇਤੇ ਕਰਾਇਆ ਜਾਂਦਾ ਹੈ ਕਿ ਦੋ ਦਿਨ ਪਹਿਲਾਂ ਮੁਲਜ਼ਮ ਪੁਲਿਸ ਮੂਹਰੇ ਪੇਸ਼ ਹੋਇਆ ਸੀ। ਉਸ ਦਿਨ ਵੀ ਸਰਕਾਰੀ ਧਿਰ ਦੇ ਵਕੀਲਾਂ ਵੱਲੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸਨੂੰ ਨਾ ਮਨਜ਼ੂਰ ਕਰਦਿਆਂ ਅਦਾਲਤ ਨੇ ਅੱਧੀ ਰਾਤ ਵੇਲੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਸੀ। ਅਦਾਲਤ ਨੇ ਸਰਕਾਰੀ ਧਿਰ ਦੀ ਦਲੀਲ ਅਣਸੁਣੀ ਕਰ ਦਿੱਤੀ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮ ਪੁੱਛਗਿੱਛ ਵੇਲੇ ਸਹਿਯੋਗ ਨਹੀਂ ਦੇ ਰਿਹਾ। ਅੱਜ ਵੀ ਮੁਲਜ਼ਮ ਦੇ 14 ਦਿਨਾਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਬੁੱਧਵਾਰ ਤੱਕ ਰਿਮਾਂਡ ਦਿੱਤਾ ਹੈ।

ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਸ਼ਰਤਾਂ ਨਿਰਧਾਰਿਤ ਕੀਤੀਆਂ ਹਨ ਕਿ ਪੁਲਿਸ ਸਿਰਫ ਅਸ਼ੀਸ਼ ਮਿਸ਼ਰਾ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਅਤੇ ਦੂਰ ਖੜ੍ਹ ਕੇ ਹੀ ਪੁੱਛ ਗਿੱਛ ਕਰ ਸਕੇਗੀ। ਇਸ ਦੇ ਨਾਲ ਹੀ ਅਸ਼ੀਸ਼ ਮਿਸ਼ਰਾ ਦੇ ਮੈਡੀਕਲ ਚੈੱਕਅਪ ਅਤੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਸਖਤੀ ਨਾ ਵਰਤਣ ਦੀ ਵੀ ਸ਼ਰਤ ਅਦਾਲਤ ਵੱਲੋਂ ਰੱਖੀ ਗਈ  ਹੈ। ਚੇਤੇ ਕਰਾਇਆ ਜਾਂਦਾ ਹੈ ਕਿ ਪਿਛਲੇ ਸ਼ਨੀਵਾਰ ਨੂੰ ਮੁਲਜ਼ਮ ਦਾ ਮੈਡੀਕਲ ਪੁਲਿਸ ਸਟੇਸ਼ਨ ਵਿੱਚ ਹੀ ਕੀਤਾ ਗਿਆ ਸੀ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਯੂਪੀ ਇਕਾਈ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤਲਬ ਕਰ ਲਿਆ ਹੈ। ਅਜੇ ਮਿਸ਼ਰਾ ਯੂਪੀ ਦੇ ਤਰਾਈ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਹਨ।