Punjab

ਸਰਹੱਦਾਂ ਸੀਲ : ਟਰੈਕਟਰ-ਟਰਾਲੀਆਂ ਦੇ ਦਾਖ਼ਲੇ ‘ਤੇ ਪਾਬੰਦੀ, ਧਾਰਾ 144 ਲਗਾਈ

All borders of Chandigarh sealed: Ban on entry of tractor-trolleys, Section 144 imposed; Holidays till 10th class in many private schools

ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਖ਼ਾਸ ਤੌਰ ‘ਤੇ ਪੁਲਿਸ ਵੱਲੋਂ ਪੰਜਾਬ ਨਾਲ ਜੁੜਦੀਆਂ ਸਾਰੀਆਂ ਸੜਕਾਂ ‘ਤੇ ਬੈਰੀਕੇਡ ਲਗਾ ਕੇ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ । ਚੰਡੀਗੜ੍ਹ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤਹਿਤ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਟਰੈਕਟਰ-ਟਰਾਲੀਆਂ ਦੇ ਸ਼ਹਿਰ ਅੰਦਰ ਦਾਖ਼ਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਡੰਡੇ ਲੈ ਕੇ ਘੁੰਮਣ ‘ਤੇ ਵੀ ਪਾਬੰਦੀ ਹੈ। ਪੰਜ ਜਾਂ ਪੰਜ ਤੋਂ ਵੱਧ ਲੋਕ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਕਈ ਪ੍ਰਾਈਵੇਟ ਸਕੂਲਾਂ ਨੇ 10ਵੀਂ ਜਮਾਤ ਤੱਕ ਦੇ ਬੱਚਿਆਂ ਲਈ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕੁਝ ਸਕੂਲ ਬੱਚਿਆਂ ਲਈ ਆਨਲਾਈਨ ਕਲਾਸਾਂ ਲਗਾ ਰਹੇ ਹਨ। ਇਹ ਫ਼ੈਸਲਾ ਸ਼ਹਿਰ ਵਿੱਚ ਕੀਤੀ ਗਈ ਨਾਕਾਬੰਦੀ ਕਾਰਨ ਲਿਆ ਗਿਆ ਹੈ।

ਚੰਡੀਗੜ੍ਹ ਪੁਲਿਸ ਨੇ ਇਹ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਸ਼ਹਿਰ ਦੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਚੰਡੀਗੜ੍ਹ ਸਰਹੱਦ ਨਾਲ ਲੱਗਦੇ ਬੈਰੀਅਰਾਂ ‘ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਮਟੌਰ ਬੈਰੀਅਰ (ਸੈਕਟਰ 51-52 ਡਿਵਾਈਡਿੰਗ ਰੋਡ), ਫਰਨੀਚਰ ਮਾਰਕੀਟ ਬੈਰੀਅਰ (ਸੈਕਟਰ 53-54), ਬਡਹੇੜੀ ਬੈਰੀਅਰ (ਸੈਕਟਰ 54-55), ਸੈਕਟਰ 55-56 ਡਿਵਾਈਡਿੰਗ ਰੋਡ, ਪਿੰਡ ਪਲਸੌਰਾ ਨੇੜੇ ਮੁਹਾਲੀ ਬੈਰੀਅਰ, ਮੋਟਰ ਮਾਰਕੀਟ ਨੇੜੇ ਫੈਦਾ ਬੈਰੀਅਰ, ਜ਼ੀਰਕਪੁਰ ਬੈਰੀਅਰ, ਮੁੱਲਾਪੁਰ ਬੈਰੀਅਰ, ਨਵਾਂਗਾਓਂ ਬੈਰੀਅਰ, ਢਿੱਲੋਂ ਬੈਰੀਅਰ, ਹਾਊਸਿੰਗ ਬੋਰਡ ਲਾਈਟ ਪੁਆਇੰਟ, ਮਨੀਮਾਜਰਾ। ਇਸ ਲਈ ਜਨਤਾ ਨੂੰ ਇੱਥੇ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਹਰ ਚੌਕੀ ‘ਤੇ ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਹਨ। ਤਾਂ ਜੋ ਜੇਕਰ ਅਮਨ-ਕਾਨੂੰਨ ਸਬੰਧੀ ਕਿਸੇ ਕਿਸਮ ਦਾ ਫ਼ੈਸਲਾ ਲੈਣਾ ਹੋਵੇ ਤਾਂ ਉਹ ਮੌਕੇ ‘ਤੇ ਹੀ ਫੈਸਲਾ ਲੈ ਸਕਣ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਇੱਕ ਪੁਲਿਸ ਅਧਿਕਾਰੀ ਵੀ ਤਾਇਨਾਤ ਕੀਤਾ ਗਿਆ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮਾਂ ਵਿੱਚ ਲਿਖਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮਜ਼ਦੂਰ ਤਾਲਮੇਲ ਕੇਂਦਰ ਵੱਲੋਂ ਦਿੱਲੀ ਵਿੱਚ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਉਹ ਦਿੱਲੀ ਜਾਣ ਲਈ ਚੰਡੀਗੜ੍ਹ ਵਿੱਚ ਦਾਖ਼ਲ ਹੋ ਸਕਦੇ ਹਨ। ਅਜਿਹੇ ਵਿੱਚ ਇਹ ਡਿਊਟੀ ਇਸ ਲਈ ਲਗਾਈ ਜਾ ਰਹੀ ਹੈ ਤਾਂ ਜੋ ਕਿਤੇ ਵੀ ਅਮਨ-ਕਾਨੂੰਨ ਵਿਗੜ ਨਾ ਜਾਵੇ।

ਪੰਚਕੂਲਾ ਪੁਲਿਸ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਹਨ। ਪੰਚਕੂਲਾ ਨਾਲ ਲੱਗਦੀ ਪੰਜਾਬ ਸਰਹੱਦ ‘ਤੇ ਸਥਾਪਤ ਤਿੰਨ ਵਿਸ਼ੇਸ਼ ਚੌਕੀਆਂ ‘ਤੇ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਬੁਲਡੋਜ਼ਰ, ਟਿੱਪਰ, ਲੋਹੇ ਦੀਆਂ ਚਾਦਰਾਂ, ਕੰਕਰੀਟ ਦੇ ਖੰਭੇ, ਜੇ.ਸੀ.ਬੀ ਮਸ਼ੀਨਾਂ ਅਤੇ ਲੋਹੇ ਦੇ ਕੰਡੇਦਾਰ ਜਾਲਾਂ ਸਮੇਤ ਸਾਰੀਆਂ ਨਾਕਿਆਂ ‘ਤੇ 24 ਘੰਟੇ 85 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰੱਖੀ ਗਈ ਹੈ। ਇੰਨਾ ਹੀ ਨਹੀਂ ਪੁਆਇੰਟਾਂ ‘ਤੇ ਅੱਥਰੂ ਗੈਸ ਦਸਤੇ, ਵਜਰਾ ਵਾਹਨ ਅਤੇ ਐਂਬੂਲੈਂਸ ਵਾਹਨ ਵੀ ਤਾਇਨਾਤ ਕੀਤੇ ਗਏ ਹਨ।