India Punjab

35 ਸਾਲ ਬਾਅਦ ਕਾਤਲ ਕਾਬੂ, 1989 ‘ਚ ਕੀਤਾ ਸੀ ਬੱਚੇ ਦਾ ਕਤਲ

ਚੰਡੀਗੜ੍ਹ ਪੁਲਿਸ ਦੇ ਪੀ.ਓ ਅਤੇ ਸੰਮਨ ਸਟਾਫ ਸੈੱਲ ਨੇ 35 ਸਾਲ ਪੁਰਾਣੇ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ ਆਨੰਦ ਕੁਮਾਰ ਵਾਸੀ ਅਲੀਗੜ੍ਹ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਹੈ। 18 ਨਵੰਬਰ 1989 ਨੂੰ ਉਸ ਨੇ 11 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਇਹ ਮੁਲਜ਼ਮ ਪਹਿਲਾਂ ਪੁਲਿਸ ਦੇ ਕਦੇ ਵੀ ਹੱਥ ਨਹੀਂ ਆਇਆ ਸੀ।

ਇਹ ਪਿਛਲੇ ਕਈ ਸਾਲਾ ਤੋਂ ਯੂਪੀ ਦੇ ਜੰਗਲਾਂ ਵਿੱਚ ਸਾਧੂ ਬਣ ਕੇ ਰਹਿ ਰਿਹਾ ਸੀ। ਇਸ ਨੂੰ ਫੜਨ ਲਈ ਪੀ.ਓ.ਸੈੱਲ ਟੀਮ ਦੇ ਅਧਿਕਾਰੀ ਖੁਦ ਸਾਧੂਆਂ ਦਾ ਭੇਸ ਬਣਾ ਕੇ ਕਈ ਮਹੀਨਿਆਂ ਤੱਕ ਜੰਗਲਾਂ ਵਿਚ ਘੁੰਮਦੇ ਰਹੇ। ਇਸ ਮੁਲਜ਼ਮ ਨੂੰ ਕਾਸਗੰਜ ਦੇ ਜੰਗਲ ਵਿੱਚੋਂ ਗ੍ਰਿਫਤਾਰ ਕਰ ਲਿਆ।

ਪੁਲਿਸ ਵੱਲੋਂ ਉਸ ਨੂੰ ਚੰਡੀਗੜ੍ਹ ਲਿਆਂਦਾ ਜਾ ਰਿਹਾ ਹੈ। ਜਿੱਥੇ ਉਸ ਖ਼ਿਲਾਫ਼ ਲੁੱਟ-ਖੋਹ, ਅਗਵਾ ਅਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। 35 ਸਾਲ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਅਲੀਗੜ੍ਹ ਦੀ ਅਤਰੌਲੀ ਤਹਿਸੀਲ ‘ਚ ਸਥਿਤ ਆਪਣੇ ਪਿੰਡ ਹਰਨਪੁਰ ਕਲਾਂ ‘ਚ ਭੱਜ ਗਿਆ ਸੀ। ਉਹ ਕਾਫੀ ਚਲਾਕ ਸੀ। ਉਸ ਨੇ ਆਪਣੀ ਕੋਈ ਥਾਂ ਨਹੀਂ ਬਣਾਈ। ਉਸ ਨੇ ਪਹਿਲੇ ਦੋ ਮਹੀਨੇ ਤਾਲਾ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕੀਤਾ। ਫਿਰ ਉਹ ਪਾਣੀਪਤ, ਹਰਿਆਣਾ ਆ ਗਿਆ। ਜਿੱਥੇ ਉਹ ਸੱਤ ਸਾਲਾਂ ਤੱਕ ਫਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਕਰਦੈ ਰਿਹਾ। ਫਿਰ ਉਹ ਝਾਰਖੰਡ ਭੱਜ ਗਿਆ ਅਤੇ ਉੱਥੇ ਉਸ ਨੇ ਆਪਣਾ ਭੇਸ ਬਦਲ ਲਿਆ। ਉਹ ਇੱਕ ਸੰਨਿਆਸੀ ਦੇ ਰੂਪ ਵਿੱਚ ਉੱਥੇ ਰਹਿਣ ਲੱਗ ਪਿਆ ਪਰ ਉਹ ਦੋ ਮਹੀਨੇ ਤੋਂ ਵੱਧ ਇੱਕ ਥਾਂ ਨਹੀਂ ਠਹਿਰਿਆ। ਹੁਣ ਉਹ ਯੂਪੀ ਦੇ ਕਿਸੇ ਇਲਾਕੇ ਵਿਚ ਰਹਿਣ ਲੱਗ ਪਿਆ ਸੀ।

ਇਸ ਦੀ ਸੂਲਨਾ ਮਿਲਣ ਤੋਂ ਬਾਅਦ ਪੁਲਿਸ ਨੇ 9 ਮਹੀਨਿਆਂ ਤੱਕ ਉਸ ਦਾ ਪਿੱਛਾ ਕੀਤਾ। ਪੁਲਿਸ ਅਧਿਕਾਰੀ ਖੁਦ ਸਾਧੂ ਦੇ ਭੇਸ ਬਣਾ ਕੇ ਇਸ ਦੀ ਭਾਲ ਕਰਦੇ ਰਹੇ। ਅਖੀਰ ਪਤਾ ਲੱਗਾ ਕਿ ਉਹ ਕਾਸਗੰਜ ਦੇ ਆਸ਼ਰਮ ਵਿੱਚ ਲੁਕਿਆ ਹੋਇਆ ਸੀ। ਜਿੱਥੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਕੈਂਬਵਾਲਾ ਦੀ ਰਹਿਣ ਵਾਲੀ ਵਿਦਿਆਵਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਲੜਕੇ ਨਾਲ ਮਨੀਮਾਜਰਾ ਤੋਂ ਕੈਂਬਵਾਲਾ ਜਾ ਰਹੀ ਸੀ। ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਗਹਿਣੇ ਖੋਹਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਦੋਸ਼ੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿਤਾ।

ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਮੁਲਜ਼ਮ ਉਸ ਦੇ ਲੜਕੇ ਨੂੰ ਅਗਵਾ ਕਰਕੇ ਫਰਾਰ ਹੋ ਗਿਆ। ਬਾਅਦ ਵਿੱਚ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ। ਪੁਲਿਸ ਨੇ ਆਨੰਦ ਕੁਮਾਰ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿੱਚ ਬਾਕੀ ਮੁਲਜ਼ਮ ਫੜੇ ਗਏ ਸਨ ਪਰ ਆਨੰਦ ਫਰਾਰ ਹੋ ਗਿਆ ਸੀ।