Punjab

ਨਹੀਂ ਰਹੇ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ !ਇਸੇ ਮਹੀਨੇ ਪਾਰਟੀ ਨੇ ਦਿੱਤਾ ਸੀ ਵੱਡਾ ਅਹੁਦਾ

Ranjeet singh brampura died

ਬਿਊਰੋ ਰਿਪੋਰਟ : ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ 85 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਆਖਰੀ ਸਾਹ ਲਏ । ਰਣਜੀਤ ਸਿੰਘ ਬ੍ਰਹਮਪੁਰਾ ਦਾ ਜਨਮ 8 ਨਵੰਬਰ 1937 ਨੂੰ ਸਿੰਗਾਪੁਰ ਵਿੱਚ ਹੋਇਆ ਸੀ । ਇਸੇ ਮਹੀਨੇ ਹੀ ਪਾਰਟੀ ਨੇ ਉਨ੍ਹਾਂ ਨੂੰ ਸਰਪ੍ਰਸਤ ਦਾ ਅਹੁਦਾ ਦਿੱਤਾ ਸੀ । ਦੱਸ ਦੇਈਏ ਕਿ ਰਣਜੀਤ ਸਿੰਘ ਬ੍ਰਹਮਪੁਰਾ ਦਾ ਬੁੱਧਵਾਰ 14 ਦਸੰਬਰ ਦੁਪਹਿਰ 2 ਵਜੇ ਸਸਕਾਰ ਹੋਵੇਗਾ। ਉਹ ਪਿਛਲੇ ਕੁੱਝ ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਸਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬ੍ਰਹਮਪੁਰਾ ਦੇ ਦੇਹਾਂਤ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ‘ਉਨ੍ਹਾਂ ਨੇ ਹਮੇਸ਼ਾ ਬਿਨਾਂ ਥੱਕੇ ਯੋਧੇ ਵਾਂਗ ਪੰਥ ਦੀ ਸੇਵਾ ਕੀਤੀ ਹੈ,ਉਨ੍ਹਾਂ ਦੇ ਜਾਣ ਨਾਲ ਪੰਥ ਅਤੇ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ ਹੈ’ ।

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਬ੍ਰਹਮਪੁਰਾ ਦੇ ਦੇਹਾਂਤ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ‘ਕਿ ਉਨ੍ਹਾਂ ਨੂੰ ਹਮੇਸ਼ਾ ਪੰਥ ਅਤੇ ਪਾਰਟੀ ਦੀ ਸੇਵਾਵਾਂ ਲਈ ਯਾਦ ਰੱਖਿਆ ਜਾਵੇਗਾ,ਇਸ ਦੁੱਖ ਦੀ ਘੜੀ ਵਿੱਚ ਮੈਂ ਪਰਿਵਾਰ ਦੇ ਨਾਲ ਖੜੀ ਹਾਂ’

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸ਼ਰਧਾਜ਼ਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ‘ਤੇ ਸ਼੍ਰੋਮਣੀ ਅਕਾਲੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ। ਚੀਮਾ ਨੇ ਕਿਹਾ ਕਿ ਬ੍ਰਹਮਪੁਰਾ ਨੇ ਸ਼੍ਰੋਮਣੀ ਕਮੇਟੀ ਦੀ ਹਰ ਮੁਹਿੰਮ ਵਿੱਚ ਹਿੱਸਾ ਪਾਇਆ ਹੈ।

ਰਣਜੀਤ ਸਿੰਘ ਬ੍ਰਹਮਪੁਰਾ ਦਾ ਸਿਆਸੀ ਸਫ਼ਰ

ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਵਿੱਚੋਂ ਇੱਕ ਸਨ । ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਮੰਨਿਆ ਜਾਂਦਾ ਸੀ । ਬ੍ਰਹਮਪੁਰਾ ਨੂੰ ਅਕਾਲੀ ਦਲ ਦਾ ਮਾਝੇ ਦਾ ਜਰਨੈਲ ਵੀ ਕਿਹਾ ਜਾਂਦਾ ਸੀ । ਉਹ ਪੰਜਾਬ ਵਿਧਾਨਸਭਾ ਵਿੱਚ ਚਾਰ ਵਾਰ ਸ਼੍ਰੋਮਣੀ ਅਕਾਲੀ ਦੀ ਟਿਕਟ ‘ਤੇ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਵਿਧਾਨਸਭਾ ਦੇ ਅੰਦਰ 1977 ਵਿੱਚ ਐਂਟਰੀ ਕੀਤੀ ਉਸ ਤੋਂ ਬਾਅਦ 1980,1997,2012 ਵਿੱਚ ਉਨ੍ਹਾਂ ਨੇ ਪੰਜਾਬ ਵਿਧਾਨਸਭਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ । 2014 ਵਿੱਚ ਅਕਾਲੀ ਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਹਿਲੀ ਵਾਰ ਖਡੂਰ ਸਾਹਿਬ ਲੋਕਸਭਾ ਹਲਕੇ ਤੋਂ 3 ਵਾਰ ਦੇ ਜੇਤੂ ਰਤਨ ਸਿੰਘ ਅਜਨਾਲਾ ਦੀ ਥਾਂ ਮੈਦਾਨ ਵਿੱਚ ਉਤਾਰਿਆ ਅਤੇ ਉਨ੍ਹਾਂ ਨੇ 1 ਲੱਖ ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ । 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਨੇ ਉਨ੍ਹਾਂ ਦੇ ਪੁੱਤਰ ਨੂੰ ਖਡੂਰ ਸਾਹਿਬ ਵਿਧਾਨਸਭਾ ਹਲਕੇ ਤੋਂ ਟਿਕਟ ਦਿੱਤੀ ਪਰ ਉਹ ਹਾਰ ਗਏ । ਇਸ ਤੋਂ ਬਾਅਦ 2019 ਦੀਆਂ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਬਾਦਲ ਪਰਿਵਾਰ ਖਿਲਾਫ ਵੱਡੀ ਬਗ਼ਾਵਤ ਕਰ ਦਿੱਤੀ । ਉਨ੍ਹਾਂ ਦੇ ਨਾਲ ਇਸ ਬਗਾਵਤ ਵਿੱਚ ਮਾਝੇ ਦੇ 2 ਹੋਰ ਵੱਡੇ ਆਗੂ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵੀ ਸ਼ਾਮਲ ਹੋਏ । ਬ੍ਰਹਮਪੁਰਾ 2017 ਦੀਆਂ ਵਿਧਾਨਸਭਾ ਚੋਣਾ ਹਾਰਨ ਤੋਂ ਬਾਅਦ ਸੁਖਬੀਰ ਬਾਦਲ ਦਾ ਅਸਤੀਫ਼ਾ ਮੰਗ ਰਹੇ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਜਿਸ ਨੇ 2019 ਦੀਆਂ ਲੋਕਸਭਾ ਚੋਣਾਂ ਲੜੀਆਂ ਪਰ ਉਨ੍ਹਾਂ ਨੂੰ ਖਾਸ ਸਫਲਤਾਂ ਨਹੀਂ ਮਿਲ ਸਕੀ। ਜਿਸ ਤੋਂ ਬਾਅਦ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਸੰਬਰ 2021 ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜ ਲਿਆ । ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਆਪ ਜਾਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਇਸੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵੇਂ ਪਾਰਟੀ ਢਾਂਚੇ ਦਾ ਐਲਾਨ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਾਰਟੀ ਦਾ ਸਰਪਰਸਤ ਦਾ ਅਹੁਦਾ ਦਿੱਤਾ ਗਿਆ ਸੀ ।