ਚੰਡੀਗੜ੍ਹ : ਪੰਜਾਬ ਵਿੱਚ ਆਏ ਦਿਨ ਹੋਣ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਸਰਕਾਰ ‘ਤੇ ਨਿਸ਼ਾਨੀਆ ਸਵਾਲ ਖੜੇ ਕਰ ਰਹੀਆਂ ਹਨ।ਇਹ ਸਾਰੇ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਮਾੜੀ ਗੱਲ ਹੈ। ਇਹ ਵਿਚਾਰ ਪ੍ਰਗਟਾਏ ਹਨ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ,ਜਿਹਨਾਂ ਨੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਹੋਈ ਘਟਨਾ ਤੋਂ ਬਾਅਦ ਇੱਕ ਵੀਡੀਓ ਸੰਦੇਸ਼ ਸਾਂਝਾ ਕਰ ਕੇ ਆਪਣੇ ਵਿਚਾਰ ਰੱਖੇ ਹਨ।
ਉਹਨਾਂ ਇਹ ਵੀ ਕਿਹਾ ਹੈ ਕਿ ਗੁਰੂਘਰ ਦੇ ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਔਰਤ ਦਾ ਸੇਵਾਦਾਰਾਂ ਨਾਲ ਝਗੜਾ ਕਰਨਾ ਤੇ ਉਹਨਾਂ ਤੇ ਹਮਲਾ ਕਰਨ ਤੋਂ ਬਾਅਦ ਇੱਕ ਸਿੱਖ ਵਿਅਕਤੀ ਵੱਲੋਂ ਭਾਵੁਕ ਹੋ ਕੇ ਉਸ ਨੂੰ ਮਾਰ ਮੁਕਾਉਣਾ ਇਹ ਸਾਬਤ ਕਰਦਾ ਹੈ ਕਿ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਵਿਸ਼ਵਾਸ ਖ਼ਤਮ ਹੋ ਚੁੱਕਾ ਹੈ ਤੇ ਹੁਣ ਉਹਨਾਂ ਆਪ ਬੇਅਦਬੀ ਦਾ ਬਦਲਾ ਲੈਣ ਲਈ ਹਥਿਆਰ ਚੁੱਕ ਲਏ ਹਨ।
ਕਲੇਰ ਨੇ ਮਾਨ ਸਰਕਾਰ ‘ਤੇ ਵਰਦਿਆਂ ਕਿਹਾ ਕਿ ਦਰਬਾਰ ਸਾਹਿਬ,ਮੁਰਿੰਡਾ ਤੇ ਹੋਰ ਕਈ ਥਾਵਾਂ ‘ਤੇ ਲਗਾਤਾਰ ਹੋਈਆਂ ਬੇਅਦਬੀਆਂ ਦੇ ਕਾਰਨ ਹੁਣ ਸਰਕਾਰ ਆਪਣਾ ਵਿਸ਼ਵਾਸ ਚੁੱਕੀ ਹੈ ਹਾਲਾਂਕਿ ਇਸ ਪਾਰਟੀ ਨੇ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਰੱਜ ਕੇ ਰਾਜਨੀਤੀ ਕੀਤੀ ਹੈ।ਉਹਨਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਖਿਲਾਫ਼ ਉਠਣ ਵਾਲੀ ਹਰ ਆਵਾਜ਼ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਤੇ ਆਪਣੇ ਨਾਕਾਮਯਾਬੀ ਨੂੰ ਹੋਰ ਤਰੀਕੇ ਵਰਤ ਕੇ ਢਕਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਤੀ ਦੇ ਮੌਜੂਦਾ ਹਾਲਾਤ ਤੇ ਹਰ ਵਰਗ ਦਾ ਸਰਕਾਰ ਪ੍ਰਤੀ ਨਿਰਾਸ਼ ਹੋਣਾ ਸਰਕਾਰ ਵੱਲੋਂ ਧੱਕੇ ਨਾਲ ਜਿੱਤੀ ਗਈ ਜਲੰਧਰ ਲੋਕ ਸਭਾ ਸੀਟ ਪਿੱਛੇ ਨਹੀਂ ਲੁਕ ਸਕੇਗਾ।ਮਾਨ ਸਰਕਾਰ ਵੱਲੋਂ ਆਪਣੇ ਪੰਜਾਬੀ ਭਰਾਵਾਂ ਪ੍ਰਤੀ ਮੰਦਾ-ਚੰਗਾ ਬੋਲ ਕੇ ਇਸ ਜਿੰਮੇਵਾਰੀ ਤੋਂ ਭੱਜਿਆ ਨੀ ਜਾਣਾ, ਇਹ ਜਿੰਮੇਵਾਰੀ ਸਰਕਾਰ ਨੂੰ ਲੈਣੀ ਪੈਣੀ ਹੈ।