ਡੇਰਾਬਸੀ : ਬਲਾਕ ਡੇਰਾਬਸੀ ਵਿਖੇ ਲਗਭਗ 90% ਝੋਨੇ ਦੀ ਵਾਢੀ ਮੁਕੰਮਲ ਹੋ ਚੁੱਕੀ ਹੈ ਅਤੇ ਕਿਸਾਨ ਭਰਾ ਕਣਕ ਦੀ ਬਿਜਾਈ ਲਈ ਪੂਰੀ ਤਿਆਰੀ ਕਰ ਰਹੇ ਹਨ ।
ਹੁਣ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਕਰਨ ਦਾ ਢੁੱਕਵਾਂ ਸਮਾਂ ਹੈ ਅਤੇ ਇਹ ਕਿਸਮਾਂ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਨਵੰਬਰ ਦੇ ਦੂਜੇ ਪੰਦਰਵਾੜੇ ਤੱਕ ਬੀਜੀਆਂ ਜਾ ਸਕਦੀਆਂ ਹਨ।
ਖੇਤੀਬਾੜੀ ਅਫਸਰ ਨੇ ਗੱਲ ਬਾਤ ਦੋਰਾਨ ਦੱਸਿਆ ਕਿ ਆਮ ਤੌਰ ਤੇ ਕਿਸਾਨ ਵੀਰ ਕਣਕ ਬੀਜਣ ਸਮੇਂ ਬਹੁਤ ਕਾਹਲੀ ਕਰਦੇ ਹਨ ਅਤੇ ਬੀਜ ਨੂੰ ਸੋਧ ਕੇ ਨਹੀਂ ਬੀਜਦੇ ਜਿਸ ਕਰਕੇ ਕਣਕ ਨੂੰ ਬਹੁਤ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਿਸੇ ਵੀ ਬਿਮਾਰੀ ਦਾ ਹੱਲ ਬਿਮਾਰੀ ਲੱਗਣ ਤੋਂ ਪਹਿਲਾਂ ਬੀਜ ਸੋਧ ਕਰਨਾ ਬਹੁਤ ਸੌਖਾ ਹੈ ਪ੍ਰੰਤੂ ਬੀਮਾਰੀ ਲੱਗਣ ਤੋਂ ਬਾਅਦ ਇਹ ਇਲਾਜ ਬਹੁਤ ਮਹਿੰਗਾ ਹੈ ਜਾਂ ਕਈ ਵਾਰ ਹੁੰਦਾ ਹੀ ਨਹੀਂ,ਇਸ ਲਈ ਕਿਸਾਨ ਆਪਣੇ ਕਣਕ ਬੀਜ ਨੂੰ ਸੋਧ ਕੇ ਹੀ ਬੀਜਣ ਅਤੇ ਬੀਜ ਸੋਧ ਲਈ 13 ਮਿਲੀਲਿਟਰ ਰੈਕਸਲ ਏ ਜੀ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਪਾਵਰ ਜਾਂ 80 ਗ੍ਰਾਮ ਵੀਟਾਵੈਕਸ 75 ਪਾਵਰ ਨੂੰ ਵਰਤ ਕੇ ਇੱਕ ਵਾਰ ਵਿੱਚ 40 ਕਿਲੋ ਬੀਜ ਸੋਧ ਸਕਦੇ ਹਨ।
ਅਜਿਹਾ ਕਰਨ ਨਾਲ ਕਣਕ ਨੂੰ ਲੱਗਣ ਵਾਲੀਆਂ ਕਾਂਗਿਆਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਦਫ਼ਤਰ ਡੇਰਾਬਸੀ ਵਿਖੇ ਕਣਕ ਦੇ ਬੀਜ ਨੂੰ ਲੱਗਣ ਵਾਲਾ ਜੀਵਾਣੂ ਖਾਦ (ਕਨਸੋਰਸ਼ੀਅਮ ) ਪਹੁੰਚ ਚੁੱਕਿਆ ਹੈ ਇਹ ਟੀਕਾ ਲਾਉਣ ਨਾਲ ਖੇਤਾਂ ਵਿਚ ਲਾਹੇਵੰਦ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧ ਜਾਂਦੀ ਹੈ ਅਤੇ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਕਣਕ ਦੇ ਬੀਜ ਨੂੰ ਸੋਧਣ ਤੋਂ ਬਾਅਦ ਵਿੱਚ ਇਹ ਜੀਵਾਣੂ ਖਾਦ ਲਾਉਣੀ ਚਾਹੀਦੀ ਹੈ ਅਤੇ ਲਾਉਣ ਤੋਂ ਬਾਅਦ ਬੀਜ ਨੂੰ ਛਾਂ ਹੇਠ ਸੁਕਾ ਕੇ ਉਸੇ ਦਿਨ ਹੀ ਬੀਜ ਦੇਣਾ ਚਾਹੀਦਾ ਹੈ ।