ਚੰਡੀਗੜ੍ਹ : ਇਸ ਵਾਰ ਮੌਨਸੂਨ ਅੱਠ ਦਸ ਦਿਨਾਂ ਦੀ ਦੇਰੀ ਨਾਲ ਅੱਗੇ ਵਧ ਰਿਹਾ ਹੈ ਪਰ ਇਸ ਵਿੱਚ ਪੰਜਾਬ ਲਈ ਇੱਕ ਹਰ ਰਾਹਤ ਦੀ ਖ਼ਬਰ ਆਈ ਹੈ। ਸੂਬੇ ਵਿੱਚ ਪ੍ਰੀ-ਮੌਨਸੂਨ ਮੀਂਹ ਪੈਣ ਦੀ ਸ਼ੁਰੂਆਤ ਅੱਜ ਰਾਤ ਹੋ ਸਕਦੀ ਹੈ। ਪੰਜਾਬ ਵਿੱਚ ਅਗਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਹੋਈ ਹੈ।
ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਮੁਤਾਬਕ ਕੱਲ ਯਾਨੀ 25 ਜੂਨ ਨੂੰ ਸੂਬੇ ਦੇ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਦੇ ਖੇਤਰ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪਵੇਗਾ। ਜਦਕਿ ਇਸ ਦਿਨ ਪੱਛਮੀ ਮਾਲਵਾ ਖੇਤਰ ਵਿੱਚ ਗਰਜ ਚਮਕ ਨਾਲ ਮੀਂਹ ਹੀ ਰਹੇਗਾ। 26 ਜੂਨ ਨੂੰ ਮਾਝਾ ਅਤੇ ਦੋਆਬਾ ਖੇਤਰ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪਵੇਗਾ ਜਦਕਿ ਇਸ ਦਿਨ ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਗਰਜ ਚਮਕ ਨਾਲ ਮੀਂਹ ਰਹੇਗਾ।
ਚੰਡੀਗੜ੍ਹ ਮੌਸਮ ਕੇਂਦਰ ਨੇ 27 ਅਤੇ 28 ਜੂਨ ਨੂੰ ਪੂਰੇ ਸੂਬੇ ਵਿੱਚ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 05 ਦਿਨਾਂ ਵਿੱਚ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4-6 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ
ਦੱਸ ਦੇਈਏ ਕਿ ਪੰਜਾਬ ਵਿੱਚ ਇਸ ਸਾਲ ਮੌਨਸੂਨ 10 ਜੁਲਾਈ ਦੇ ਨੇੜੇ ਪੁੱਜਣ ਦੀ ਸੰਭਾਵਨਾ ਹੈ। ਮੌਨਸੂਨ ਆਮ ਤੌਰ ‘ਤੇ 30 ਜੂਨ ਤੱਕ ਪੰਜਾਬ ਪਹੁੰਚ ਜਾਂਦਾ ਹੈ। ਪਰ ਬਿਪਰਜੋਏ ਕਾਰਨ ਭਾਰਤ ਦੇ ਮੱਧ ਵਿਚ ਅਜਿਹਾ ਦਬਾਅ ਸੀ ਕਿ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ। ਹੁਣ ਜਦੋਂ ਬਿਪਰਜੋਈ ਦਾ ਪ੍ਰਭਾਵ ਖ਼ਤਮ ਹੋ ਗਿਆ ਹੈ ਤਾਂ ਮੌਨਸੂਨ ਨੇ ਫਿਰ ਤੋਂ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਮੌਨਸੂਨ ਯੂ ਪੀ ਵਿੱਚ ਦਾਖ਼ਲ ਹੋ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਮਾਨਸੂਨ ਹਰਿਆਣਾ ‘ਚ ਦਾਖਲ ਹੋਵੇਗਾ।