India

ਇੱਕ ਹਫ਼ਤਾ ਦੇਰੀ ਮਗਰੋਂ ਮਾਨਸੂਨ ਨੇ ਫੜੀ ਰਫ਼ਤਾਰ, ਇਸ ਤਰੀਕ ਤੋਂ ਬਾਅਦ ਭਾਰਤੀ ਸੂਬਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕੁੱਝ ਸਮੇਂ ਤੋਂ ਮੌਸਮ ਮੀਂਹ ਪੈਣ ਕਾਰਨ ਬਹੁਤ ਸੁਹਾਵਣਾ ਬਣਿਆ ਹੋਇਆ ਹੈ ਤੇ ਤਾਪਮਾਨ ਵੀ ਹੇਠਾਂ ਆ ਗਿਆ ਹੈ। ਇਸ ਵਿਚਾਲੇ ਇਕ ਰਾਹਤ ਵਾਲੀ ਖ਼ਬਰ ਵੀ ਆ ਰਹੀ ਹੈ ਕਿ ਮਾਨਸੂਨ ਜੋ ਕਿ 19 ਮਈ ਤੋਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਤੇ ਅਟਕਿਆ ਹੋਇਆ ਸੀ, ਨੇ ਹੁਣ ਰਫ਼ਤਾਰ ਫੜ ਲਈ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ 15 ਜੂਨ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਆਮ ਨਾਲੋਂ ਕਰੀਬ ਇਕ ਹਫ਼ਤਾ ਦੇਰੀ ਨਾਲ ਅੱਗੇ ਵਧ ਰਿਹਾ ਹੈ। ਇਸ ਦੀ ਰਫ਼ਤਾਰ ਨੂੰ ਦੇਖਦੇ ਹੋਏ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮਾਨਸੂਨ ਦੀ ਬਾਰਸ਼ ਇਕ ਜੂਨ ਨੂੰ ਕੇਰਲ ਅਤੇ ਤਾਮਿਲਨਾਡੂ, ਪੰਜ ਜੂਨ ਤੱਕ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਉੱਤਰ-ਪੂਰਬ ‘ਚ ਸ਼ੁਰੂ ਹੋ ਜਾਵੇਗੀ ਤੇ 10 ਜੂਨ ਤੱਕ ਮਹਾਰਾਸ਼ਟਰ ਅਤੇ ਤੇਲੰਗਾਨਾ ਪਹੁੰਚ ਜਾਵੇਗੀ।ਇਸ ਦੇ ਨਾਲ ਹੀ 15 ਜੂਨ ਤੋਂ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੜੀਸਾ, ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਸ਼ੁਰੂ ਹੋ ਜਾਵੇਗੀ। ਰਾਜਸਥਾਨ, ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ 20 ਜੂਨ ਤੋਂ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋਵੇਗੀ। ਇਹ ਦੌਰ 8 ਜੁਲਾਈ ਤੱਕ ਜਾਰੀ ਰਹੇਗਾ।

ਮੌਸਮ ਵਿਭਾਗ ਨੇ ਫਿਰ 1 ਜੂਨ ਤੋਂ ਬਾਅਦ ਉੱਤਰ-ਪੱਛਮੀ ਭਾਰਤ ਵਿੱਚ ਮੌਸਮ ਖ਼ਰਾਬ ਰਹਿਣ ਦੀ ਭਵਿੱਖਵਾਣੀ ਵੀ ਕੀਤੀ ਹੈ । ਪੱਛਮੀ ਗੱੜਬੜੀਆਂ ਦੇ ਚੱਲਦਿਆਂ ਅਗਲੇ ਪੰਜ ਦਿਨਾਂ ਤੱਕ ਪੂਰੇ ਉੱਤਰ-ਪੱਛਮੀ ਭਾਰਤ ਵਿੱਚ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਮੀਂਹ ਵੀ ਪੈ ਸਕਦਾ ਹੈ। ਖਾਸ ਤੌਰ ‘ਤੇ ਰਾਜਸਥਾਨ, ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ।