Punjab

ਜ਼ੀਰਾ ਮੋਰਚਾ ਇਨਸਾਫ਼ ਮੋਰਚੇ ਵਿੱਚ ਹੋਈ ਚਿਤਾਵਨੀ ਰੈਲੀ,ਮੀਂਹ ਦੇ ਬਾਵਜੂਦ ਹੋਇਆ ਭਰਵਾਂ ਇਕੱਠ

ਫਿਰੋਜ਼ਪੁਰ : ਜ਼ੀਰਾ ਮੋਰਚਾ ਇਨਸਾਫ਼ ਮੋਰਚਾ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਮੋਰਚੇ ਵਿੱਚ ਭਰਵਾਂ ਇਕੱਠ ਹੋਇਆ ਹੈ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨਾਂ,ਨੌਜ਼ਵਾਨਾਂ ਤੇ ਬੀਬੀਆਂ ਨੇ ਇਸ ਚਿਤਾਵਨੀ ਰੈਲੀ ਵਿੱਚ ਸ਼ਿਰਕਤ ਕੀਤੀ ਹੈ।

ਇਸ ਮੌਕੇ ਮੋਰਚੇ ਦੀ ਸਟੇਜ਼ ਤੋਂ ਸੰਬੋਧਨ ਕਰਦੇ ਹੋਏ ਵੱਖੋ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਰੀ ਸੰਗਤ ਨਾਲ ਸਾਂਝੇ ਕੀਤੇ ਤੇ ਇਹ ਵੱਚਨਬਧਤਾ ਦੁਹਰਾਈ ਕਿ ਜਦੋਂ ਤੱਕ ਪੰਜਾਬ ਸਰਕਾਰ ਲਿਖਤੀ ਰੂਪ ਵਿੱਚ ਫੈਕਟਰੀ ਨੂੰ ਬੰਦ ਨਹੀਂ ਕਰ ਦਿੰਦੀ,ਧਰਨਾਕਾਰੀਆਂ ਤੇ ਪਾਏ ਕੇਸ ਵਾਪਸ ਨਹੀਂ ਲੈਂਦੀ,ਇਹ ਧਰਨਾ ਖ਼ਤਮ ਨਹੀਂ ਹੋਵੇਗਾ।

ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਚਰਚੇ ਇਸ ਮੋਰਚੇ ਦੀ ਸਟੇਜ਼ ‘ਤੇ ਵੀ ਹੋਏ। ਨੌਜਵਾਨ ਆਗੂ ਲੱਖਾ ਸਿਧਾਣਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਦਾ ਭੱਵਿਖ ਸਵਾਰਨ ਲਈ ਬਣਾਏ ਜਾ ਰਹੇ ਇਸ ਦਹਿਸ਼ਤ ਤੇ ਡਰ ਦੇ ਮਾਹੌਲ ਨੂੰ ਖ਼ਤਮ ਕਰਨਾ ਪੈਣਾ ਹੈ। ਪੰਜਾਬ ‘ਤੇ ਹਮਲੇ ਚਾਰੇ ਪਾਸਿਉਂ ਹੋ ਰਹੇ ਹਨ। ਮੋਦੀ ਹਕੂਮਤ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਸੂਬੇ ਵਿੱਚ ਲੋਕਾਂ ਦੇ ਹੱਕਾਂ ਦਾ ਦਮ ਘੁੱਟਿਆ ਜਾ ਰਿਹਾ ਹੈ।

ਉਹਨਾਂ ਆਪ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਆਪ ਦੇ 130 ਵਰਕਰਾਂ ‘ਤੇ ਮੁਕਦਮਾ ਦਰਜ ਕੀਤੇ ਜਾਣ ਤੇ ਉਹ ਲੋਕਤੰਤਰ ਦੀ ਦੁਹਾਈ ਦੇ ਰਹੇ ਹਨ ਪਰ ਪੰਜਾਬ ਵਿੱਚ ਹਰੀਕੇ ਪੱਤਣ ਤੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਲੋਕਾਂ ਤੇ ਪੁਲਿਸ ਨੇ ਧੱਕਾ ਕਰਦਿਆਂ ਹੰਝੂ ਗੈਸ ਦੇ ਗੋਲੇ ਛੱਡੇ ਤੇ ਕਈ ਗੱਡੀਆਂ ਵੀ ਭੰਨ ਦਿੱਤੀਆਂ ਗਈਆਂ ਤੇ ਨਾਜਾਇਜ਼ ਕੇਸ ਵੀ ਦਰਜ ਕੀਤੇ ਗਏ ,ਉਸ ਵੇਲੇ ਲੋਕਤੰਤਰ ਕਿਥੇ ਗਿਆ ਸੀ ?

ਲੱਖੇ ਨੇ ਪੰਜਾਬ ਵਿੱਚ ਮੀਡੀਆ ਦੀ ਆਜ਼ਾਦੀ ਤੇ ਹੋ ਰਹੇ ਹਮਲਿਆਂ ਤੇ ਵੀ ਚਿੰਤਾ ਪ੍ਰਗਟਾਈ ਹੈ ਤੇ ਨੈਸ਼ਨਲ ਮੀਡੀਆ ਵਲੋਂ ਪੰਜਾਬ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਕੂੜਪ੍ਰਚਾਰ ਦਾ ਵੀ ਵਿਰੋਧ ਕੀਤਾ ਜਾ  ਕਿਹਾ ਹੈ। ਉਹਨਾਂ ਪੰਜਾਬ ਦੇ ਅਲੱਗ-ਅਲੱਗ ਮਸਲਿਆਂ ਲਈ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਗੱਲ ਵੀ ਆਖੀ।