Punjab

ਜ਼ੀਰਾ ‘ਚ ਸ਼ਰਾਬ ਫ਼ੈਕਟਰੀ ਅੱਗੇ ਧਰਨਾ ਦੇਣ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ

A case has been registered against the protestors who protested in front of the liquor factory in Zira

‘ਦ ਖ਼ਾਲਸ ਬਿਊਰੋ :  ਜ਼ੀਰਾ ਵਿਚ ਇਕ ਫੈਕਟਰੀ ਵੱਲੋਂ ਪਾਣੀ ਗੰਧਲਾ ਕਰਨ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨ ਤੇ ਪੰਜਾਬ ਪੁਲਿਸ ਸਖ਼ਤੀ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਦਸੰਬਰ ਨੂੰ ਹੋਣ ਵਾਲੀ ਪੇਸ਼ੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜ਼ੀਰਾ ‘ਚ ਸ਼ਰਾਬ ਫੈਕਟਰੀ ਦੇ ਬਾਹਰ ਬੈਠੇ ਧਰਨਾਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿੰਨ੍ਹਾ ਵਿੱਚੋਂ 14 ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 125 ਅਣਪਛਾਤਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਸ ਮੌਕੇ ਉੱਥੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤੀ ਗਈ ਹੈ , ਦੰਗਾ ਰੋਕੋ ਵਾਹਨ ਵੀ ਮੌਕੇ ‘ਤੇ ਮੰਗਵਾਏ ਗਏ ਹਨ ਅਤੇ ਜੇਸੀਬੀ ਮਸ਼ੀਨਾਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ।

ਇਹ ਕੇਸ ਕੱਲ੍ਹ ਦੇਰ ਸ਼ਾਮ ਥਾਣਾ ਸਦਰ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਦੇਰ ਸ਼ਾਮ ਮਾਲਬਰੋਜ਼ ਫ਼ੈਕਟਰੀ ਦੇ ਬਾਹਰ ਲੱਗੇ ਧਰਨੇ ਨੂੰ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਤਿੰਨ ਸੌ ਮੀਟਰ ਪਿਛਾਂਹ ਕਰਵਾਉਣ ਵਾਸਤੇ ਆਪਣੀ ਟੀਮ ਨਾਲ ਜਾ ਰਹੇ ਸਨ ਪਰ ਧਰਨੇ ਤੋਂ ਕੁਝ ਮੀਟਰ ਦੀ ਦੂਰੀ ’ਤੇ 100 ਤੋਂ ਵੱਧ ਹਥਿਆਰਬੰਦ ਧਰਨਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਜਬਰੀ ਰੋਕ ਦਿੱਤੀਆਂ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ।

ਪੁਲਿਸ ਨੇ ਵਿਰੋਧ ਕਰਨ ਵਾਲਿਆਂ ਵਿਚੋਂ 14 ਵਿਅਕਤੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ’ਚ ਬਚਿੱਤਰ ਸਿੰਘ, ਮੁਖ਼ਤਿਆਰ ਸਿੰਘ, ਬਲਿਹਾਰ ਸਿੰਘ, ਜਸਵੀਰ ਸਿੰਘ, ਗੁਰਨੇਕ ਸਿੰਘ, ਮਨਪ੍ਰੀਤ ਸਿੰਘ, ਸ਼ਿੰਦਰ ਸਿੰਘ, ਲੱਡੂ ਸਿੰਘ, ਜਸਵਿੰਦਰ ਸਿੰਘ ਵਾਸੀਆਨ ਸੋਢੀ ਵਾਲਾ, ਰਾਮ ਸਿੰਘ ਵਾਸੀ ਰਟੌਲ ਰੋਹੀ, ਕੁਲਦੀਪ ਸਿੰਘ ਵਾਸੀ ਖੁਖਰਾਣਾ, ਜੁਗਰਾਜ ਸਿੰਘ ਤੇ ਬਲਰਾਜ ਸਿੰਘ ਵਾਸੀਆਨ ਫ਼ੇਰੋ ਕੇ ਅਤੇ ਸੁਖਦੇਵ ਸਿੰਘ ਵਾਸੀ ਮਹੀਆਂ ਵਾਲਾ ਕਲਾਂ ਸ਼ਾਮਲ ਹਨ।

ਦੱਸ ਦਈਏ ਕਿ ਲੰਘੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਲੋਕ ਹਿਤਾਂ ਦੇ ਉਲਟ ਕੋਈ ਫ਼ੈਸਲਾ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਲਈ ਕਿਸਾਨ ਆਪਣਾ ਧਰਨਾ ਫੈਕਟਰੀ ਤੋਂ 300 ਮੀਟਰ ਦੀ ਦੂਰੀ ਲਾ ਲੈਣ ਪਰ ਕਿਸਾਨ ਆਗੂਆਂ ਨੇ ਮੰਤਰੀ ਨੂੰ ਸਪੱਸ਼ਟ ਕੀਤਾ ਕਿ ਜਦੋਂ ਤੱਕ ਫ਼ੈਕਟਰੀ ਬੰਦ ਨਹੀਂ ਹੁੰਦੀ ਉਹ ਆਪਣੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ।

ਕਮੇਟੀ ਦੇ ਫਾਰਮੂਲੇ ‘ਤੇ ਜ਼ੀਰਾ ਧਰਨਾ ਨਹੀਂ ਹੋਵੇਗਾ ਖਤਮ! ‘ਬੇਅਦਬੀ ਇਨਸਾਫ ਦੀ ਝੂਠੀ ਸਹੁੰ ਖਾਣ ਵਾਲਿਆਂ ‘ਤੇ ਨਹੀਂ ਵਿਸ਼ਵਾਸ਼,ਮਾਨ ਹੁਣ ਆਮ ਨਹੀਂ ਖਾਸ

ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ਦੀ ਮਿੱਟੀ, ਪਾਣੀ ਤੇ ਹਵਾ ਨੂੰ ਬਚਾਉਣ ਲਈ ਉਨ੍ਹਾਂ ਦੀ ਇਹ ਜੰਗ ਜਾਰੀ ਰਹੇਗੀ। ਧਾਲੀਵਾਲ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਰ ਪੱਖ ਤੋਂ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ 2006 ਵਿਚ ਲੱਗੀ ਇਸ ਫ਼ੈਕਟਰੀ ਦੀ ਮੁੱਢੋਂ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਇਹ ਫ਼ੈਕਟਰੀ ਗ਼ਲਤ ਢੰਗ ਨਾਲ ਲਾਈ ਗਈ ਹੈ ਤਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਭਰੋਸਾ ਦੇ ਰਹੇ ਹਨ ਤੇ ਕਿਸੇ ਵੀ ਕੀਮਤ ’ਤੇ ਉਹ ਇਸ ਨੂੰ ਪੂਰਾ ਕਰਨਗੇ, ਪਰ ਧਰਨਾਕਾਰੀਆਂ ਵੱਲੋਂ ਉਨ੍ਹਾਂ ਦੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਭਰੋਸਾ ਸਰਕਾਰ ਵੱਲੋਂ ਬਰਗਾੜੀ ਤੇ ਬਹਿਬਲ ਕਲਾਂ ਮੋਰਚੇ ਵੇਲੇ ਵੀ ਦਿੱਤਾ ਗਿਆ ਸੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਬਰੀ ਇਸ ਧਰਨੇ ’ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਇੱਕ ਮਹੀਨੇ ਵਿੱਚ ਪੰਜ ਕਮੇਟੀਆਂ ਬਣਾ ਕੇ ਮਿੱਟੀ, ਹਵਾ, ਪਾਣੀ ਆਦਿ ਦੀ ਜਾਂਚ ਕਰਵਾਈ ਜਾਵੇਗੀ।