ਚੰਡੀਗੜ੍ਹ : ਰੋਜ਼ਾਨਾ ਅਜੀਤ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਬਦਲਾਖੋਰੀ ਦੀ ਇਹ ਸਿਖਰ ਹੈ।
ਉਹਨਾਂ ਕਿਹਾ ਹੈ ਕਿ ਡਾ. ਬਰਜਿੰਦਰ ਸਿੰਘ ਦੀ ਪੰਜਾਬ ਤੇ ਪੰਜਾਬੀ ਬੋਲੀ ਨੂੰ ਬਹੁਤ ਵੱਡੀ ਸੇਵਾ ਹੈ ਤੇ ਜਿਸ ਵਿਅਕਤੀ ਨੇ ਵਿਰਾਸਤ-ਏ-ਖਾਲਸਾ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਹੋਵੇ ਤੇ ਜੰਗ-ਏ-ਆਜ਼ਾਦੀ ਸਮਾਰਕ ਦੀ ਸਥਾਪਨਾ ਵੇਲੇ ਵੀ ਆਪਣਾ ਕਾਫੀ ਸਮਾਂ ਦਿੱਤਾ ਹੋਵੇ,ਉਸ ਨਾਲ ਕਿੜ ਕੱਢਣੀ ਆਪ ਨੂੰ ਸ਼ੋਭਾ ਨਹੀਂ ਦਿੰਦੀ ਹੈ ।
ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਅਜੀਤ ਅਖਬਾਰ ਚ ਇਸ਼ਤਿਹਾਰ ਬੰਦ ਕੀਤੇ ਗਏ ਤੇ ਕੁਮਾਰ ਵਿਸ਼ਵਾਸ ਵਰਗੇ ਕਈ ਲੀਡਰਾਂ ਤੇ ਕੇਸ ਵੀ ਦਰਜ ਕੀਤੇ ਗਏ। ਇਥੋਂ ਤੱਕ ਕਿ ਕੇਜਰੀਵਾਲ ਦੇ ਘਰ ਬਾਰੇ ਰਿਪੋਰਟਿੰਗ ਕਰਨ ਵਾਲੀ ਮਹਿਲਾ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਵੀ ਨਹੀਂ ਬੱਖਸ਼ਿਆ ਗਿਆ।
ਡਾ. ਚੀਮਾ ਨੇ ਕਿਹਾ ਹੈ ਕਿ ਵਿਜੀਲੈਂਸ ਦੀ ਇਹ ਕਾਰਵਾਈ ਪ੍ਰੈਸ ਦੀ ਆਜ਼ਾਦੀ ‘ਤੇ ਹਮਲਾ ਹੈ ਤੇ ਪੰਜਾਬ ਦੇ ਲੋਕ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।