Punjab

ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਿਲੀ ਇਹਨਾਂ ਰਾਜਸੀ ਨੇਤਾਵਾਂ ਦੀ ਹਮਦਰਦੀ, ਮਾਮਲਾ ਵਿਜੀਲੈਂਸ ਵੱਲੋਂ ਸੰਮਨ ਭੇਜੇ ਜਾਣ ਦਾ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿਚ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ/ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਮਾਮਲਾ ਭੱਖ ਗਿਆ ਹੈ ਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਨਿਸ਼ਾਨੇ ਲਾਏ ਜਾ ਰਹੇ ਹਨ।

ਪੰਜਾਬ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ  ਕਾਰਵਾਈ ਨੂੰ ਨਿੰਦਣਯੋਗ ਦੱਸਿਆ ਹੈ ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਪਦਮ ਭੂਸ਼ਨ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਦੀ ਸਭ ਤੋਂ ਸਤਿਕਾਰਤ ਮੀਡੀਆ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ ।

ਉਹਨਾਂ ਆਪ ਸਰਕਾਰ ‘ਤੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਉਹ ਅਜਿਹੀਆਂ ਦਬਾਅ ਦੀਆਂ ਚਾਲਾਂ ਨਾਲ ਪੰਜਾਬ ਦੇ ਮੀਡੀਆ ਵਿੱਚ ਜੋ ਵੀ ਆਜ਼ਾਦ ਆਵਾਜ਼ਾਂ ਬਚੀਆਂ ਹਨ, ਉਨ੍ਹਾਂ ਨੂੰ ਦਬਾ ਦੇਣਾ ਚਾਹੁੰਦੀ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਉਹ ਪੰਜਾਬ ਵਿੱਚ ਇੱਕ ਅਜਿਹਾ “ਬੇਈ-ਮਾਨ ਮੀਡੀਆ” ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਤੋਤੇ ਵਾਂਗ ਸਿਰਫ ਆਪਣੇ ਮਾਲਕ ਦੇ ਹੁਕਮਾਂ ਨੂੰ ਮੰਨੇ।

ਬਾਜਵਾ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰਿਆ ਹੈ ਤੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਰਾਸ਼ਟਰੀ ਪੱਧਰ ‘ਤੇ ਬੀਜੇਪੀ ਦੇ ਖਿਲਾਫ ਨਾਅਰੇਬਾਜ਼ੀ ਕਰਨ ਵਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਬਰਜਿੰਦਰ ਸਿੰਘ ਹਮਦਰਦ ਅਤੇ ਅਜੀਤ ਅਖਬਾਰ ਵਰਗੇ ਉੱਘੇ ਅਖਬਾਰ ਦੇ ਪੱਤਰਕਾਰਾਂ ਨੂੰ ਵੀ ਬਦਲਾਖੋਰੀ ਦੀ ਰਾਜਨੀਤੀ ਤੋਂ ਨਹੀਂ ਬਖਸ਼ ਰਹੇ।

ਖਹਿਰਾ ਨੇ ਇਹ ਵੀ ਕਿਹਾ ਹੈ ਕਿ ਇਹ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਹੋਰ ਮੀਡੀਆ ਵਾਂਗ ਅਜੀਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਹਿਲੀਜ਼ ‘ਤੇ ਪੈਰ ਨਹੀਂ ਰੱਖਦੇ। ਖਹਿਰਾ ਨੇ ਪੰਜਾਬ ਵਿੱਚ ਮੀਡੀਆ ਦੀ ਆਜ਼ਾਦੀ ‘ਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਉਸਾਰੀ ਗਈ ਜੰਗੇ ਅਜ਼ਾਦੀ ਯਾਦਗਾਰ ਦੇ ਫੰਡਾਂ ਬਾਰੇ ਚੱਲ ਰਹੀ ਜਾਂਚ ਸਬੰਧੀ ਅਜੀਤ ਸਮਾਚਾਰ ਦੇ ਮੁੱਖ ਸੰਪਾਦਕ/ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਕਾਰਵਾਈ ਦੇ ਖਿਲਾਫ਼ ਆਵਾਜ਼ ਨੂੰ ਬੁਲੰਦ ਕੀਤਾ ਸੀ।

ਹਾਲਾਂਕਿ ਹੁਣ ਤੱਕ ਬਰਜਿੰਦਰ ਸਿੰਘ ਹਮਦਰਦ ‘ਤੇ ਕੋਈ ਦੋਸ਼ ਨਹੀਂ ਲੱਗਾ ਹੈ, ਪਰ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਬਰਜਿੰਦਰ ਸਿੰਘ ਹਮਦਰਦ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਇਸ ਮਾਮਲੇ ਸਬੰਧੀ ਬਰਜਿੰਦਰ ਸਿੰਘ ਹਮਦਰਦ ਦੀ ਫਿਲਹਾਲ ਕੋਈ ਪ੍ਰਤੀਕ੍ਰਿਰਿਆ ਸਾਹਮਣੇ ਨਹੀਂ ਆਈ ਹੈ।