Punjab

ਪਿੰਡ ਖੱਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਦੀ ਫੋਟੋ ਲਾਹ ਦੇਣ ‘ਤੇ ਅਕਾਲੀ ਦਲ ਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ

ਸ਼ਹੀਦ ਭਗਤ ਸਿੰਘ ਨਗਰ :  ਮੁਹੱਲਾ ਕਲੀਨਿਕਾਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਲਗਾਤਾਰ ਕਾਰਨ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀ ਹੈ ਪਰ ਹੁਣ ਅਕਾਲੀ ਦਲ ਵਲੋਂ ਕੀਤਾ ਗਿਆ ਵਿਰੋਧ ਸ਼ਹੀਦ-ਏ -ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਨਾਲ ਜੁੜਿਆ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਇਹ ਇਲਜ਼ਾਮ ਲਗਾਇਆ ਹੈ ਕਿ ਪਿੰਡ ਖੱਟਕੜ ਕਲਾਂ ਵਿੱਖੇ ਬਣਾਏ ਗਏ  ਮੁਹੱਲਾ ਕਲੀਨਿਕ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਬਿਲਕੁਲ ਹੀ ਅੱਖੋਂ-ਪਰੋਖੇ ਕਰਦੇ ਹੋਏ ਉਹਨਾਂ ਦੀ ਥਾਂ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਲਾਈ ਗਈ ਹੈ।

 

ਡਾ.ਚੀਮਾ ਨੇ ਟਵੀਟ ਵਿੱਚ ਇਸ ਗੱਲ ਨੂੰ ਬਹੁਤ ਦੁੱਖਦਾਈ ਦੱਸਿਆ ਹੈ ਤੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿਖੇ ਸਹੁੰ ਚੁੱਕਣ ਵਾਲੀ ਪੰਜਾਬ ਸਰਕਾਰ ਨੇ ਮਹਾਨ ਸ਼ਹੀਦ ਦੀ ਫੋਟੋ ਹਟਾ ਕੇ ਉਸ ਦੀ ਥਾਂ ‘ਤੇ ਆਪਣੇ ਮੁੱਖ ਮੰਤਰੀ ਦੀ ਫੋਟੋ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 10 ਬਿਸਤਰਿਆਂ ਵਾਲੇ ਹਸਪਤਾਲ ਦਾ ਪੱਧਰ ਘਟਾ ਕੇ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਹੈ।

ਡਾ. ਚੀਮਾ ਨੇ ਆਪਣੇ ਇਸ ਟਵੀਟ ਨਾਲ ਦਾਅਵੇ ਨੂੰ ਪੁੱਖਤਾ ਕਰਦੀਆਂ ਅਖਬਾਰ ਵਿੱਚ ਛੱਪੀਆਂ ਖ਼ਬਰਾਂ ਵੀ ਸਾਂਝੀਆਂ ਕੀਤੀਆਂ ਹਨ,ਜਿਸ ਵਿੱਚ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸੰਨ 1973 ਵਿੱਚ ਬਣੇ ਸਿਹਤ ਕੇਂਦਰ ਵਿੱਚ ਨਾ ਸਿਰਫ ਸ਼ਹੀਦ ਭਗਤ ਸਿੰਘ ਦੇ ਬਚਪਨ ਦੀ,ਸਗੋਂ ਉਹਨਾਂ ਦੇ ਚਾਚਾ ਅਜੀਤ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਸੀ ਪਰ ਹੁਣ ਬਣੇ ਨਵੇਂ ਮੁਹੱਲਾ ਕਲੀਨਿਕ ਵਿੱਚ ਸਿਰਫ ਮੁੱਖ ਮੰਤਰੀ ਮਾਨ ਦੀ ਤਸਵੀਰ ਹੀ ਲੱਗੀ ਹੋਈ ਹੈ।