Punjab

ਸ਼ਮਸ਼ਾਨ ਤੋਂ ਪੱਤਰਕਾਰ NS ਪਰਵਾਨਾ ਦੇ ਪੁੱਤ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ !

Journalist ns parwana son arrested

ਬਿਊਰੋ ਰਿਪੋਰਟ : ਪੰਜਾਬ ਦੇ ਸਭ ਤੋਂ ਬਜ਼ੁਰਗ ਅਤੇ ਉੱਗੇ ਪੱਤਰਕਾਰ NS ਪਰਵਾਨਾ ਦੇ ਪੁੱਤਰ ਨੂੰ ਬਹੁਕਰੋੜੀ ਸਨਅਤੀ ਪਲਾਂਟ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਸਸਕਾਰ ਦੀਆਂ ਕਿਰੀਆਂ ਪੂਰੀਆਂ ਕਰਨ ਤੋਂ ਬਾਅਦ ਬਾਹਰ ਆਉਣ ‘ਤੇ ਗ੍ਰਿਫਤਾਰ ਕਰ ਲਿਆ । ਸ਼ਨਿੱਚਰਵਾਰ ਹੀ ਪੱਤਕਾਰ ਪਰਵਾਨਾ ਦਾ ਦੇਹਾਂਤ ਹੋਇਆ ਸੀ,ਉਹ 84 ਸਾਲ ਦੀ ਉਮਰ ਵਿੱਚ ਵੀ ਅਜੀਤ ਅਖਬਾਰ ਦੇ ਲਈ ਰਿਪੋਰਟਿੰਗ ਕਰਦੇ ਸਨ । ਤਕਰੀਬਨ 6 ਦਹਾਕਿਆਂ ਤੱਕ ਪੱਤਰਕਾਰੀਤਾ ਕਰਨ ਵਾਲੇ NS ਪਰਵਾਨਾ ਨੇ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਨੂੰ ਕਵਰ ਕੀਤਾ ਹੈ । ਉਨ੍ਹਾਂ ਦੇ ਸਸਕਾਰ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਸਨੀਲ ਜਾਖੜ,ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਸਨ। ਪਰ ਇਸ ਦੇ ਬਾਵਜੂਦ ਵਿਜੀਲੈਂਸ ਨੇ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਨੂੰ ਸਸ਼ਮਾਨ ਘਾਟ ਦੇ ਬਾਹਰ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਅਲਾਹਣੀਆਂ ਦੇ ਪਾਠ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਉਸ ਨੁੰ ਲੈਕੇ ਪੰਜਾਬ ਐਂਡ ਚੰਡੀਗੜ੍ਹ ਜਨਰਲਿਸਟ ਯੂਨੀਅਨ ਨੇ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਹੈ । ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵੀਡੀਓ ਜਾਰੀ ਕਰਕੇ ਇਸ ਦੀ ਸਖਤ ਨਿਖੇਦੀ ਕੀਤੀ ਹੈ

ਇਸ ਮਾਮਲੇ ਵਿੱਚ ਪਰਵਾਨਾ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ

ਵਿਜੀਲੈਂਸ ਦੀ ਟੀਮ ਨੇ ਪਰਵਾਨਾ ਦੇ ਪੁੱਤਰ ਐੱਸਪੀ ਸਿੰਘ ਨੂੰ ਸਨਅਤੀ ਪਲਾਟਾਂ ਦੀ ਵੰਡ ਦੇ ਬਹੁਕਰੋੜੀ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਹ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਦੇ ਐਗਜ਼ੀਕਿਊਟਿਵ ਮੈਂਬਰ ਸਨ । ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਐੱਸਪੀ ਸਿੰਘ ਵਿਦੇਸ਼ ਚੱਲੇ ਗਏ ਸਨ । ਉਨ੍ਹਾਂ ਖਿਲਾਫ ਲੁੱਕ ਆਉਟ ਨੋਟਿਸ ਜਾਰੀ ਕੀਤਾ ਗਿਆ ਸੀ। ਜਦੋਂ ਸੰਸਕਾਰ ਵਾਲੀ ਥਾਂ ‘ਤੇ ਵਿਜੀਲੈਂਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਕਈ ਪੱਤਰਕਾਰਾਂ ਨੇ ਵਿਜੀਲੈਂਸ ਨੂੰ ਇਸ ਮੌਕੇ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਪਰ ਵਿਜੀਲੈਂਸ ਦੇ ਅਫਸਰ ਨਹੀਂ ਮੰਨੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਜੀਲੈਂਸ ਨੇ ਉਦਯੋਗ ਵਿਭਾਗ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਇੱਕ IAS ਅਧਿਕਾਰੀ ਤੋਂ ਇਲਾਵਾ 10 ਹੋਰ ਅਧਿਕਾਰੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਸੀ ।

 

ਪੱਤਰਕਾਰਾਂ ਐਸੋਸੀਏਸ਼ਨ ਵੱਲੋਂ ਵਿਜੀਲੈਂਸ ਦੇ ਵਤੀਰੇ ਦੀ ਨਿੰਦਾ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸ੍ਰੋਮਣੀ ਪੱਤਰਕਾਰ ਐਨ ਐਸ ਪਰਵਾਨਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਜੀਲੈਂਸ ਵਲੋਂ ਉਨ੍ਹਾਂ ਦੇ ਬੇਟੇ ਐੱਸ.ਪੀ ਸਿੰਘ ਨੂੰ ਸ਼ਮਸ਼ਾਨ ਘਾਟ ਵਿਚੋਂ ਹਿਰਾਸਤ ’ਚ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇੰਡੀਅਨ ਜਰਨਾਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਪੰਜਾਬ ਤੇ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਕਿਹਾ ਪਰਵਾਨਾ ਜੀ ਦੇ ਦਿਹਾਂਤ ਨਾਲ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।

ਯੂਨੀਅਨ ਆਗੂਆਂ ਨੇ ਕਿਹਾ ਕਿ ਬਾਪ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਪੁੱਤ ਨੂੰ ਹਿਰਾਸਤ ਵਿਚ ਲੈਣ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਮੌਕਾ ਵਿਚਾਰਨਾ ਚਾਹੀਦਾ ਸੀ। ਯੂਨੀਅਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਐੱਸ.ਪੀ ਸਿੰਘ ਵਿਜੀਲੈਂਸ ਨੂੰ ਇਕ ਕੇਸ ਵਿਚ ਲੋੜੀਂਦਾ ਹੈ, ਪਰ ਉਨ੍ਹਾਂ ਨੂੰ ਸੀਨੀਅਰ ਪੱਤਰਕਾਰ ਤੇ ਬਾਪ ਦੇ ਭੋਗ ਤੱਕ ਹਿਰਾਸਤ ਵਿਚ ਲੈਣ ਦੀ ਰਾਹਤ ਦੇਣੀ ਚਾਹੀਦੀ ਸੀ। ਮਾਂ ਬਾਪ ਦੇ ਸਸਕਾਰ ਅਤੇ ਭੋਗ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਤਾਂ ਅਦਾਲਤਾਂ ਵੀ ਵੱਡੇ ਵੱਡੇ ਮਾਮਲਿਆਂ ਵਿਚ ਗ੍ਰਿਫ਼ਤਾਰ ਵਿਅਕਤੀਆਂ ਨੂੰ ਜਮਾਨਤ ਦਿੰਦੀਆਂ ਹਨ। ਜਦਕਿ ਐੱਸ.ਪੀ ਸਿੰਘ ਵਿਜੀਲੈਂਸ ਅਧਿਕਾਰੀਆਂ ਨੂੰ ਬਾਪ ਦੇ ਭੋਗ ਤੱਕ ਇੱਥੋ ਤੱਕ ਗੁਰਦੁਆਰਾ ਸਾਹਿਬ ਵਿਚ ਅਲਾਹਣੀਆਂ ਦਾ ਪਾਠ ਵਿਚ ਸ਼ਾਮਲ ਹੋਣ ਲਈ ਮਿੰਨਤਾਂ ਕਰਦਾ ਰਿਹਾ। ਪਰ ਵਿਜੀਲੈਂਸ ਅਧਿਕਾਰੀਆਂ ਨੇ ਇਕ ਨਾ ਸੁਣੀ। ਉਧਰ ਬਲੌਂਗੀ ਦੀ ਸ਼ਮਸ਼ਾਨਘਾਟ ਵਿਚ ਅੱਜ ਐਨ.ਐੱਸ ਪਰਵਾਨਾ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ, ਰਿਸ਼ਤੇਦਾਰਾਂ, ਸਗੇ ਸਬੰਧੀਆਂ ਤੋਂ ਬਿਨਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਅੰਤ ਚੋਟਾਲਾ, ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ , ਡਾ ਦਲਜੀਤ ਚੀਮਾ , ਸੁਨੀਲ ਜਾਖੜ, ਬਲਵੀਰ ਸਿੱਧੂ , ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਅਹੁੱਦੇਦਾਰ, ਮੈਂਬਰਾਨ , ਪ੍ਰੈੱਸ ਕਲੱਬ ਦੇ ਮੈਂਬਰਾਨ, ਹਾਜ਼ਰ ਸਨ।