Punjab

ਕਿਸਾਨ ਸੁਰਿੰਦਰਪਾਲ ਦਾ ਹੋਇਆ ਸਸਕਾਰ, ਪ੍ਰਸਾਸ਼ਨ ਨੇ ਮੰਨੀਆਂ ਮੰਗਾਂ

ਬਿਉਰੋ ਰਿਪੋਰਟ – ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਮਾਰੇ ਗਏ ਕਿਸਾਨ ਸੁਰਿੰਦਰਪਾਲ ਸਿੰਘ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਸੁਰਿੰਦਰਪਾਲ ਨਾਲ ਧੱਕਾਮੁੱਕੀ ਕਰਨ ਵਾਲੇ ਭਾਜਪਾ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਾਲ-ਨਾਲ ਹੋਰ ਮੰਗਾਂ ਨੂੰ ਲੈ ਕੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਸਾਨਾਂ ਵੱਲੋਂ ਇਸ ਸਬੰਧੀ ਪ੍ਰਸਾਸ਼ਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਗਿਆ ਸੀ। ਜਿਸ ਦਾ ਸਮਾਂ ਬੀਤੇ ਕੱਲ੍ਹ ਪੂਰਾ ਹੋਣ ‘ਤੇ ਕਿਸਾਨਾਂ ਨੇ ਪ੍ਰਨੀਤ ਕੌਰ ਦੇ ਘਰ ਅੱਗੇ ਪੱਕਾ ਮੋਰਚਾ ਲਗਾਉਣ ਦਾ ਵੀ ਐਲਾਨ ਕਰ ਦਿੱਤਾ ਸੀ।

ਕਿਸਾਨਾਂ ਦੇ ਹਮਲਾਵਰ ਰੁੱਖ ਨੂੰ ਦੇਖਦਿਆਂ ਹੋਇਆ ਪ੍ਰਸਾਸ਼ਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ, ਜਿਸ ਤੋਂ ਬਾਅਦ ਅੱਜ ਕਿਸਾਨ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਆਕੜੀ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਹੈ ਪੂਰਾ ਮਾਮਲਾ

4 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਪ੍ਰਨੀਤ ਕੌਰ ਪਿੰਡ ਸੇਹਰਾ ਵਿਖੇ ਪ੍ਰਚਾਰ ਲਈ ਪੁੱਜੀ ਹੋਈ ਸੀ ਤਾਂ ਕਿਸਾਨ ਜਦੋਂ ਕਿਸਾਨ ਪ੍ਰਨੀਤ ਕੌਰ ਦੀ ਕਾਰ ਨਜ਼ਦੀਕ ਪਹੁੰਚੇ ਤਾਂ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਉਸ ਦੇ ਸਾਥੀਆਂ ਨੇ ਕਿਸਾਨਾਂ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਿਸਾਨ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਆਕੜੀ ਥੱਲੇ ਡਿੱਗ ਕੇ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।