ਚੰਡੀਗੜ੍ਹ : ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ।
ਇਕ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਚੀਮਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਵੱਲੋਂ ਅਕਾਲੀ ਦਲ ਲਈ ਪ੍ਰਚਾਰ ਕੀਤੇ ਜਾਣ ‘ਤੇ ਪ੍ਰਗਟਾਏ ਇਤਰਾਜ਼ ਦਾ ਵੀ ਜ਼ਿਕਰ ਕੀਤਾ ਹੈ ਤੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਵਰਤੀ ਭਾਸ਼ਾ ਵਿੱਚ ਉਹਨਾਂ ਦੀ ਘਬਰਾਹਟ ਨਜ਼ਰ ਆਉਂਦੀ ਹੈ। ਡਾ. ਚੀਮਾ ਨੇ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਦੱਸਣ ਕਿ ਕਿੱਥੇ ਲਿੱਖਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੋਣ ਪ੍ਰਚਾਰ ਨਹੀਂ ਕਰ ਸਕਦਾ? ਇਹ ਉਹਨਾਂ ਦਾ ਅਧਿਕਾਰ ਹੈ। ਉਹਨਾਂ ਛੇਵੇਂ ਪਾਤਸ਼ਾਹ ਵੱਲੋਂ ਮੀਰੀ-ਪੀਰੀ ਦੇ ਦਿੱਤੇ ਸਿਧਾਂਤ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਉਹਨਾਂ ਹੀ ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ ਸੀ।ਮੁੱਖ ਮੰਤਰੀ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਅਕਾਲੀ ਦਲ ਦਾ ਇਤਿਹਾਸ ਪੜ ਲੈਣਾ ਚਾਹੀਦਾ ਹੈ।
ਉਹਨਾਂ ਮਹਾਤਮਾ ਗਾਂਧੀ ਦੀ ਉਸ ਟੈਲੀਗ੍ਰਾਮ ਦਾ ਵੀ ਹਵਾਲਾ ਦਿੱਤਾ ਜੋ ਉਹਨਾਂ ਚਾਬੀਆਂ ਦਾ ਮੋਰਚਾ ਜਿੱਤਣ ਤੋਂ ਬਾਅਦ ਅਕਾਲੀ ਦਲ ਨੂੰ ਭੇਜੀ ਸੀ ਤੇ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ।ਡਾ.ਚੀਮਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਇਕੋ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਵੀ ਰਹੇ ਸਨ। ਇਸ ਤਰਾਂ ਦੀਆਂ ਹੋਰ ਕਈ ਉਦਾਹਰਨਾਂ ਵੀ ਉਹਨਾਂ ਦਿੱਤੀਆਂ ਤੇ ਮੁੱਖ ਮੰਤਰੀ ਨੂੰ ਦਖਲਅੰਦਾਜੀ ਬੰਦ ਕਰਨ ਲਈ ਕਿਹਾ।
ਮੁੱਖ ਮੰਤਰੀ ‘ਤੇ ਲਗਾਤਾਰ ਵਾਰ ਕਰਦੇ ਹੋਏ ਡਾ.ਚੀਮਾ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀਆਂ ਲਗਾਤਾਰ ਗ੍ਰਿਫਤਾਰੀਆਂ ਦਾ ਵਿਰੋਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ,ਇਸ ਲਈ ਮੁੱਖ ਮੰਤਰੀ ਇਹ ਬਿਆਨ ਦੇ ਰਹੇ ਹਨ।
ਮੁੱਖ ਮੰਤਰੀ ਪੰਜਾਬ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ ਦਿੰਦੇ ਹੋਏ ਡਾ.ਚੀਮਾ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਝੂਠ ਬੋਲਿਆ ਸੀ ਕਿ ਕਿਸੇ ਵੀ ਅੰਮ੍ਰਿਤਧਾਰੀ ਨੌਜਵਾਨ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਸ੍ਰੀ ਅਕਾਲ ਤਖਤ ਤੋਂ ਵਿਰੋਧ ਹੁੰਦੇ ਸਾਰ ਹੀ 348 ਨੌਜਵਾਨਾਂ ਨੂੰ ਰਿਹਾਅ ਕਰਕੇ ਉਹਨਾਂ ਦੀ ਸੂਚੀ ਸ੍ਰੀ ਅਕਾਲ ਤਖਤ ਸਾਹਿਬ ਭੇਜ ਦਿੱਤੀ ਗਈ।ਪਿਛਲੇ ਦਿਨੀਂ ਪੰਜਾਬ ਵਿੱਚ ਬਣੇ ਹਾਲਾਤਾਂ ਤੇ ਵਿਸਾਖੀ ਮੌਕੇ ਗੁਰੂਘਰਾਂ ਚ ਪੁਲਿਸ ਲਾਉਣਾ ਤੇ ਸ਼ਰਧਾਲੂਆਂ ਦੀਆਂ ਤਲਾਸ਼ੀਆਂ ਲੈਣ ਵਰਗੀਆਂ ਕਾਰਵਾਈਆਂ ਦੇਖ ਜਥੇਦਾਰ ਨੇ ਸਵਾਲ ਕਰਨੇ ਹੀ ਸੀ ਤੇ ਕਮੀਆਂ ਆ ਕੇ ਲੋਕਾਂ ਵਿੱਚ ਦੱਸਣੀਆਂ ਹੀ ਸੀ।ਮੁੱਖ ਮੰਤਰੀ ਪੰਜਾਬ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਡਾ. ਚੀਮਾ ਨੇ ਕਿਹਾ ਕਿ ਉਹ ਕਿਸੇ ਵੀ ਵੇਲੇ ਇਸ ਬਹਿਸ ਲਈ ਤਿਆਰ ਹਨ ਕਿ ਕਮੇਟੀ ਦੇ ਪ੍ਰਧਾਨ ਸਹੀ ਹਨ ਜਾਂ ਮੁੱਖ ਮੰਤਰੀ ਪੰਜਾਬ।
ਡਾ.ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਦਾਖਲ ਕੀਤੇ ਐਫੀਡੇਵਿਟਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਦਾਲਤ ਵਿੱਚ ਹੋਈ ਜਿੱਤ ਦਾ ਜਿੰਮੇਵਾਰ ਦੱਸਿਆ ਹੈ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਰਾਜਪਾਲ ਨੂੰ ਸੌਂਪੀ ਗਈ ਸੀਡੀ ਬਾਰੇ ਬੋਲਦਿਆਂ ਡਾ.ਚੀਮਾ ਨੇ ਕਿਹਾ ਹੈ ਕਿ ਨਿਰਪੱਖ ਜਾਂਚ ਲਈ ਇਹ ਜ਼ਰੂਰੀ ਹੈ ਕਿ ਇਸ ਮੰਤਰੀ ਦਾ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ। ਉਹਨਾਂ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉੱਚ ਪੱਧਰੀ ਜਾਂਚ ਇਸ ਮਾਮਲੇ ਦੀ ਹੋਣੀ ਚਾਹੀਦੀ ਹੈ।
ਮੋਰਿੰਡਾ ਬੇਅਦਬੀ ਦੋਸ਼ੀ ਦੀ ਮੌਤ ਹੋ ਜਾਣ ਦੇ ਮਾਮਲੇ ਦੀ ਵੀ ਡਾ.ਚੀਮਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਬੇਅਦਬੀਆਂ ਦੇ ਦੋਸ਼ੀਆਂ ਦੀ ਮੌਤ ਹੋਈ ਹੈ। ਇਸ ਲਈ ਇਹਨਾਂ ਨੂੰ ਸਾਧਾਰਨ ਮੌਤ ਕਹਿ ਕੇ ਮਾਮਲੇ ਨੂੰ ਦਬਾਇਆ ਨਹੀਂ ਜਾ ਸਕਦਾ।ਸੋ ਜ਼ਰੂਰੀ ਹੈ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਅਸਲ ਦੋਸ਼ੀ ਦਾ ਪਤਾ ਲੱਗ ਸਕੇ।
ਸਵਾਲਾਂ ਦੇ ਜੁਆਬ
ਰਾਘਵ ਚੱਢਾ ਵਲੋਂ ਆਪਣੇ ਬੇਗੁਨਾਹ ਹੋਣ ਤੇ ਈਡੀ ਵੱਲੋਂ ਨਾਮਜ਼ਦ ਕੀਤੇ ਜਾਣ ਦੀਆਂ ਖ਼ਬਰਾਂ ਦੇ ਖੰਡਨ ਸੰਬੰਧੀ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਡਾ ਚੀਮਾ ਨੇ ਕਿਹਾ ਹੈ ਕਿ ਵਕਤ ਆਉਣ ਤੇ ਸਭ ਕੁੱਝ ਸਾਫ਼ ਹੋ ਜਾਵੇਗਾ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਾ ਆਏ ਹਨ ਤੇ ਹੋਰ ਨੇਤਾ ਹਾਲੇ ਵੀ ਅੰਦਰ ਹਨ ਤੇ ਇਸ ਮਾਮਲੇ ਦੇ ਤਾਰ ਪੰਜਾਬ ਨਾਲ ਵੀ ਜੁੜਦੇ ਹਨ। ਦਿੱਲੀ ਵਿੱਚ ਇਸ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਸੀ ਪਰ ਉਹ ਫਿਰ ਵੀ ਫਸ ਗਏ ਪਰ ਪੰਜਾਬ ਵਿੱਚ ਉਹੀ ਪਾਲਿਸੀ ਹਾਲੇ ਵੀ ਲਾਗੂ ਹੈ ਤੇ ਜਲਦ ਹੀ ਪੰਜਾਬ ਦੇ ਹੋਰ ਆਗੂਆਂ ਦੇ ਨਾਂ ਵੀ ਇਸ ਵਿੱਚ ਸਾਹਮਣੇ ਆਉਣਗੇ।।
ਮਨਜਿੰਦਰ ਸਿੰਘ ਸਿਰਸਾ ਵਲੋਂ ਸੀਡੀ ਮਾਮਲੇ ‘ਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਦਾ ਨਾਂ ਲਏ ਜਾਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਡਾ.ਚੀਮਾ ਨੇ ਮਜ਼ਾਕਿਆ ਅੰਦਾਜ਼ ਵਿਚ ਕਿਹਾ ਕਿ ਉਹ ਰਾਜ ਕਰ ਰਹੀ ਪਾਰਟੀ ਦੇ ਹਨ,ਹੋ ਸਕਦਾ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ।