Punjab

ਮੋਰਿੰਡਾ ਬੇਅਦਬੀ ਦੇ ਮੁੱਖ ਮੁਲਜ਼ਮ ਖਿਲਾਫ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੱਡਾ ਨਿਰਦੇਸ਼ ਜਾਰੀ !

ਬਿਊਰੋ ਰਿਪੋਰਟ : ਸਿੱਖ ਜਥੇਬੰਦੀਆਂ ਤੋਂ ਬਾਅਦ ਹੁਣ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸਿੱਖ ਸੰਗਤਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਮੋਰਿੰਡਾ ਬੇਅਦਬੀ ਦੇ ਮੁਲਜ਼ਮ ਜਸਬੀਰ ਜੱਸੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕੋਈ ਵੀ ਸ਼ਖਸ ਦੁਸ਼ਟ ਦੇ ਸਸਕਾਰ ਵਿੱਚ ਸ਼ਾਮਲ ਨਾ ਹੋਵੇ। ਇਸ ਤੋਂ ਇਲਾਵਾ ਜਸਬੀਰ ਜੱਸੀ ਦੀਆਂ ਅੰਤਿਮ ਰਸਮਾਂ ਵਿੱਚ ਕਿਸੇ ਵੀ ਗੁਰੂ ਘਰ ਵਿੱਚ ਪਾਠ ਨਾ ਰੱਖਿਆ ਜਾਵੇਂ,ਕੋਈ ਵੀ ਪਾਠੀ ਸਿੰਘ ਅਤੇ ਰਾਗੀ ਇਸ ਦੇ ਭੋਗ ਸਮਾਗਮ ਵਿੱਚ ਸ਼ਾਮਲ ਨਾ ਹੋਣ । ਕੋਈ ਵੀ ਸਿੱਖ ਪਰਿਵਾਰ ਆਪਣੇ ਘਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭੋਗ ਦੇ ਲਈ ਜਸਵੀਰ ਜੱਸੀ ਦੇ ਪਰਿਵਾਰ ਨੂੰ ਨਾ ਦੇਵੇ ।

ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜਿਹੜੀ ਬੇਅਦਬੀ ਜਸਬੀਰ ਜੱਸੀ ਨੇ ਕੀਤੀ ਹੈ ਉਹ ਘਿਨੌਣੀ ਹੈ ਅਤੇ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ ।

ਅੱਠੇ ਪਹਿਰ ਟਹਿਲ ਜਥੇਬੰਦੀ ਨੇ ਕੀਤੀ ਸੀ ਅਪੀਲ

ਅੱਠੇ ਪਹਿਰ ਟਹਿਲ ਸੇਵਾ ਜਥੇਬੰਦੀ ਨੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਮੋਰਿੰਡਾ ਵਿੱਚ ਨਾ ਕਰਨ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ । ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ‘ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲ ਗਈ ਹੈ ਪਰ ਮੁਰਿੰਡੇ ਦੀ ਧਰਤੀ ‘ਤੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਉਂਝ ਤਾਂ ਪੰਜਾਬ ਦੀ ਧਰਤੀ ‘ਤੇ ਉਸ ਦੇ ਸਸਕਾਰ ਦੀ ਰਸਮ ਦੀ ਅਦਾਇਗੀ ਨਹੀਂ ਹੋਣ ਚਾਹੀਦੀ ਪਰ ਘੱਟੋ-ਘੱਟ ਮੁਰਿੰਡੇ ਵਿੱਚ ਤਾਂ ਇਹ ਬਿਲਕੁੱਲ ਨਹੀਂ ਹੋਣਾ ਚਾਹੀਦਾ।

ਇਸ ਤੋਂ ਇਲਾਵਾ ਟਹਿਲ ਸੇਵਾ ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਬੇਅਦਬੀ ਦੇ ਦੋਸ਼ੀ ਜਸਵੀਰ ਦਾ ਅੰਤਿਮ ਸਸਕਾਰ ਸਿੱਖ ਰਸਮਾਂ ਦੇ ਨਾਲ ਨਾ ਕੀਤਾ ਜਾਵੇਂ। ਉੁਨ੍ਹਾਂ ਨੇ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਕੀਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਸਵੀਰ ਸਿੰਘ ਦੀ ਕਿਸੇ ਵੀ ਅੰਤਿਮ ਵਿਦਾਈ ਦੀ ਰਸਮ ਵਿੱਚ ਸ਼ਾਮਲ ਨਾ ਹੋਣ। ਟਹਿਲ ਸੇਵਾ ਜਥੇਬੰਦੀ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਕਿਸੇ ਗੁਰਦੁਆਰੇ ਵਿੱਚ ਜਸਵੀਰ ਸਿੰਘ ਦੀ ਅੰਤਿਮ ਰਸਮ ਹੁੰਦੀ ਹੈ ਤਾਂ ਇਹ ਕਿਸੇ ਬੇਅਦਬੀ ਤੋਂ ਘੱਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਇਸ ਵਿੱਚ ਸ਼ਾਮਲ ਹਰ ਇੱਕ ਸ਼ਖਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਮੁਰਿੰਡੇ ਵਿੱਚ ਹੋਈ ਬੇਅਦਬੀ ਦੀ ਘਟਨਾ ਨੇ ਹਰ ਇੱਕ ਸਿੱਖ ਦਾ ਹਿਰਦਾ ਵਲੂੰਧਰਿਆ ਹੈ। ਇਸ ਦੇ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਪਛਚਾਤਾਪ ਦੇ ਪਾਠ ਕਰਵਾਏ ਗਏ ਸਨ, ਜੇਕਰ ਇਸ ਦੇ ਬਾਵਜੂਦ ਜਸਵੀਰ ਦਾ ਸਿੱਖ ਮਰਿਆਦਾ ਦੇ ਨਾਲ ਸਸਕਾਰ ਕੀਤਾ ਜਾਵੇਗਾ ਤਾਂ ਇਸ ਦਾ ਕੀ ਫਾਇਦਾ ਹੋਵੇਗਾ ?