ਅੰਮ੍ਰਿਤਸਰ : ਮਾਝਾ ਖੇਤਰ ਦੀ ਧਰਤੀ ਅੰਮ੍ਰਿਤਸਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੱਡੀ ਸੌਗਾਤ ਦਿੱਤੀ ਹੈ। ਮਾਨ ਨੇ ਅੱਜ ਇਥੇ ਵੱਲਾ ਰੇਲਵੇ ਫਾਟਕ ਦਾ ਉਦਘਾਟਨ ਕੀਤਾ ਹੈ। ਲਗਭਗ 33 ਕਰੋੜ ਦੀ ਲਾਗਤ ਨਾਲ ਬਣੇ ਇਸ ਰੇਲਵੇ ਓਵਰ ਬ੍ਰਿਜ ਕਾਰਨ ਲੋਕਾਂ ਨੂੰ ਇੱਕ ਵੱਡਾ ਫਾਇਦਾ ਹੋਣ ਦੀ ਉਮੀਦ ਹੈ ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਜੀ20 ਸੰਮੇਲਨਾਂ ਬਾਰੇ ਗੱਲ ਕੀਤੀ ਤੇ ਇਹ ਕਿਹਾ ਕਿ ਇਸ ਦੌਰਾਨ ਆਏ ਹੋਏ ਵਿਦੇਸ਼ੀ ਮਹਿਮਾਨਾਂ ਨੇ ਇਹ ਕਿਹਾ ਹੈ ਕਿ ਪੰਜਾਬ ਵਿੱਚ ਹੁਣ ਤੱਕ ਦੀ ਸਭ ਤੋਂ ਵਧੀਆ ਮਹਿਮਾਨ ਨਿਵਾਜੀ ਦੇਖਣ ਨੂੰ ਮਿਲੀ ਹੈ। ਮਾਨ ਨੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ।
ਮੁੱਖ ਮੰਤਰੀ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਿੱਖਿਆ ਸੰਬੰਧੀ ਸੰਮੇਲਨ ਦੇ ਕਾਮਯਾਬ ਆਯੋਜਨ ਦੇ ਮਗਰੋਂ ਹੁਣ ਮਜ਼ਦੂਰਾਂ ਨਾਲ ਸੰਬੰਧਿਤ ਜੀ 20 ਸੰਮੇਲਨ ਵੀ ਕੱਲ ਇਥੇ ਸ਼ੁਰੂ ਹੋਣ ਜਾ ਰਿਹਾ ਹੈ ।
ਮਾਨ ਨੇ ਕਿਹਾ ਕਿ ਸਿੱਖਿਆ ਨਾਲ ਸੰਬੰਧਤ ਸੰਮੇਲਨ ਵਿੱਚ ਵਿਚਾਰ ਵਟਾਂਦਰੇ ਦੌਰਾਨ ਇਸ ਖੇਤਰ ਵਿੱਚ ਆਪਸੀ ਸਹਿਯੋਗ ਕਰਨ ਦੀ ਗੱਲ ਹੋਈ ਹੈ ਤੇ ਹੁਣ ਕੱਲ ਤੇ ਪਰਸੋਂ ਨੂੰ ਮਜ਼ਦੂਰਾਂ ਦੇ ਹੱਕਾਂ ਬਾਰੇ ਗੱਲ ਕਰਨ ਲਈ ਤੇ ਜੀਵਨ ਪੱਧਰ ਉੱਚਾ ਚੁੱਕਣ ਸੰਬੰਧੀ ਸਮਾਗਮ ਹੋਣਗੇ ਤੇ ਇਥੇ ਨਿਕਲੇ ਨਤੀਜੇ ਸਤੰਬਰ ਵਿੱਚ ਹੋਣ ਵਾਲੇ ਮੁੱਖ ਸੰਮੇਲਨ ਵਿੱਚ ਪੇਸ਼ ਕੀਤੇ ਜਾਣਗੇ। ਅੰਮ੍ਰਿਤਸਰ ਸੰਮੇਲਨ ਵਿੱਚ ਜੋ ਵੀ ਨਿਕਲ ਕੇ ਆਵੇਗਾ,ਉਸ ਨੂੰ ਮੁੱਖ ਸੰਮੇਲਨ ਵਿੱਚ ਰੱਖਿਆ ਜਾਵੇਗਾ ਤੇ ਦੁਨੀਆ ਦੇ 80 ਫੀਸਦੀ ਦੇਸ਼ ਉਸ ਨੂੰ ਸੁਣਨਗੇ।
ਸਿੱਖਿਆ ਦੇ ਮਾਮਲੇ ‘ਤੇ ਬੋਲਦਿਆਂ ਮਾਨ ਨੇ ਕਿਹਾ ਹੈ ਕਿ ਦੁਨੀਆ ਪੱਧਰ ਦੀ ਪੜਾਈ ਪੰਜਾਬ ਵਿੱਚ ਹੋਣੀ ਚਾਹੀਦੀ ਹੈ।
ਮਾਨ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਦੇਖ ਕੇ ਹੀ ਪੰਜਾਬ ਵਿੱਚ 16 ਮੈਡੀਕਲ ਕਾਲਜ ਪੰਜਾਬ ਵਿੱਚ ਬਣਾਉਣ ਦੀ ਯੋਜਨਾ ਉਹਨਾਂ ਦੇ ਦਿਮਾਗ ਵਿੱਚ ਆਈ ਸੀ। ਉਧਰੋਂ ਵਾਪਸ ਆਏ ਹੁਸ਼ਿਆਰ ਵਿਦਿਆਰਥੀ ਰਿਜ਼ਰਵੇਸ਼ਨ ਤੇ ਆਰਥਿਕ ਕਾਰਨਾਂ ਕਰਕੇ ਬਾਹਰ ਗਏ ਸੀ। ਸੋ ਇਸ ਲਈ ਹੁਣ ਪੰਜਾਬ ਦੇ ਬੱਚਿਆਂ ਨੂੰ ਅੰਤਰਾਰਾਸ਼ਟਰੀ ਪੜਾਈ ਹੁਣ ਪੰਜਾਬ ਵਿੱਚ ਹੀ ਉਪਲਬੱਧ ਕਰਵਾਉਣ ਲਈ ਸਰਕਾਰ ਵਚਨਬੱਧ ਹੈ।
ਸਕੂਲ ਆਫ ਐਮੀਨੈਂਸ ਦਾ ਮਤਲਬ ਸਮਝਾਉਂਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅੱਠਵੀਂ ਤੱਕ ਬੱਚੇ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਦਿਲਚਸਪੀ ਕਿਸ ਪਾਸੇ ਹੈ ,ਸੋ ਹੁਣ ਸਕੂਲ ਆਫ ਐਮੀਨੈਂਸ ਵਿੱਚ 9ਵੀਂ ਤੋਂ ਲੈ ਕੇ 12ਵੀਂ ਤੱਕ ਉਹੀ ਪੜਾਇਆ ਜਾਵੇਗਾ,ਜਿਸ ਵਿੱਚ ਉਸ ਦੀ ਦਿਲਚਸਪੀ ਹੈ।
ਇਸ ਦੌਰਾਨ ਐਮਪੀ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਨੇ ਸਟੇਜ ਤੇ ਕੁਝ ਹਲਕੇ-ਫੁਲਕੇ ਪਲ ਮੁੱਖ ਮੰਤਰੀ ਮਾਨ ਨਾਲ ਸਾਂਝੇ ਕੀਤੇ ਤੇ ਇਲਾਕੇ ਦੀ ਭਲਾਈ ਦੇ ਲਈ ਰਲ-ਮਿਲ ਕੇ ਕੰਮ ਕਰਨ ਦੀ ਹਾਮੀ ਭਰੀ।
ਇਸ ਮਗਰੋਂ ਇੱਕ ਵਾਰ ਫਿਰ ਮੁੱਖ ਮੰਤਰੀ ਮਾਨ ਨੇ ਦੱਖਣੀ ਸੂਬਿਆਂ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਰਾਜਾਂ ਦੇ ਪ੍ਰਤੀਨਿਧੀ ਆਪਣੀ ਸਾਂਝੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਹੋ ਜਾਂਦੇ ਹਨ। ਇਸੇ ਤਰਾਂ ਇਧਰ ਵੀ ਹੋਣਾ ਚਾਹੀਦਾ ਹੈ। ਕਿਸੇ ਵੀ ਪਾਰਟੀ ਨਾਲ ਜੁੜੇ ਕਿਸੇ ਵੀ ਬੰਦੇ ਨਾਲ ਇਸ ਲਈ ਨਹੀਂ ਵਿਗਾੜਨੀ ਚਾਹੀਦੀ ਕਿ ਉਸ ਨੇ ਕਿਸੇ ਹੋਰ ਨੂੰ ਵੋਟ ਪਾਈ ਹੈ।