Punjab

ਆਨੰਦ ਕਾਰਜ ਤੋਂ ਬਾਅਦ ਸਿੱਧਾ ਮੋਰਚੇ’ ‘ਚ ਪਹੁੰਚੇ’ਲਾੜਾ-ਲਾੜੀ’! ਪਹੁੰਚਣ ਦਾ ਮਕਸਦ ਦੱਸਿਆ,ਮੋਰਚਾ ਜਿੱਤਣ ਦਾ ਫਾਰਮੂਲਾ ਦੱਸਿਆ

ਬਿਉਰੋ ਰਿਪੋਰਟ : 7 ਜਨਵਰੀ ਤੋਂ ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ । ਪੰਜਾਬ ਦੇ ਹਰ ਵਰਗ ਦੀ ਉਸ ਨੂੰ ਹਮਾਇਤ ਮਿਲ ਰਹੀ ਹੈ । ਉਹ ਭਾਵੇ ਕਿਸਾਨ ਹੋਵੇ ਵਪਾਰੀ ਜਾਂ ਫਿਰ ਨੌਕਰੀ ਪੇਸ਼ਾ । ਹਰ ਕੋਈ ਰੋਜ਼ਾਨਾ ਮੋਰਚੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰੀ ਜ਼ਰੂਰ ਭਰ ਰਿਹਾ ਹੈ। ਇਸੇ ਦੌਰਾਨ ਇੱਕ ਹੋਰ ਤਸਵੀਰ ਵੇਖਣ ਨੂੰ ਮਿਲੀ । ਲਾੜਾ ਲਾੜੀ ਆਨੰਦ ਕਾਰਜ ਦੀ ਰਸਮ ਨਿਭਾਉਣ ਤੋਂ ਬਾਅਦ ਘਰ ਜਾਣ ਤੋਂ ਪਹਿਲਾਂ ਸਿੱਧਾ ਮੋਰਚੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮੋਰਚੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕੀਤੀ । ਲਾੜਾ-ਲਾੜੀ ਨੇ ਕਿਹਾ ਉਨ੍ਹਾਂ ਨੇ ਪਹਿਲਾਂ ਹੀ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਉਹ ਮੋਰਚੇ ਵਿੱਚ ਜਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲੈਣਗੇ । ਇਸ ਦੌਰਾਨ ਲਾੜਾ-ਲਾੜੀ ਨੇ ਪੰਜਾਬ ਦੇ ਲੋਕਾਂ ਨੂੰ ਖਾਸ ਅਪੀਲ ਵੀ ਕੀਤੀ ।

ਲਾੜਾ-ਲਾੜੀ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ

ਮੋਰਚੇ ਵਿੱਚ ਹਾਜ਼ਰੀ ਲਵਾਉਣ ਤੋਂ ਬਾਅਦ ਲਾੜਾ-ਲਾੜੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚ ਵਿੱਚ ਸ਼ਾਮਲ ਹੋਣ ਅਤੇ ਸਿੰਘਾਂ ਦੀ ਰਿਹਾਈ ਨੂੰ ਮਜ਼ਬੂਤੀ ਦੇਣ। ਜੋੜੇ ਨੇ ਸਭ ਤੋਂ ਵੱਧ ਅਪੀਲ ਨੌਜਵਾਨਾਂ ਨੂੰ ਕੀਤੀ ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਇਸ ਮੋਰਚੇ ਨਾਲ ਜੁੜਨਗੇ ਤਾਂ ਸਰਕਾਰਾਂ ‘ਤੇ ਵੱਧ ਦਬਾਅ ਪਏਗਾ ਅਤੇ ਸਿੰਘਾਂ ਦੀ ਰਿਹਾਈ ਜਲਦ ਹੋ ਸਕੇਗੀ। ਲਾੜਾ-ਲਾੜੀ ਦੇ ਇਸ ਜਜ਼ਬੇ ਨੂੰ ਵੇਖ ਕੇ ਸੋਸ਼ਲ ਮੀਡੀਆ ‘ਤੇ ਲੋਕ ਦੋਵਾਂ ਦੀ ਕਾਫੀ ਤਾਰੀਫ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰ ਰਹੇ ਹਨ ।

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਦੀ ਸ਼ੁਰੂਆਤ ਹੋਈ ਸੀ । ਤਕਰੀਬਨ 40 ਦਿਨ ਮੋਰਚੇ ਨੂੰ ਸ਼ੁਰੂ ਹੋਏ ਹੋ ਚੁੱਕੇ ਹਨ । ਸਿਰਫ਼ ਇੱਕ ਘਟਨਾ ਨੂੰ ਛੱਡ ਦੇਈਏ ਤਾਂ ਹੁਣ ਤੱਕ ਮੋਰਚਾ ਪੂਰੀ ਤਰ੍ਹਾਂ ਨਾਲ ਸ਼ਾਂਤੀ ਨਾਲ ਚੱਲ ਰਿਹਾ ਹੈ । ਮੋਰਚੇ ਨੂੰ ਬਜ਼ੁਰਗਾਂ,ਬੱਚਿਆ,ਔਰਤਾਂ,ਬੁੱਧੀਜੀਵਾ ਦੀ ਹਮਾਇਤ ਮਿਲ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਮੋਰਚੇ ਦਾ ਹਿੱਸਾ ਬਣ ਰਹੇ ਹਨ। ਪਿਛਲੇ ਹਫਤੇ ਤੋਂ ਹਰ ਰੋਜ਼ 31 ਮੈਂਬਰਾਂ ਦਾ ਜਥਾ ਚੰਡੀਗੜ੍ਹ ਲਈ ਰਵਾਨਾ ਹੁੰਦਾ ਹੈ । ਹਾਲਾਂਕਿ ਚੰਡੀਗਰ੍ਹ ਦੀ ਸਰਹੱਦ ‘ਤੇ ਹੀ ਜਥੇ ਨੂੰ ਰੋਕ ਲਿਆ ਜਾਂਦਾ ਹੈ । ਪਰ ਜਥਾ ਉੱਥੇ ਬੈਠ ਕੇ ਗੁਰਬਾਣੀ ਦਾ ਪਾਠ ਕਰਕੇ ਵਾਪਸ ਆ ਜਾਂਦਾ ਹੈ । ਜਥੇ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਉਸ ਵੇਲੇ ਤੱਕ ਚੱਲ ਦਾ ਰਹੇਗਾ ਜਦੋਂ ਤੱਕ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਰਸਤਾ ਸਾਫ਼ ਨਹੀਂ ਕਰਦੀ ਹੈ ।