Punjab

“ਨਾਂ ਤਾਂ ਕੋਈ ਸਰੂਪ ਲਾਪਤਾ ਹੋਇਆ ਹੈ ਤੇ ਨਾਂ ਹੀ ਇਹਨਾਂ ਦੀ ਬੇਅਦਬੀ ਹੋਈ ਹੈ” SGPC ਪ੍ਰਧਾਨ ਧਾਮੀ ਦਾ ਬਿਆਨ

 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਲਾਪਤਾ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸਪੱਸ਼ਟੀਕਰਨ ਦਿੱਤਾ ਹੈ। ਧਾਮੀ ਨੇ ਇਹ ਦਾਅਵਾ ਕੀਤਾ ਹੈ ਕਿ ਨਾਂ ਤਾਂ ਇਹ ਸਰੂਪ ਲਾਪਤਾ ਹੋਏ ਹਨ ਤੇ ਨਾਂ ਹੀ ਇਹਨਾਂ ਦੀ ਬੇਅਦਬੀ ਹੋਈ ਹੈ ।

ਉਹਨਾਂ ਘਟਨਾ ਦੇ ਵਾਪਰਨ ਦੇ ਸਮੇਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 2013-14 ਵਿੱਚ ਇਹ ਘਟਨਾ ਵਾਪਰੀ ਸੀ। ਧਾਮੀ ਨੇ ਪੂਰੀ ਪ੍ਰਕ੍ਰਿਆ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਛਪਾਈ ਤੋਂ ਲੈ ਕੇ ਲੋੜੀਂਦੀ ਜਗਾ ਤੱਕ ਪਹੁੰਚਾਉਣ ਤੱਕ ਕਈ ਵਾਰ ਸਰੂਪਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਪ੍ਰਕਾਸ਼ ਕਰਨ ਤੋਂ ਪਹਿਲਾਂ ਵੀ ਕਈ ਤਰਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ ।

ਇਸ ਘਟਨਾ ਦਾ ਜ਼ਿਕਰ ਕਰਦਿਆਂ ਧਾਮੀ ਨੇ ਕਮੇਟੀ ਦੇ ਸੀਜੀਐਲ ਕਮਲਜੀਤ ਸਿੰਘ ਤੇ ਕਰਮਚਾਰੀ ਬਾਜ ਸਿੰਘ ‘ਤੇ ਕੁਤਾਹੀ ਵਰਤਣ ਦਾ ਇਲਜ਼ਾਮ ਲਗਾਇਆ ਹੈ ਤੇ ਦਾਅਵਾ ਕੀਤਾ ਹੈ ਕਿ 212 ਸਰੂਪਾਂ ਦੀ ਗਿਣਤੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਤੇ ਨਾਂ ਹੀ ਲੈਜ਼ਰ ‘ਤੇ ਇਸ ਜਾਣਕਾਰੀ ਨੂੰ ਅੰਕਿਤ ਕੀਤਾ ਗਿਆ,ਜੋ ਕਿ ਨਿਯਮ ਅਨੁਸਾਰ ਜਰੂਰੀ ਸੀ। ਇਸ ਤੋਂ ਇਲਾਵਾ ਇਹਨਾਂ ਦੋਹਾਂ ਵਿਅਕਤੀਆਂ ਨੇ ਸੰਗਤ ਵੱਲੋਂ ਚੜਾਈ ਜਾਂਦੀ ਮਾਇਆ ਨੂੰ ਜਮਾਂ ਕਰਵਾਉਣ ਵੇਲੇ ਵੀ ਠੱਗੀ ਕੀਤੀ ਹੈ ।

ਇਸ ਗੱਲ ਦਾ ਖੁਲਾਸਾ ਨਵੇਂ ਆਏ ਸੀਜੀਐਲ ਮਨਿੰਦਰ ਸਿੰਘ ਰਾਹੀਂ ਹੋਇਆ ਤੇ 212 ਸਰੂਪ ਲੈਜ਼ਰ ‘ਤੇ ਚੜਾਏ ਨਾ ਜਾਣ ਕਾਰਨ ਚਰਚਾ ਵਿੱਚ ਆ ਗਏ। ਇੱਥੇ ਹੀ ਬੱਸ ਨਹੀਂ ਕਮਲਜੀਤ ਸਿੰਘ ਨੇ 61 ਸਰੂਪ ਹੋਰ ਵੀ ਛਾਪੇ ਤੇ ਇਹਨਾਂ ਵਿੱਚੋਂ 55 ਸਰੂਪਾਂ ਦੀ ਮਾਇਆ ਵੀ ਜਮਾਂ ਨਹੀਂ ਕਰਾਈ। ਇਸ ਤਰਾਂ ਕੁੱਲ 267 ਸਰੂਪਾਂ ਦੀ ਮਾਇਆ ਦਾ ਘਪਲਾ ਹੋਇਆ ਹੈ,ਜਿਸ ਬਾਰੇ ਕਮਲਜੀਤ ਸਿੰਘ ਨੇ ਚਿੱਠੀ ਲਿਖ ਕੇ ਆਪ ਦੱਸਿਆ ਤੇ ਆਪਣੇ ਰਿਟਾਇਰਮੈਂਟ ਵੇਲੇ ਬਣਦੇ ਫੰਡਾ ਵਿੱਚੋਂ ਇਹ ਰਕਮ ਕੱਟਣ ਲਈ ਕਿਹਾ ।

ਇਸ ਸਾਰੇ ਮਾਮਲੇ ਵਿੱਚ ਨਾ ਤਾਂ ਕਿਸੇ ਤਰਾਂ ਦੀ ਬੇਅਦਬੀ ਹੋਈ ਹੈ ਤੇ ਨਾਂ ਹੀ ਇਹ ਲਾਪਤਾ ਹੋਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਪਾਈ ਤੋਂ ਬਾਅਦ ਇਹਨਾਂ ਸਰੂਪਾਂ ਨੂੰ ਲੋੜੀਂਦੇ ਥਾਂ ਪ੍ਰਕਾਸ਼ ਕਰਨ ਲਈ ਭੇਜਿਆ ਗਿਆ ਹੈ,ਗੱਲ ਸਿਰਫ ਇੰਨੀ ‘ਕ ਹੈ ਕਿ ਇਹਨਾਂ ਦੀ ਜਾਣਕਾਰੀ ਲੈਜ਼ਰਾਂ ਉਤੇ ਨਹੀਂ ਚੜਾਈ ਗਈ ਹੈ ਤੇ ਮਿਲੀ ਭੇਟਾ ਦਾ ਕਰਮਚਾਰੀਆਂ ਵੱਲੋਂ ਗਬਨ ਕੀਤਾ ਗਿਆ ਤੇ ਉਹਨਾਂ ਨੇ ਸਾਰੇ ਰਿਕਾਰਡ ਵੀ ਖ਼ਤਮ ਕਰ ਦਿੱਤੇ,ਜਿਸ ਕਾਰਨ ਇਹ ਮਾਮਲਾ ਸਾਰਿਆਂ ਦੀ ਨਜ਼ਰ ਵਿੱਚ ਆ ਗਿਆ ਤੇ ਕਈ ਗੱਲਾਂ ਵੀ ਉਡੀਆਂ।

ਇਸ ਗੱਲ ਦੀ ਜਾਂਚ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਦੀ ਬੇਨਤੀ ‘ਤੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ  ਤੇ ਇਸ ਦੀ ਰਿਪੋਰਟ ਵਿੱਚ ਸਾਰੀ ਗੱਲ ਸਾਹਮਣੇ ਆਈ ਹੈ। ਡਾ ਇਸ਼ਰ ਸਿੰਘ ਦੀ ਰਿਪੋਰਟ ਵਿੱਚ ਹਰ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਤੇ ਇਸ ਕਮੇਟੀ ਦੀ ਰਿਪੋਰਟ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮਾਨਤਾ ਦਿੱਤੀ ਸੀ । ਇਸ ਮਾਮਲੇ ਵਿੱਚ ਸ਼ਾਮਲ ਹੋਰ ਵੀ ਕਰਮਚਾਰੀਆਂ ਦੇ ਨੂੰ ਬਣਦੀ ਸਜ਼ਾ ਦਿੱਤੀ ਗਈ ਹੈ।

ਧਾਮੀ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਦ ਸਾਰਾ ਮਾਮਲਾ ਸਾਫ ਹੈ ਤਾਂ ਇਸ ‘ਤੇ ਰਾਜਨੀਤੀ ਨੀ ਕੀਤੀ ਜਾਵੇ ਕਿਉਂਕਿ ਨਾਂ ਤਾਂ ਇਹ ਸਰੂਪ ਗਾਇਬ ਹੋਏ ਹਨ ਤੇ ਨਾ ਹੀ ਕੋਈ ਬੇਅਦਬੀ ਹੋਈ ਹੈ।ਇਹ ਸਿਰਫ ਕੁੱਝ ਕਮੇਟੀ ਕਰਮਚਾਰੀਆਂ ਵੱਲੋਂ ਕੀਤੀ ਹੇਰਾਫੇਰੀ ਕਾਰਨ ਤੇ ਸਹੀ ਰਿਕਾਰਡ ਨਾ ਹੋਣ ਕਾਰਨ ਹੀ ਮਸਲਾ ਬਣ ਗਿਆ ਹੈ ।