Punjab

ਜ਼ੀਰਾ ਮੋਰਚਾ: ਪ੍ਰਸ਼ਾਸਨ ਨਾਲ ਪਹਿਲਾਂ ਹੋਈ ਝੱੜਪ ,ਫਿਰ ਮਿਲਿਆ ਮੀਟਿੰਗ ਦਾ ਸੱਦਾ,ਹਾਈਕੋਰਟ ‘ਚ ਵੀ ਹੋਈ ਸੁਣਵਾਈ

ਜ਼ੀਰਾ : ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਨਾਲ ਹੋਈ ਝੱੜਪ ਤੋਂ ਮਗਰੋਂ ਮੋਰਚੇ ਦੇ ਆਗੂਆਂ ਤੇ ਕਿਸਾਨ ਜਥੇਬੰਦੀਆਂ ਨਾਲ ਪ੍ਰਸ਼ਾਸਨ ਦੀ  ਇੱਕ ਮੀਟਿੰਗ ਵੀ ਹੋਈ ਹੈ। ਜਿਸ ਬਾਰੇ ਬੋਲਦਿਆਂ ਆਈਜੀ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਸਾਰੇ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਕਮੇਟੀ ਵਿੱਚ ਲੋਕਲ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਉਹ ਆਪਣੀ ਮੁਸ਼ਕਿਲ ਬਾਰੇ ਖੁੱਲ ਕੇ ਦੱਸ ਸਕਣ ਤੇ ਇਸ ਸਾਰੇ ਮਾਮਲੇ ਵਿੱਚ ਇੱਕ ਸੁਖਾਲਾ ਹੱਲ ਕੱਢਿਆ ਜਾ ਸਕੇ ।

ਉਹਨਾਂ ਇਹ ਵੀ ਕਿਹਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਤੇ ਪ੍ਰਸ਼ਾਸਨ ਵੀ ਸਹਿਯੋਗ ਦੇਵੇਗਾ। ਅੱਜ ਹੋਈ ਝੱੜਪ ਬਾਰੇ ਦੱਸਦਿਆਂ ਉਹਨਾਂ ਕਿਹਾ ਹੈ ਕਿ 7-8 ਦੇ ਕਰੀਬ ਪੁਲਿਸ ਕਰਮੀ ਅੱਜ ਜ਼ਖਮੀ ਹੋਏ ਹਨ ਤੇ ਐਸਐਸਪੀ ਤੇ ਡੀਆਈਜੀ ਮੌਕੇ ‘ਤੇ ਸਥਿਤੀ ਨੂੰ ਸੰਭਾਲਣ ਵਿੱਚ ਲਗੇ ਹੋਏ ਹਨ।

ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਬਾਰੇ ਆਗੂਆਂ ਨੇ ਦੱਸਿਆ ਹੈ ਕਿ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਹੈ ਕਿ ਅੱਗੇ ਦੀ ਗੱਲਬਾਤ ਕਰੇਗੀ। ਪਹਿਲਾਂ ਤੋਂ ਚੱਲ ਰਹੇ ਧਰਨੇ ਵਿੱਚ ਰੱਖੀਆਂ ਹੋਈਆਂ ਮੰਗਾਂ ਨੂੰ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਈਜੀ ਆਈਜੀ ਜਸਕਰਨ ਸਿੰਘ ਨੇ ਧਰਨੇ ਤੇ ਪਹੁੰਚ ਉਹਨਾਂ ਦਾ ਪੱਖ ਜਾਣਨ ਲਈ ਇਹ ਮੀਟਿੰਗ ਸੱਦੀ ਹੈ।

ਜ਼ੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ ਤੋਂ ਬਾਅਦ ਹੋ ਰਹੇ ਨੁਕਸਾਨ ਦੀ ਪੁਰਤੀ ਲਈ ਫੈਕਟਰੀ ਵੱਲੋਂ ਕੀਤੇ ਗਏ ਕੇਸ ਦੀ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ ਹੈ। ਅਦਾਲਤ ਨੇ  ਸਰਪੰਚ ਦੇ ਵਕੀਲ ਨੂੰ ਹੁਕਮ ਦਿੱਤੇ ਹਨ ਕਿ ਇਹ ਦੱਸਿਆ ਜਾਵੇ ਕਿ ਧਰਨਾ ਕਦੋਂ ਖਤਮ ਹੋਵੇਗਾ ਤੇ ਇਹ ਵੀ ਕਿਹਾ ਕਿ ਅਦਾਲਤ ਵਿੱਚ ਮੰਗਾਂ ਰੱਖੀਆਂ ਜਾਣ , ਕੋਰਟ ਫਿਰ ਕਮੇਟੀ ਬਣਾਏਗੀ। ਇਸ ਸਬੰਧ ਵਿੱਚ ਹੁਣ ਸ਼ੁੱਕਰਵਾਰ ਨੂੰ ਅਗਲੀ  ਸੁਣਵਾਈ ਹੈ ।