‘ਦ ਖ਼ਾਲਸ ਬਿਊਰੋ : 700 ਪੁਲਿਸ ਮੁਲਾਜ਼ਮਾਂ ਦੀ ਫੌਜ ਅਤੇ ਪੀਲੇ ਪੰਜੇ ਦੀ ਤਾਕਤ ਨਾਲ ਉਜਾੜ ਦਿੱਤੇ ਗਏ ਜਲੰਧਰ ਦੇ ਲਤੀਫਪੁਰਾ ਦੇ 75 ਸਾਲ ਤੋਂ ਵਸੇ 50 ਪਰਿਵਾਰਾਂ ਦੇ ਆਸ਼ੀਆਨੇ … ਹਾਲਾਂਕਿ ਇਹ ਕਾਰਵਾਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਹੋਈ ਹੈ ਪਰ ਸ਼ਾਇਦ ਲਤੀਫਪੁਰਾ ਦੇ ਇੰਨਾਂ ਪਰਿਵਾਰਾਂ ਦੀ ਬਦਕਿਸਮਤੀ ਸੀ ਜਾਂ ਫਿਰ ਕਮਜ਼ੋਰੀ ਉਨ੍ਹਾਂ ਦੇ ਕੋਲ ਸਿਰਫ਼ 133 ਵੋਟਾਂ ਦੀ ਤਾਕਤ ਸੀ । ਜੇਕਰ ਇਲਾਕੇ ਵਿੱਚ ਹਜ਼ਾਰਾਂ ਵੋਟ ਹੁੰਦੇ ਜਾਂ ਫਿਰ ਬਿਲਡਰ ਦੇ ਪੈਸੇ ਦੀ ਤਾਕਤ ਤਾਂ ਅਦਾਲਤ ਦੇ ਨਿਰਦੇਸ਼ਾਂ ਦੇ ਸਾਹਮਣੇ ਸ਼ਾਇਦ ਨਾ ਤਾਂ ਪੀਲਾ ਪੰਜਾ ਨਜ਼ਰ ਆਉਣਾ ਸੀ ਨਾ ਹੀ ਪੁਲਿਸ ਦੀ ਫੌਜ । ਸਰਕਾਰ ਦੇ ਵਕੀਲਾਂ ਦੀ ਫੌਜ ਨੇ ਹੀ ਕਿਸੇ ਨਾ ਕਿਸੇ ਕਾਨੂੰਨੀ ਦਾਅ ਪੇਚ ਨਾਲ ਪਰਿਵਾਰਾਂ ਨੂੰ ਉਜੜਨ ਨਹੀਂ ਦੇਣਾ ਸੀ ਪਰ ਲਤੀਫਪੁਰ ਦੇ ਪਰਿਵਾਰਾਂ ਕੋਲ ਨਾ ਤਾਂ ਪੈਸੇ ਦੀ ਤਾਕਤ ਸੀ ਨਾ ਹੀ ਵੋਟਾਂ ਦੀ ।
ਹੁਣ ਜਦੋਂ ਪੋਹ ਦਾ ਮਹੀਨੇ ਸ਼ੁਰੂ ਹੋ ਗਿਆ ਹੈ,ਠੰਡ ਨੇ ਜ਼ੋਰ ਫੜ ਲਿਆ ਹੈ,ਇਸ ਦੌਰਾਨ ਲਤੀਫਪੁਰਾ ਤੋਂ ਉਜਾੜੇ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਹ ਬਹੁਤ ਦੀ ਦਰਦਨਾਕ ਹਨ । ਮਾਵਾਂ ਛੋਟੇ ਬੱਚਿਆ ਨਾਲ ਖੁੱਲੇ ਅਸਮਾਨ ਵਿੱਚ ਰਾਤ ਗੁਜ਼ਾਰਨ ਨੂੰ ਮਜਬੂਰ ਹੈ, ਖਾਣ-ਪੀਣ ਦਾ ਕੁਝ ਅਤਾ-ਪਤਾ ਨਹੀਂ ਹੈ । 75 ਸਾਲ ਪਹਿਲਾਂ ਜਿਹੜੇ ਬਜ਼ੁਰਗ ਪਾਕਿਸਤਾਨ ਤੋਂ ਉਜੜ ਕੇ ਲਤੀਫਪੁਰਾ ਵਿੱਚ ਵਸੇ ਸਨ ਉਨ੍ਹਾਂ ਦੇ ਸਾਹਮਣੇ ਉਹ ਹੀ ਬਟਵਾਰੇ ਵਾਲਾ ਮੰਜ਼ਰ ਸਾਹਮਣੇ ਆ ਗਿਆ ਹੈ । ਜਦੋਂ ਹਸਦਾ ਭਰਿਆ ਪਰਿਵਾਰ ਮਿੰਟਾਂ ਵਿੱਚ ਉਜੜ ਗਿਆ ਸੀ । ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ ।
ਅੱਜ ਸਰਕਾਰ ਅਜ਼ਾਦੀ ਦੇ 75ਵੇਂ ਸਾਲ ਨੂੰ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਬਣਾਉਣ ਲਈ ਕਰੋੜਾਂ ਰੁਪਏ ਖਰਚ ਰਹੀ ਹੈ ਪਰ ਜਿਸ ਤਰ੍ਹਾਂ ਠੰਢ ਦੇ ਮੌਸਮ ਵਿੱਚ ਲਤੀਫਪੁਰਾ ਦੇ ਪਰਿਵਾਰਾਂ ਨੂੰ ਖੁੱਲੇ ਅਸਮਾਨ ਵਿੱਚ ਬੇਸਹਾਰਾ ਛੱਡ ਦਿੱਤਾ ਹੈ ਗਿਆ ਹੈ ਉਸ ਨੇ ਇੰਨਾਂ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲ ਦਿੱਤਾ ਹੈ । ਲਤੀਫਪੁਰਾ ਵਿੱਚ ਹੋਏ ਉਜਾੜ ਦੀ ਤਸਵੀਆਂ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਹਨ ।
ਆਮ ਆਦਮੀ ਦਾ ਦਮ ਭਰਨ ਵਾਲੀ ਭਗਵੰਤ ਮਾਨ ਸਰਕਾਰ ਕੋਲੋ ਲੋਕ ਸਵਾਲ ਪੁੱਛ ਰਹੇ ਹਨ ਆਖਿਰ ਉਜਾੜਨ ਤੋਂ ਪਹਿਲਾਂ 75 ਸਾਲ ਤੋਂ ਰਹਿ ਰਹੇ ਇੰਨਾਂ ਲੋਕਾਂ ਦੇ ਮੁੜ ਵਸੇਵੇ ਬਾਰੇ ਸਰਕਾਰ ਨੇ ਕਿਉਂ ਨਹੀਂ ਕੁਝ ਸੋਚਿਆ ? ਪਰਿਵਾਰਾਂ ਨੂੰ ਬੇਘਰ ਕਰਕੇ ਉਨ੍ਹਾਂ ਨੂੰ ਖੁੱਲੇ ਆਸਮਾਨ ਵਿੱਚ ਛੋਟੇ-ਛੋਟੇ ਬੱਚਆਂ ਨਾਲ ਕਿਉਂ ਛੱਡ ਦਿੱਤਾ ਗਿਆ ? ਕੀ ਸਰਕਾਰ ਅਦਾਲਤ ਤੋਂ ਥੋੜ੍ਹਾ ਸਮਾਂ ਲੈ ਕੇ ਲਤੀਫਪੁਰਾ ਦੇ ਲੋਕਾਂ ਦੇ ਮੁੜ ਵਸੇਵੇ ਲਈ ਪਹਿਲਾਂ ਕੁਝ ਇੰਤਜ਼ਾਮ ਨਹੀਂ ਕਰ ਸਕਦੀ ਸੀ ? ਕੀ ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਥਾਨਕ ਨੁਮਾਇੰਦਿਆਂ ਨੂੰ ਨਜ਼ਰ ਨਹੀਂ ਆ ਰਹੀਆਂ ਹਨ ? ਸ਼ਾਇਦ ਨਹੀਂ ਕਿਉਂ ਵੋਟਾਂ ਦੀ ਤਾਕਤ ਘੱਟ ਹੈ ਅਤੇ ਚੋਣਾਂ ਦਾ ਮੌਸਮ ਦੂਰ ਹੈ ਜਦਕਿ ਠੰਡ ਸਿਰ ‘ਤੇ ਖੜੀ ਹੈ ।
ਲਤੀਫਪੁਰਾ ਦੇ 50 ਪਰਿਵਾਰਾਂ ਨੇ ਨਾ ਸਿਰਫ਼ ਆਪਣੀ ਛੱਤ ਗਵਾਈ ਹੈ ਬਲਕਿ ਉਹ ਯਾਦਾਂ ਵੀ ਮਲਵੇ ਦੇ ਡੇਰ ਵਿੱਚ ਗਵਾਚ ਗਈਆਂ ਹਨ ਜਿੰਨਾਂ ਨੂੰ ਉਨ੍ਹਾਂ ਨੇ ਵਰ੍ਹਿਆਂ ਤੱਕ ਦਿਲ ਵਿੱਚ ਰੱਖਿਆ ਸੀ । ਪਰ ਪ੍ਰਸ਼ਾਸਨ ਨੇ ਇੰਨਾਂ ਨੂੰ ਵੀ ਸਾਂਭਣ ਦਾ ਮੌਕਾ ਨਹੀਂ ਦਿੱਤਾ । ਸੁਰਜੀਤ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ । ਉਹ ਘਰ ਦੇ ਮਲਬੇ ਵਿੱਚ ਡਿੱਗੀ ਬੁਲੇਟ ਅਤੇ ਪਲਸਰ ਬਾਈਕ ਕੱਢ ਦੇ ਹੋਏ ਰੋਣ ਲੱਗੇ । ਉਨ੍ਹਾਂ ਦੇ ਨਾਲ ਖੜੇ ਪੁੱਤਰ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਉਸ ਦੇ ਭਰਾ ਦੀ 24 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ।
9 ਦਸੰਬਰ ਨੂੰ JCB ਮਸ਼ੀਨ ਆਈ ਅਤੇ ਪੂਰੇ ਪਰਿਵਾਰ ਨੂੰ ਪੁਲਿਸ ਨਾਲ ਲੈ ਗਈ ਰਾਤ 9 ਵਜੇ ਛੱਡਿਆ। ਇਸ ਦੇ ਬਾਅਦ ਜਦੋਂ ਉਹ ਆਏ ਤਾਂ ਘਰ ਡਿੱਗ ਚੁੱਕਾ ਸੀ ਅਤੇ ਮਲਵੇ ਦੇ ਹੇਠਾਂ ਪਿਤਾ ਵੱਲੋਂ ਭਰਾ ਦੀ ਯਾਦ ਵਿੱਚ ਸਾਂਭੀ ਦੋਵੇਂ ਬਾਈਕ ਦੱਬ ਗਈਆਂ ਸਨ । ਪਿਤਾ ਸਰਬਜੀਤ ਪੂਰੀ ਰਾਤ ਇਸੇ ਬਾਈਕ ਦੀ ਗੱਲ ਕਰ ਰਹੇ ਸਨ ਅਤੇ ਸਵੇਰ ਹੋਈ ਤਾਂ ਇੰਨਾਂ ਦੋਵਾਂ ਬਾਈਕ ਨੂੰ ਮਲਬੇ ਤੋਂ ਚੁੱਕਿਆ ਗਿਆ ।
70 ਸਾਲਾਂ ਤੋਂ ਬਣੇ ਘਰਾਂ ਨੂੰ ਕੀਤਾ ਗਿਆ ਢਹਿ ਢੇਰੀ,ਬੇਘਰ ਹੋਏ ਲੋਕਾਂ ਦਾ ਬੁਰਾ ਹਾਲ
ਇਸੇ ਤਰ੍ਹਾਂ ਲਤੀਫਪੁਰਾ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਵੀ ਆਪਣਾ ਦੁੱਖ ਸਾਂਝਾ ਕਰਦੇ ਹੋਏ ਘਰ ਨਾਲ ਜੁੜੀ ਯਾਦਾ ਬਾਰੇ ਦੱਸਿਆ। ਉਸ ਨੇ ਕਿਹਾ ਕਿ ਜਦੋਂ ਸਵੇਰੇ ਪੁਲਿਸ ਨੇ ਘੇਰਾ ਪਾਇਆ ਤਾਂ ਉਹ ਡਰ ਗਏ । ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਿਸ ਥਾਂ ‘ਤੇ ਉਨ੍ਹਾਂ ਨੇ ਬਚਪਨ ਦਾ ਆਨੰਦ ਮਾਣਿਆ ਉਹ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਉਜੜ ਰਿਹਾ ਸੀ । ਸ਼ਾਮ ਨੂੰ ਪੂਰਾ ਘਰ ਮਲਬੇ ਵਿੱਚ ਤਬਦੀਲ ਹੋ ਚੁੱਕਾ ਸੀ ਅਤੇ ਅਨਮੋਲਪ੍ਰੀਤ ਆਪਣੇ ਪਰਿਵਾਰ ਦੇ ਨਾਲ ਠੰਡ ਵਿੱਚ ਬਾਹਰ ਕੰਬ ਰਹੀ ਸੀ ।
ਮਕਾਨ ਤੋਂ ਨਿਕਲੀਆਂ ਲਕੜਾਂ ਦੇ ਨਾਲ ਜਿਵੇਂ-ਤਿਵੇਂ ਪਰਿਵਾਰ ਅੱਗ ਦੇ ਸਹਾਰੇ ਨਾਲ ਰਾਤ ਕੱਟਣ ਨੂੰ ਮਜਬੂਰ ਹੈ । ਅਨਮੋਲਪ੍ਰੀਤ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਕਿਸੇ ਨਾ ਕਿਸੇ ਦਿਨ ਅਜਿਹਾ ਹੋਵੇਗਾ ਉਸ ਦਾ ਡਰ ਵੀ ਸੱਚ ਸਾਬਿਤ ਹੋਇਆ ਇਸੇ ਲਈ ਉਸ ਨੇ ਆਪਣੀ ਸਾਰੀਆਂ ਕਿਤਾਬਾਂ ਕਾਲਜ ਦੇ ਲਾਕਰ ਵਿੱਚ ਰੱਖੀਆਂ ਸਨ ।
ਕਈ ਪਰਿਵਾਰ ਨੇ ਦੱਸਿਆ ਕਿ ਪੁਲਿਸ ਦਾ ਵਤੀਰਾ ਇੰਨਾਂ ਮਾੜਾ ਸੀ ਕਿ ਘਰ ਖਾਲੀ ਕਰਵਾਉਣ ਆਏ ਵੱਡੇ ਅਫਸਰਾਂ ਨੇ ਗਾਲਾਂ ਕੱਢੀਆਂ, ਇਸ ਗੱਲ ਦੀ ਪਰਵਾ ਨਹੀਂ ਕੀਤੇ ਕਿ ਮਹਿਲਾਵਾਂ ਸਾਹਮਣੇ ਹਨ। ਡੀਸੀਪੀ ਤੇਜਾ ਦਾ ਗਾਲਾਂ ਕੱਢਣ ਅਤੇ ਬੁਰੀ ਤਰ੍ਹਾਂ ਧਮਕਾਉਣ ਦਾ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ । ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ।
ਸੁਰਜੀਤ ਅਤੇ ਅਨਮੋਲਪ੍ਰੀਤ ਵਾਂਗ ਲਤੀਫਪੁਰਾ ਦੇ ਹਰ ਇੱਕ ਪਰਿਵਾਰ ਦੇ ਦੀਆਂ ਆਪੋ-ਆਪਣੇ ਘਰਾਂ ਦੇ ਨਾਲ ਜੁੜੀਆਂ 75 ਸਾਲ ਪੁਰਾਣੀਆਂ ਕਈ ਯਾਦਾਂ ਹਨ ਪਰ ਹੁਣ ਇਹ ਸਾਰੀਆਂ ਮਲਵੇ ਵਿੱਚ ਤਬਦੀਲ ਹੋ ਗਈਆਂ । ਪਰਿਵਾਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕੀ ਕਰਨ ਨਾ ਪ੍ਰਸ਼ਾਸਨ ਨੇ ਹੱਥ ਫੜਿਆ ਹੈ ਨਾ ਸਰਕਾਰ ਨੇ ।
ਲਤੀਫਪੁਰਾ ਹੁਣ ਨਕਸ਼ੇ ਤੋਂ ਗਾਇਬ ਹੋ ਚੁੱਕਾ ਹੈ । 10 ਘੰਟੇ ਦੇ ਅੰਦਰ ਹੀ JCB ਦੇ ਪੀਲੇ ਪੰਜੇ ਨੇ 50 ਪਰਿਵਾਰਾਂ ਨੂੰ ਉਜਾੜ ਦਿੱਤਾ ਅਤੇ ਇਸ ਨੂੰ JTB ਨਗਰ ਵਿੱਚ ਤਬਦੀਲ ਕਰ ਦਿੱਤਾ । 120 ਫੁੱਟ ਰੋਡ ਹੁਣ 1.5 ਏਕੜ ਕਬਜ਼ਾ ਮੁਕਤ ਹੋ ਗਈ ਹੈ । 1970 ਵਿੱਚ JTB ਨਗਰ ਸਕੀਮ ਡਿਜ਼ਾਇਨ ਕੀਤੀ ਗਈ ਸੀ ਜਿਸ ਵਿੱਚ 16 ਪਲਾਟ ਰੱਖੇ ਗਏ ਸਨ । ਹੁਣ ਰਿਹਾਇਸ਼ੀ ਬਲਾਕ ਦੀ ਬਜਾਏ ਜਲੰਧਰ ਇੰਪਰੂਮੈਂਟ ਟਰਸਟ ਦਾ ਫੋਕਸ ਕਮਰਸ਼ਲ ਕੰਪਲੈਕਸ਼ ਦੇ ਨਿਰਮਾਣ ਦਾ ਹੈ ।