ਜਲੰਧਰ : ਜਲੰਧਰ ਦੇ ਲਤੀਫ਼ਪੁਰਾ ਇਲਾਕੇ ‘ਚ ਅੱਜ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਤੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਬੁਲਡੋਜਰ ਲਿਆ ਕੇ ਘਰਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।

ਦਰਅਸਲ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ‘ਤੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸਨ ਤੇ ਅੱਜ ਦੀ ਕਾਰਵਾਈ ਇੰਪਰੂਵਮੈਂਟ ਟਰੱਸਟ ਵੱਲੋਂ ਜ਼ਮੀਨ ਦਾ ਕਬਜ਼ਾ ਛੁਡਾਏ ਜਾਣ ਨੂੰ ਲੈ ਕੇ ਕੀਤੀ ਗਈ ਹੈ ।

ਪਰ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਹੋਇਆ ਤੇ ਮਾਹੌਲ ਵੀ ਤਣਾਅ ਵਾਲਾ ਬਣਿਆ ਹੋਇਆ ਸੀ। ਇੰਪਰੂਵਮੈਂਟ ਟਰੱਸਟ ਵੱਲੋਂ ਕੀਤੀ ਕਾਰਵਾਈ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਹਾਜ਼ਰ ਸੀ।

ਤਣਾਅ ਜਿਆਦਾ ਵੱਧ ਜਾਣ ਦੇ ਮਗਰੋਂ ਪ੍ਰਸ਼ਾਸਨ ਤੇ ਕਲੋਨੀ ਵਾਸੀ ਆਹਮੋ ਸਾਹਮਣੇ ਹੋ ਗਏ ਤੇ ਟਕਰਾਅ ਵਾਲੀ ਸਥਿਤੀ ਬਣ ਗਈ। ਆਪਣੇ ਘਰਾਂ ਨੂੰ ਢਹਿੰਦੇ ਦੇਖ ਲੋਕਾਂ ਦੀ ਹਾਲਤ ਕਾਫ਼ੀ ਤਰਸਯੋਗ ਸੀ ਤੇ ਮੌਕੇ ‘ਤੇ ਕਾਫ਼ੀ ਚੀਖ-ਪੁਕਾਰ ਦੇਖਣ ਨੂੰ ਮਿਲ ਰਹੀ ਸੀ।

ਲਤੀਫ਼ਪੁਰਾ ਦੇ ਲੋਕਾਂ ਦੀ ਹਮਾਇਤ ‘ਚ ਕਿਸਾਨ ਜਥੇਬੰਦੀ ਵੀ ਉੱਤਰੀ ਤੇ ਵਿਰੋਧ ਕਰ ਰਹੇ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ। ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ‘ਤੇ ਪਿਛਲੇ 70 ਸਾਲਾਂ ਤੋਂ ਇਹ ਮਕਾਨ ਬਣੇ ਹੋਏ ਸੀ ,ਜਿਹਨਾਂ ‘ਤੇ ਅੱਜ ਕਾਰਵਾਈ ਹੋਈ ਹੈ।