Punjab

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਈ ਪੁਲਿਸ ਸਖ਼ਤ,ਸਰਪੰਚ ਆਇਆ ਅੜਿੱਕੇ,10 ਸਾਲਾ ਬੱਚੇ ‘ਤੇ ਵੀ ਹੋਇਆ ਮਾਮਲਾ ਦਰਜ

ਮੁਹਾਲੀ : ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਦਿਖਾਵੇ ਲਈ ਵਰਤੋਂ ‘ਤੇ ਪਾਬੰਦੀ ਲਗਾਉਣ ਲਈ ਕਾਰਵਾਈ ਲਗਾਤਾਰ  ਜਾਰੀ ਹੈ। ਜਿਸ ਦੇ ਚੱਲਦਿਆਂ ਟਿਕਟੋਕ ਸਟਾਰ ਦਮਨਪ੍ਰੀਤ ਢਿਲੋਂ  ‘ਤੇ ਪੰਜਾਬ ਪੁਲਿਸ ਨੇ ਕੇਸ ਦਰਦ ਕੀਤਾ ਹੈ। ਇਸ ‘ਤੇ ਇਹ ਇਲਜ਼ਾਮ ਲੱਗਾ ਹੈ ਕਿ ਉਸ ਨੇ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਈਆਂ ਹਨ।ਜਿਸਨੂੰ ਲੈ ਕੇ ਤਰਨਤਾਰਨ ਪੁਲਿਸ ਨੇ ਹਥਿਆਰਾਂ ਨੂੰ ਪਰਮੋਟ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਇਲਾਵਾ ਇੱਕ ਸਰਪੰਚ ‘ਤੇ ਵੀ ਪੰਜਾਬ ਪੁਲਿਸ ਨੇ ਇਸੇ ਇਲਜ਼ਾਮ ਹੇਠ ਕਾਰਵਾਈ ਕੀਤੀ ਹੈ। ਦਰਅਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ,ਜਿਸ ਵਿੱਚ ਇਹ ਵਿਅਕਤੀ ਆਪਣੀ ਕਾਰ ਵਿੱਚ ਬੈਠਾ ਹੋਇਆ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸ ਨਾਲ ਦੋ ਹੋਰ ਵਿਅਕਤੀ ਵੀ ਦਿਖਾਈ ਦੇ ਰਹੇ ਹਨ,ਜਿਹਨਾਂ ਦੀ ਪਛਾਣ ਹੋਣੀ ਹਾਲੇ ਬਾਕੀ ਹੈ। ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਸਰਪੰਚ ਲਖਵਿੰਦਰ ਸਿੰਘ ਦੇ ਵਿਰੁਧ ਕਪੂਰਥਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਤੇ ਇਸ ਦੇ ਲਾਇਸੈਂਸ ਨੂੰ ਰੱਦ ਕਰਨ ਲਈ ਵੀ ਕਾਰਵਾਈ ਸ਼ੁਰੂ ਹੋ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਫਰੀਦ ਸਹਾਏ ਦੇ ਸਰਪੰਚ,ਜਿਸ ਦਾ ਨਾਂ ਲਖਵਿੰਦਰ ਸਿੰਘ ਹੈ,ਦੇ ਉਤੇ ਕੇਸ ਦਰਜ ਕੀਤਾ ਗਿਆ ਹੈ ਤੇ ਬਾਕੀ ਦੇ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਇੱਕ ਹੋਰ ਹੈਰਾਨੀਜਨਕ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਹਥਿਆਰਾਂ ਨੂੰ ਪਰਮੋਟ ਕਰਨ ਦੇ ਇਲਜ਼ਾਮ ਹੇਠ ਮਜੀਠਾ,ਅੰਮ੍ਰਿਤਸਰ ਵਿੱਚ ਇੱਕ 10 ਸਾਲਾ ਬੱਚੇ ਸਣੇ 4 ਵਿਅਕਤੀਆਂ ‘ਤੇ ਵੀ ਐਫਆਈਆਰ ਦਰਜ ਕੀਤੀ ਗਈ ਹੈ । ਦਰਅਸਲ ਇਸ ਬੱਚੇ ਦੀ ਬੰਦੂਕ ਨਾਲ ਫੋਟੋ ਵਾਈਰਲ ਹੋਈ ਹੈ ,ਜਿਸ ਵਿੱਚ ਇਹ ਦਿੱਖ ਰਿਹਾ ਹੈ ਕਿ ਇਹ ਬੰਦੂਕ ਬੱਚੇ ਨਾਲੋਂ ਕਿੱਤੇ ਵੱਡੀ ਹੈ। ਇਸ ਮਾਮਲੇ ਨੂੰ ਲੈ ਕੇ ਸਿਰਫ਼ ਬੱਚੇ ਤੇ ਹੀ ਨੀਂ ,ਸਗੋਂ ਕੁੱਝ ਹੋਰ ਵਿਅਕਤੀਆਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪ੍ਰਸਿਧ ਗਾਇਕ ਤੇ ਅਦਾਕਾਰ ਪਰਮਿਸ਼ ਵਰਮਾ ਨੇ ਵੀ ਗੰਨ ਕਲਚਰ ਤੇ ਇੱਕ ਨਿਜ਼ੀ ਚੈਨਲ ਨਾਲ ਗੱਲ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਸੀ ਕਿਹਾ ਸੀ ਕਿ ਗਾਣਿਆਂ ਚ ਗੰਨ ਕਲਚਰ ਨੂੰ ਲੈ ਕੇ ਸਾਰਿਆਂ ਦੀ ਆਪਣੀ ਸੋਚ ਹੈ ਤੇ ਦੱਸਿਆ ਕਿ ਲਾਇਸੈਂਸ ਗੰਨ ਮੇਰੇ ਕੋਲ ਵੀ ਹੈ। ਉਨ੍ਹਾਂ ਕਿਹਾ ਕਿ ਸਾਰੇ ਆਪਣੀ ਸੁਰੱਖਿਆ ਲਈ ਹਥਿਆਰ ਰੱਖਦੇ ਨੇ। ਉਨ੍ਹਾਂ ਗੰਨ ਕਲਚਰ ਤੇ ਸਰਕਾਰ ਵੱਲੋਂ ਲਏ ਫੈਸਲੇ ਨੂੰ ਸਹੀ ਦੱਸਿਆ ਹੈ ਤੇ ਕਿਹਾ ਹੈ ਕਿ ਲਾਇਸੈਂਸ ਰੀਵਿਓ ਕਰਨਾ ਸਹੀ ਹੈ। ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਿੱਧੂ ਹਮੇਸ਼ਾ ਦਿੱਲਾਂ ‘ਚ ਰਹਿਣਗੇ।