Punjab

ਪਿੰਡ ਮਹਿਰਾਜ ‘ਚ ਵੱਡਾ ਇਕੱਠ, ਲੱਖਾ ਸਿਧਾਣਾ ਨੇ ਨੌਜਵਾਨਾਂ ਵਾਸਤੇ ਕੀਤਾ ਵੱਡਾ ਐਲਾਨ, ਪੜੋ ਵੱਖ ਵੱਖ ਸ਼ਖਸੀਅਤਾਂ ਦੀਆਂ ਤਿੱਖੀਆਂ ਤਕਰੀਰਾਂ…

A big gathering in the village of Mehraj, Lakha Sidhana made a big announcement for the youth

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਵਿਸ਼ਾਲ ਇਕੱਠ ਸੱਦਿਆ। ਵੱਡੀ ਗਿਣਤੀ ਵਿੱਚ ਲੋਕ ਲੱਖਾ ਸਿਧਾਣਾ ਦੀ ਹਮਾਇਤ ਵਿੱਚ ਇਕੱਠੇ ਹੋਏ। ਪੰਡਾਲ ਵਿੱਚ ਦੂਰ ਦੂਰ ਤੱਕ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ। ਇਸ ਰੈਲੀ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ, ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਵੱਖ ਵੱਖ ਸ਼ਖਸੀਅਤਾਂ ਪਹੁੰਚੀਆਂ।

ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਇੱਕ ਕਮੇਟੀ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਹ ਕਮੇਟੀ ਉਨ੍ਹਾਂ ਨੌਜਵਾਨਾਂ ਦੇ ਕੇਸ ਲੜੇਗੀ, ਜਿਨ੍ਹਾਂ ਖਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ ਹਨ। ਇਸਦੇ ਲਈ ਲੱਖਾ ਸਿਧਾਣਾ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਲੱਖਾ ਸਿਧਾਣਾ ਨੇ ਪੰਜਾਬ ਦੇ ਲੋਕਾਂ ਨੂੰ ਪਿੱਠ ਨਾ ਦਿਖਾਉਣ ਦਾ ਦਾਅਵਾ ਕੀਤਾ ਹੈ।

ਮੂਸੇਵਾਲਾ ਦੇ ਇਨਸਾਫ਼ ਲਈ ਲੋਕਾਂ ਨੂੰ ਅਪੀਲ

ਸਿੱਧੂ ਮੂਸੇਵਾਲਾ ਕਤਲ ਮਾਮਲੇ ਬਾਰੇ ਬੋਲਦਿਆਂ ਸਿਧਾਣਾ ਨੇ ਕਿਹਾ ਕਿ ਜਿਸਨੇ ਪੰਜਾਬ ਦੀ ਵਿਰਾਸਤ, ਹੱਕਾਂ ਵਾਸਤੇ ਲਿਖਣਾ ਅਤੇ ਗਾਉਣਾ ਸ਼ੁਰੂ ਹੀ ਕੀਤਾ ਸੀ, ਉਸਨੂੰ ਮਰਵਾ ਦਿੱਤਾ ਗਿਆ ਹੈ। ਸਿਧਾਣਾ ਨੇ ਆਪਣੇ ਉੱਤੇ ਗੱਲ ਲਿਆਉਂਦਿਆਂ ਕਿਹਾ ਕਿ ਅਸੀਂ ਵੀ ਕੱਫ਼ਨ ਨਾਲ ਲੈ ਕੇ ਚੱਲਦੇ ਹਾਂ ਕਿਉਂਕਿ ਸਾਡੇ ਲਈ ਪੰਜਾਬ ਪਹਿਲਾਂ ਹੈ। ਮੌਤ ਜਦੋਂ ਆਉਣੀ ਹੈ ਉਦੋਂ ਆ ਹੀ ਜਾਣੀ ਹੈ, ਇਸ ਲਈ ਘਰੇ ਨਹੀਂ ਬੈਠ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੱਲ੍ਹ ਨੂੰ ਸਿੱਧੂ ਦੇ ਇਨਸਾਫ਼ ਲਈ ਸੜਕਾਂ ਉੱਤੇ ਉਤਰਨਾ ਪਿਆ ਤਾਂ ਮੂਸੇਵਾਲਾ ਦੇ ਪਰਿਵਾਰ ਦਾ ਸਾਥ ਜ਼ਰੂਰ ਦਿੱਤਾ ਜਾਵੇ।

ਗੈਂਗਸਟਰਾਂ ਬਾਰੇ ਖੁੱਲ੍ਹ ਕੇ ਬੋਲੇ ਲੱਖਾ ਸਿਧਾਣਾ

ਗੈਂਗਸਟਰਾਂ ਬਾਰੇ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਜਿੰਨੇ ਵੀ ਗੈਂਗਸਟਰਾਂ ਨੂੰ ਜਿਹੜੇ ਮਰਜ਼ੀ ਜ਼ਿਲ੍ਹੇ ਤੋਂ ਰਿਮਾਂਡ ਮਿਲ ਜਾਵੇ, ਉਸਨੂੰ ਲਿਆਂਦਾ ਖਰੜ ਹੀ ਜਾਂਦਾ ਹੈ। ਗੈਂਗਸਟਰ ਖੁਸ਼ ਹੋ ਕੇ ਫੋਟੋਆਂ ਖਿਚਵਾਉਂਦੇ ਹਨ। ਜੇਲ੍ਹ ਅੰਦਰ ਉਨ੍ਹਾਂ ਨੂੰ ਵਧੀਆ ਸਹੂਲਤਾਂ ਮਿਲਦੀਆਂ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪਹਿਲੇ ਦੋ ਤਿੰਨ ਦਿਨ ਮਾੜੀ ਮੋਟੀ ਪੁੱਛਗਿੱਛ ਕੀਤੀ ਗਈ ਪਰ ਬਾਅਦ ਵਿੱਚ ਉਸਨੂੰ ਪੁੱਛਿਆ ਤੱਕ ਨਹੀਂ। ਉਸਨੂੰ ਜਵਾਈਆਂ ਵਾਂਗ ਰੱਖਿਆ ਹੋਇਆ ਹੈ, ਖਾਣ ਪੀਣ ਨੂੰ ਦਿੱਤਾ ਜਾਂਦਾ ਹੈ, ਮੋਬਾਈਲ ਵੀ ਦਿੱਤਾ ਗਿਆ ਹੈ। ਲੱਖਾ ਸਿਧਾਣਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਲਾਰੈਂਸ ਨੂੰ ਤਿਹਾੜ ਜੇਲ੍ਹ ਲੈ ਕੇ ਜਾਵੇਗੀ। ਤਿਹਾੜ ਇਨ੍ਹਾਂ ਲਈ ਕੋਈ ਜੇਲ੍ਹ ਨਹੀਂ ਹੈ, ਘਰ ਹੈ, ਜਿੱਥੇ ਇਹ ਆਪਣਾ ਸਾਰਾ ਕੰਮ ਚਲਾਉਂਦੇ ਹਨ।

ਲੱਖਾ ਸਿਧਾਣਾ ਨੌਜਵਾਨਾਂ ਦੇ ਹੱਕਾਂ ਲਈ ਬਣਾਵੇਗਾ ਕਮੇਟੀ, ਲੋਕਾਂ ਦਾ ਮੰਗਿਆ ਸਹਿਯੋਗ

ਜੈਨੀ ਜੌਹਲ ਦੀ ਕੀਤੀ ਹਮਾਇਤ

ਜੈਨੀ ਜੌਹਲ ਦੇ ਗੀਤ ਨੂੰ ਯੂਟਿਊਬ ਤੋਂ ਹਟਾਏ ਜਾਣ ਦੀ ਲੱਖਾ ਸਿਧਾਣਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਲੱਖਾ ਸਿਧਾਣਾ ਨੇ ਕਿਹਾ ਕਿ ਇਕ ਪਾਸੇ ਇਹ ਕਹਿੰਦੇ ਹਨ ਕਿ ਬੋਲਣ ਦੀ ਆਜ਼ਾਦੀ ਹੈ ਤਾਂ ਫਿਰ ਉਸਦੇ ਗੀਤ ਨੂੰ ਬੰਦ ਕਿਉਂ ਕੀਤਾ ਗਿਆ ਹੈ। ਜੋ ਕੰਮ ਮੋਦੀ ਹਕੂਮਤ ਕਰ ਰਹੀ ਹੈ, ਉਹੀ ਕੰਮ ਪੰਜਾਬ ਵਿੱਚ ਜਿਸਨੂੰ ਅਸੀਂ ਬੜੇ ਚਾਵਾਂ ਨਾਲ ਸੱਤਾ ਵਿੱਚ ਲਿਆਂਦਾ ਹੈ, ਉਸ ਹਕੂਮਤ ਨੇ ਸ਼ੁਰੂ ਕਰ ਦਿੱਤਾ ਹੈ।

ਅੰਮ੍ਰਿਤਪਾਲ ਸਿੰਘ ਦਾ ਵੜਿੰਗ ਨੂੰ ਤਕੜਾ ਜਵਾਬ

ਸਮਾਜ ਸੇਵੀ ਵਜੋਂ ਜਾਣੇ ਜਾਂਦੇ ਲੱਖਾ ਸਿਧਾਣਾ ਵੱਲੋਂ ਸੱਦੀ ਗਈ ਰੈਲੀ ਵਿੱਚ ਪਹੁੰਚੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਸਿੱਧੇ ਤੌਰ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਕੜਾ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੋਈ ਮੰਤਰੀ ਬਿਆਨ ਦਿੰਦਾ ਹੈ ਕਿ ਇਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿਉ, ਕੋਈ ਕਹਿੰਦਾ ਕਿ ਇਨ੍ਹਾਂ ਨੂੰ ਫੜ ਕੇ ਮਾਰ ਦਿਉ। ਮੈਂ ਕਹਿੰਨਾ ਕਿ ਇਨ੍ਹਾਂ ਨੂੰ ਹਾਲੇ ਕਿਸੇ ਦੇ ਚੰਗੀ ਤਰ੍ਹਾਂ ਹੱਥ ਨਹੀਂ ਲੱਗੇ। ਤੁਸੀਂ ਮੂੰਹ ਚੁੱਕ ਕੇ ਬਿਆਨ ਦੇ ਦਿੰਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਦੇ ਕਾਲ ਕੋਠੜੀ ਨਹੀਂ ਵੇਖੀ।

ਅਸੀਂ ਉਨ੍ਹਾਂ ਦੀ ਕੌਮ ਵਿੱਚੋਂ ਹਾਂ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਰੰਬੀਆਂ ਚਲਵਾਈਆਂ, ਸੋ ਸਾਨੂੰ ਕੋਈ ਡਰਾਵਾ ਨਾ ਦੇਵੋ। ਜੇ ਕੁਝ ਕਰਨਾ ਹੈ ਤਾਂ ਕਾਨੂੰਨ ਦੀ ਵਿਵਸਥਾ ਸੰਭਾਲ ਲਉ। ਰਾਜ ਇਹ ਵੀ ਨਹੀਂ ਰਹਿਣਾ। ਇਸ ਕਰਕੇ ਅਸੀਂ ਰਾਜ ਕਰਨ ਦੀ ਗੱਲ ਕਰਨ ਤੋਂ ਨਹੀਂ ਰਹਿਣਾ।

ਅੰਮ੍ਰਿਤਪਾਲ ਸਿੰਘ ਨੇ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤ ਨੇ ਪਰਚਾ ਪਾ ਕੇ ਇਹ ਟੋਹਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਉੱਤੇ ਝੂਠਾ ਪਰਚਾ ਪਾ ਕੇ ਵੇਖਿਆ ਜਾਵੇ ਕਿ ਇਹ ਦੁਬਾਰਾ ਇਕੱਠੇ ਹੁੰਦੇ ਹਨ ਕਿ ਨਹੀਂ। ਉਨ੍ਹਾਂ ਨੇ ਯਾਦ ਕਰਵਾਇਆ ਕਿ ਲੱਖਾ ਸਿਧਾਣਾ ਸਮੇਤ ਹੋਰ ਵੀ ਕਈ ਨੌਜਵਾਨਾਂ ਉੱਤੇ ਝੂਠੇ ਪਰਚੇ ਪਾਏ ਗਏ ਹਨ, ਸਾਨੂੰ ਉਨ੍ਹਾਂ ਦੇ ਪਿੱਛੇ ਵੀ ਖੜਨਾ ਪੈਣਾ ਹੈ।

“ਇਨ੍ਹਾਂ ਨੂੰ ਲੱਗਦੈ ਕਿ ਅਸੀਂ ਕਦੇ ਕਾਲ ਕੋਠੜੀਆਂ ਨਹੀਂ ਵੇਖੀਆਂ”, ਅੰਮ੍ਰਿਤਪਾਲ ਸਿੰਘ ਦਾ ਵੜਿੰਗ ਨੂੰ ਤਕੜਾ ਜਵਾਬ

ਲੱਖਾ ਸਿਧਾਣਾ ਨੂੰ ਪੁਲਿਸ ਵੱਲੋਂ ਅੱਜ ਨਿਰਦੋਸ਼ ਸਾਬਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਹੁਣ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੱਖਾ ਸਿਧਾਣਾ ਨਿਰਦੋਸ਼ ਹੈ। ਕੀ ਗੱਲ ਪਹਿਲਾਂ ਇਨ੍ਹਾਂ ਦੇ ਐਨਕਾਂ ਨਹੀਂ ਸੀ ਲੱਗੀਆਂ ਜਾਂ ਫਿਰ ਇਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਗਈ ਸੀ ਕਿ ਇਨ੍ਹਾਂ ਨੂੰ ਦਿਸਿਆ ਨਹੀਂ ਸੀ ਕਿ ਲੱਖਾ ਸਿਧਾਣਾ ਨਿਰਦੋਸ਼ ਹੈ ਜਾਂ ਨਹੀਂ। ਜਿਹੜਾ ਨੌਜਵਾਨ ਨਸ਼ਿਆਂ ਦੇ ਖਿਲਾਫ਼ ਬੋਲਦਾ ਹੈ, ਉਸਦੇ ਖਿਲਾਫ਼ ਹੀ ਪਰਚਾ ਪਾ ਦਿੱਤਾ ਜਾਂਦਾ ਹੈ। ਇਹ ਬਹੁਤ ਸ਼ਰਮ ਦੀ ਗੱਲ ਹੈ।

ਅੰਮ੍ਰਿਤਪਾਲ ਸਿੰਘ ਨੇ ਪੁਲਿਸ ਵਾਲਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਹਕੂਮਤ ਤੁਹਾਡੇ ਮੋਢਿਆਂ ਉੱਤੇ ਬੰਦੂਕ ਰੱਖ ਕੇ ਚਲਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਅਸੀਂ ਛਿੱਤਰ ਤਾਂ ਖਾ ਰਹੇ ਹਾਂ ਕਿਉਂਕਿ ਅਸੀਂ ਗੁਰੂ ਤੋਂ ਬੇਮੁੱਖ ਹੋ ਗਏ ਹਾਂ, ਮੂੰਹ ਸਿਰ ਮੁਨਾ ਲਏ ਹਨ, ਤੰਬਾਕੂ ਲਾਉਂਦੇ ਹਾਂ। ਇਸ ਕਰਕੇ ਜਦੋਂ ਤੱਕ ਅਨੰਦਪੁਰ ਘਰ ਨਹੀਂ ਵੜਦੇ, ਭੈਅ ਤੋਂ ਮੁਕਤ ਨਹੀਂ ਹੁੰਦੇ, ਉਦੋਂ ਤੱਕ ਸਾਡੀ ਇਵੇਂ ਹੀ ਖੁਆਰੀ ਹੁੰਦੀ ਰਹਿਣੀ ਹੈ।

ਉਨ੍ਹਾਂ ਨੇ ਸੰਗਤ ਨੂੰ ਇੱਕਮੁੱਠ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੋਈ ਸਿੱਖ ਦੀ ਪੱਗ ਨੂੰ ਹੱਥ ਲਾਉਂਦਾ ਹੈ, ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ ਹਨ। ਨਸ਼ਿਆਂ ਦੇ ਮੁੱਦੇ ਉੱਤੇ ਚਿੰਤਾ ਪ੍ਰਗਟ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੰਧਾਂ ਜਿੰਨੇ ਪੁੱਤ ਨਸ਼ੇ ਦੇ ਟੀਕੇ ਲਾ ਕੇ ਮਰ ਰਹੇ ਹਨ। ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।

ਦਰਅਸਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕਰਕੇ ਉਸਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਸੀ। ਰਾਜਾ ਵੜਿੰਗ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਅੰਮ੍ਰਿਤਪਾਲ ਆਪਣੇ ਬਿਆਨਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਿਹਾ ਹੈ।

ਸੰਸਦ ‘ਚ ਸਿੱਖਾਂ ਨੂੰ ਬੋਲਣ ਦੀ ਇਜ਼ਾਜਤ ਨਹੀਂ ਹੈ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਲੱਖਾ ਸਿਧਾਣਾ ਵੱਲੋਂ ਸੱਦੀ ਗਈ ਰੈਲੀ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਿੰਦੂ ਨੂੰ ਬਾਦਸ਼ਾਹੀ ਪ੍ਰਾਪਤ ਹੋਈ ਹੈ। ਜਦੋਂ ਤੱਕ ਅਸੀਂ ਖੁਦਮੁਖਤਿਆਰ ਨਹੀਂ ਹੁੰਦੇ, ਉਦੋਂ ਤੱਕ ਸਾਨੂੰ ਸਿਆਸਤ ਵਿੱਚ ਜਗ੍ਹਾ ਨਹੀਂ ਮਿਲਣੀ। ਪਾਰਲੀਮੈਂਟ ਵਿੱਚ ਮੈਨੂੰ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਪਾਰਲੀਮੈਂਟ ਵਿੱਚ ਸਿਰਫ਼ ਵੱਧ ਗਿਣਤੀ ਵਾਲਿਆਂ ਨੂੰ ਬੋਲਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਮਾਨ ਨੇ ਕਿਹਾ ਕਿ ਸਿੱਖ ਦੀ ਦਾੜੀ, ਕੇਸ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਪਹਿਚਾਣ ਵੱਖਰੀ ਬਣੀ ਰਹੇ।

“ਸੰਸਦ ‘ਚ ਸਿੱਖਾਂ ਨੂੰ ਬੋਲਣ ਦੀ ਇਜ਼ਾਜਤ ਨਹੀਂ ਹੈ”, ਸਿਮਰਨਜੀਤ ਮਾਨ ਨੂੰ ਕਿਉਂ ਕਹਿਣੀ ਪਈ ਇਹ ਗੱਲ ?

ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਾਜਾਇਜ਼ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਵਾਲੀ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਪੰਚਾਇਤ ਦੀਆਂ ਜ਼ਮੀਨਾਂ ਸਾਡੀਆਂ ਸਾਂਝੀਆਂ ਹਨ। ਇਨ੍ਹਾਂ ਉੱਤੇ ਅਸੀਂ ਸਕੂਲ ਬਣਾ ਸਕਦੇ ਹਾਂ, ਡੰਗਰਾਂ ਦਾ ਹਸਪਤਾਲ ਬਣਾ ਸਕਦੇ ਹਾਂ। ਪਰ ਅੱਜ ‘ਆਪ’ ਸਰਕਾਰ ਪੰਚਾਇਤੀ ਜ਼ਮੀਨਾਂ ਦੇ ਪਿੱਛੇ ਪਏ ਹੋਏ ਹਨ। ਸਰਕਾਰ ਦੇ ਇਸ ਕਦਮ ਨਾਲ ਅਸੀਂ ਆਪਣੇ ਪਿੰਡਾਂ ਵਿੱਚ ਮਰਜ਼ੀ ਦੇ ਨਾਲ ਆਪਣੀ ਪੰਚਾਇਤ ਦਾ ਪੈਸਾ ਨਹੀਂ ਖਰਚ ਕਰ ਸਕਾਂਗੇ।

“ਪੁੱਤ ਧਿਆਨ ਰੱਖੀਂ, ਕਿਤੇ ਤੇਰਾ ਵੀ ਐਕ ਸੀਡੈਂਟ ਨਾ ਹੋ ਜਾਵੇ”

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੈਨੀ ਜੌਹਲ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਦੋ ਕੁੜੀਆਂ ਰੁਪਿੰਦਰ ਹਾਂਡਾ ਅਤੇ ਜੈਨੀ ਜੌਹਲ ਨੇ ਮੂਸੇਵਾਲਾ ਦੇ ਹੱਕ ਵਿੱਚ ਬੋਲਣ ਦੀ ਹਿੰਮਤ ਕੀਤੀ ਹੈ ਪਰ ਜੈਨੀ ਦੇ ਗੀਤ ਨੂੰ ਬਲਾਕ ਕਰ ਦਿੱਤਾ ਗਿਆ ਅਤੇ ਉਸਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ ਕਿ ਉੱਸ ਉੱਤੇ ਪਰਚਾ ਪਾ ਦਿੱਤਾ ਜਾਵੇਗਾ ਅਤੇ ਛੇ-ਛੇ ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ। ਬਲਕੌਰ ਸਿੰਘ ਨੇ ਕਿਹਾ ਕਿ ਉਸ ਲੜਕੀ ਨੇ ਸਾਡੀ ਤਕਲੀਫ਼ ਨੂੰ ਦਿਲ ਤੋਂ ਵਾਚਿਆ ਹੈ। ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ।

“ਪੁੱਤ ਧਿਆਨ ਰੱਖੀਂ, ਕਿਤੇ ਤੇਰਾ ਵੀ ਐਕ ਸੀਡੈਂਟ ਨਾ ਹੋ ਜਾਵੇ”, ਮੂਸੇਵਾਲਾ ਦੇ ਪਿਤਾ ਨੇ ਲੱਖਾ ਸਿਧਾਣਾ ਨੂੰ ਕੀਤਾ ਸੁਚੇਤ

ਬਲਕੌਰ ਸਿੰਘ ਨੇ ਕਿਹਾ ਕਿ 2 ਕਰੋੜ ਦਾ ਟੈਕਸ ਭਰ ਕੇ ਵੀ ਮੇਰੇ ਪੁੱਤ ਨੂੰ ਇਵੇਂ ਦੀ ਮੌਤ ਮਿਲੀ ਹੈ ਜਿਵੇਂ ਦੀ ਕਿਸੇ ਜਾਨਵਰ ਨੂੰ ਵੀ ਨਹੀਂ ਮਿਲਦੀ। ਮਾਨਸਾ ਸੀਆਈਏ ਸਟਾਫ਼ ਦੀ ਗ੍ਰਿਫਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਮਾਮਲੇ ਬਾਰੇ ਬੋਲਦਿਆਂ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਫੜਨੇ ਤਾਂ ਦੂਰ ਦੀ ਗੱਲ ਹੈ, ਜਿਹੜੇ ਫੜੇ ਹਨ, ਉਹ ਵੀ ਭੱਜਦੇ ਜਾ ਰਹੇ ਹਨ। ਮੈਂ ਲੱਖੇ ਨੂੰ ਵੀ ਕਹਿੰਦਾ ਹੁੰਦਾ ਹਾਂ ਕਿ ਪੁੱਤ ਧਿਆਨ ਰੱਖੀਂ, ਕਿਤੇ ਤੇਰਾ ਵੀ ਐਕਸੀਡੈਂਟ ਨਾ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਹੈ, ਉਸਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ ਹੈ। ਮੈਂ ਬਾਪ ਹੋਣ ਦੇ ਨਾਤੇ ਡਰਦਾ ਰਹਿੰਦਾ ਹਾਂ। ਛੇ ਮਹੀਨਿਆਂ ਵਿੱਚ ਅਸੀ ਤਿੰਨ ਦੀਪ ਗੁਆ ਲਏ ਹਨ।

ਪੰਜਾਬ ਦੇ ਲੋਕਾਂ ਨੂੰ ਮਨਾਇਆ ਤਾਂ ਜਾ ਸਕਦੈ ਪਰ ਦਬਾਇਆ ਨਹੀਂ

“ਪੰਜਾਬ ਦੇ ਲੋਕਾਂ ਨੂੰ ਮਨਾਇਆ ਤਾਂ ਜਾ ਸਕਦੈ ਪਰ ਦਬਾਇਆ ਨਹੀਂ”, ਖਹਿਰਾ ਨੇ ਸਰਕਾਰ ਨੂੰ ਦਿੱਤਾ ਹਲੂਣਾ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੱਖਾ ਸਿਧਾਣਾ ਤੋਂ ਪਰਚਾ ਰੱਦ ਕਰਨ ਬਾਰੇ ਬੋਲਦਿਆਂ ਕਿਹਾ ਕਿ ਇਹ ਤੋਂ ਅਸਥਾਈ ਤੌਰ ਉੱਤੇ ਪਰਚਾ ਰੱਦ ਕੀਤਾ ਗਿਆ ਹੈ, ਗੱਲ ਤਾਂ ਕੋਈ ਹੋਰ ਹੈ। ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਹਨ ਕਿ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਹੈ, ਤੂੰ ਆਪਣਾ ਧਿਆਨ ਰੱਖੀ। ਪਰ ਰਾਜਨੀਤੀ ਵਿੱਚ ਆਪਣਾ ਧਿਆਨ ਕਿਵੇਂ ਰੱਖਿਆ ਜਾ ਸਕਦਾ ਹੈ। ਖਹਿਰਾ ਨੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਕੇਜਰੀਵਾਲ ਨੂੰ ਏਨੀ ਜ਼ਿਆਦਾ ਸਿਕਿਓਰਿਟੀ ਦਿੱਤੀ ਹੋਈ ਹੈ ਪਰ ਉਸਦੀ ਕੋਈ ਗੱਲ ਨਹੀਂ ਕਰਦਾ। ਬੇਅਦਬੀਆਂ ਵਰਗੀਆਂ ਘਟਨਾਵਾਂ ਨੂੰ ਅੱਠ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਨਾਇਆ ਤਾਂ ਜਾ ਸਕਦਾ ਹੈ ਪਰ ਦਬਾਇਆ ਨਹੀਂ ਜਾ ਸਕਦਾ।