Punjab

“ਸੰਸਦ ‘ਚ ਸਿੱਖਾਂ ਨੂੰ ਬੋਲਣ ਦੀ ਇਜ਼ਾਜਤ ਨਹੀਂ ਹੈ”, ਸਿਮਰਨਜੀਤ ਮਾਨ ਨੂੰ ਕਿਉਂ ਕਹਿਣੀ ਪਈ ਇਹ ਗੱਲ ?

Simranjit Singh Mann gave a big statement

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਲੱਖਾ ਸਿਧਾਣਾ ਵੱਲੋਂ ਸੱਦੀ ਗਈ ਰੈਲੀ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਿੰਦੂ ਨੂੰ ਬਾਦਸ਼ਾਹੀ ਪ੍ਰਾਪਤ ਹੋਈ ਹੈ। ਜਦੋਂ ਤੱਕ ਅਸੀਂ ਖੁਦਮੁਖਤਿਆਰ ਨਹੀਂ ਹੁੰਦੇ, ਉਦੋਂ ਤੱਕ ਸਾਨੂੰ ਸਿਆਸਤ ਵਿੱਚ ਜਗ੍ਹਾ ਨਹੀਂ ਮਿਲਣੀ। ਪਾਰਲੀਮੈਂਟ ਵਿੱਚ ਮੈਨੂੰ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਪਾਰਲੀਮੈਂਟ ਵਿੱਚ ਸਿਰਫ਼ ਵੱਧ ਗਿਣਤੀ ਵਾਲਿਆਂ ਨੂੰ ਬੋਲਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਮਾਨ ਨੇ ਕਿਹਾ ਕਿ ਸਿੱਖ ਦੀ ਦਾੜੀ, ਕੇਸ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਪਹਿਚਾਣ ਵੱਖਰੀ ਬਣੀ ਰਹੇ।

ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਾਜਾਇਜ਼ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਵਾਲੀ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਪੰਚਾਇਤ ਦੀਆਂ ਜ਼ਮੀਨਾਂ ਸਾਡੀਆਂ ਸਾਂਝੀਆਂ ਹਨ। ਇਨ੍ਹਾਂ ਉੱਤੇ ਅਸੀਂ ਸਕੂਲ ਬਣਾ ਸਕਦੇ ਹਾਂ, ਡੰਗਰਾਂ ਦਾ ਹਸਪਤਾਲ ਬਣਾ ਸਕਦੇ ਹਾਂ। ਪਰ ਅੱਜ ‘ਆਪ’ ਸਰਕਾਰ ਪੰਚਾਇਤੀ ਜ਼ਮੀਨਾਂ ਦੇ ਪਿੱਛੇ ਪਏ ਹੋਏ ਹਨ। ਸਰਕਾਰ ਦੇ ਇਸ ਕਦਮ ਨਾਲ ਅਸੀਂ ਆਪਣੇ ਪਿੰਡਾਂ ਵਿੱਚ ਮਰਜ਼ੀ ਦੇ ਨਾਲ ਆਪਣੀ ਪੰਚਾਇਤ ਦਾ ਪੈਸਾ ਨਹੀਂ ਖਰਚ ਕਰ ਸਕਾਂਗੇ।

ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਵਿਸ਼ਾਲ ਇਕੱਠ ਸੱਦਿਆ। ਵੱਡੀ ਗਿਣਤੀ ਵਿੱਚ ਲੋਕ ਲੱਖਾ ਸਿਧਾਣਾ ਦੀ ਹਮਾਇਤ ਵਿੱਚ ਇਕੱਠੇ ਹੋਏ। ਪੰਡਾਲ ਵਿੱਚ ਦੂਰ ਦੂਰ ਤੱਕ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ। ਇਸ ਰੈਲੀ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ, ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਵੱਖ ਵੱਖ ਸ਼ਖਸੀਅਤਾਂ ਪਹੁੰਚੀਆਂ।