Punjab

“ਇਨ੍ਹਾਂ ਨੂੰ ਲੱਗਦੈ ਕਿ ਅਸੀਂ ਕਦੇ ਕਾਲ ਕੋਠੜੀਆਂ ਨਹੀਂ ਵੇਖੀਆਂ”, ਅੰਮ੍ਰਿਤਪਾਲ ਸਿੰਘ ਦਾ ਵੜਿੰਗ ਨੂੰ ਤਕੜਾ ਜਵਾਬ

Amritpal Singh's reply to Raja Waring

‘ਦ ਖ਼ਾਲਸ ਬਿਊਰੋ : ਸਮਾਜ ਸੇਵੀ ਵਜੋਂ ਜਾਣੇ ਜਾਂਦੇ ਲੱਖਾ ਸਿਧਾਣਾ ਵੱਲੋਂ ਸੱਦੀ ਗਈ ਰੈਲੀ ਵਿੱਚ ਪਹੁੰਚੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਸਿੱਧੇ ਤੌਰ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਕੜਾ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੋਈ ਮੰਤਰੀ ਬਿਆਨ ਦਿੰਦਾ ਹੈ ਕਿ ਇਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿਉ, ਕੋਈ ਕਹਿੰਦਾ ਕਿ ਇਨ੍ਹਾਂ ਨੂੰ ਫੜ ਕੇ ਮਾਰ ਦਿਉ। ਮੈਂ ਕਹਿੰਨਾ ਕਿ ਇਨ੍ਹਾਂ ਨੂੰ ਹਾਲੇ ਕਿਸੇ ਦੇ ਚੰਗੀ ਤਰ੍ਹਾਂ ਹੱਥ ਨਹੀਂ ਲੱਗੇ। ਤੁਸੀਂ ਮੂੰਹ ਚੁੱਕ ਕੇ ਬਿਆਨ ਦੇ ਦਿੰਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਦੇ ਕਾਲ ਕੋਠੜੀ ਨਹੀਂ ਵੇਖੀ। ਅਸੀਂ ਉਨ੍ਹਾਂ ਦੀ ਕੌਮ ਵਿੱਚੋਂ ਹਾਂ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਰੰਬੀਆਂ ਚਲਵਾਈਆਂ, ਸੋ ਸਾਨੂੰ ਕੋਈ ਡਰਾਵਾ ਨਾ ਦੇਵੋ। ਜੇ ਕੁਝ ਕਰਨਾ ਹੈ ਤਾਂ ਕਾਨੂੰਨ ਦੀ ਵਿਵਸਥਾ ਸੰਭਾਲ ਲਉ। ਰਾਜ ਇਹ ਵੀ ਨਹੀਂ ਰਹਿਣਾ। ਇਸ ਕਰਕੇ ਅਸੀਂ ਰਾਜ ਕਰਨ ਦੀ ਗੱਲ ਕਰਨ ਤੋਂ ਨਹੀਂ ਰਹਿਣਾ।

ਅੰਮ੍ਰਿਤਪਾਲ ਸਿੰਘ ਨੇ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤ ਨੇ ਪਰਚਾ ਪਾ ਕੇ ਇਹ ਟੋਹਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਉੱਤੇ ਝੂਠਾ ਪਰਚਾ ਪਾ ਕੇ ਵੇਖਿਆ ਜਾਵੇ ਕਿ ਇਹ ਦੁਬਾਰਾ ਇਕੱਠੇ ਹੁੰਦੇ ਹਨ ਕਿ ਨਹੀਂ। ਉਨ੍ਹਾਂ ਨੇ ਯਾਦ ਕਰਵਾਇਆ ਕਿ ਲੱਖਾ ਸਿਧਾਣਾ ਸਮੇਤ ਹੋਰ ਵੀ ਕਈ ਨੌਜਵਾਨਾਂ ਉੱਤੇ ਝੂਠੇ ਪਰਚੇ ਪਾਏ ਗਏ ਹਨ, ਸਾਨੂੰ ਉਨ੍ਹਾਂ ਦੇ ਪਿੱਛੇ ਵੀ ਖੜਨਾ ਪੈਣਾ ਹੈ।

ਲੱਖਾ ਸਿਧਾਣਾ ਨੂੰ ਪੁਲਿਸ ਵੱਲੋਂ ਅੱਜ ਨਿਰਦੋਸ਼ ਸਾਬਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਹੁਣ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੱਖਾ ਸਿਧਾਣਾ ਨਿਰਦੋਸ਼ ਹੈ। ਕੀ ਗੱਲ ਪਹਿਲਾਂ ਇਨ੍ਹਾਂ ਦੇ ਐਨਕਾਂ ਨਹੀਂ ਸੀ ਲੱਗੀਆਂ ਜਾਂ ਫਿਰ ਇਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਗਈ ਸੀ ਕਿ ਇਨ੍ਹਾਂ ਨੂੰ ਦਿਸਿਆ ਨਹੀਂ ਸੀ ਕਿ ਲੱਖਾ ਸਿਧਾਣਾ ਨਿਰਦੋਸ਼ ਹੈ ਜਾਂ ਨਹੀਂ। ਜਿਹੜਾ ਨੌਜਵਾਨ ਨਸ਼ਿਆਂ ਦੇ ਖਿਲਾਫ਼ ਬੋਲਦਾ ਹੈ, ਉਸਦੇ ਖਿਲਾਫ਼ ਹੀ ਪਰਚਾ ਪਾ ਦਿੱਤਾ ਜਾਂਦਾ ਹੈ। ਇਹ ਬਹੁਤ ਸ਼ਰਮ ਦੀ ਗੱਲ ਹੈ।

ਅੰਮ੍ਰਿਤਪਾਲ ਸਿੰਘ ਨੇ ਪੁਲਿਸ ਵਾਲਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਹਕੂਮਤ ਤੁਹਾਡੇ ਮੋਢਿਆਂ ਉੱਤੇ ਬੰਦੂਕ ਰੱਖ ਕੇ ਚਲਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਅਸੀਂ ਛਿੱਤਰ ਤਾਂ ਖਾ ਰਹੇ ਹਾਂ ਕਿਉਂਕਿ ਅਸੀਂ ਗੁਰੂ ਤੋਂ ਬੇਮੁੱਖ ਹੋ ਗਏ ਹਾਂ, ਮੂੰਹ ਸਿਰ ਮੁਨਾ ਲਏ ਹਨ, ਤੰਬਾਕੂ ਲਾਉਂਦੇ ਹਾਂ। ਇਸ ਕਰਕੇ ਜਦੋਂ ਤੱਕ ਅਨੰਦਪੁਰ ਘਰ ਨਹੀਂ ਵੜਦੇ, ਭੈਅ ਤੋਂ ਮੁਕਤ ਨਹੀਂ ਹੁੰਦੇ, ਉਦੋਂ ਤੱਕ ਸਾਡੀ ਇਵੇਂ ਹੀ ਖੁਆਰੀ ਹੁੰਦੀ ਰਹਿਣੀ ਹੈ।

ਉਨ੍ਹਾਂ ਨੇ ਸੰਗਤ ਨੂੰ ਇੱਕਮੁੱਠ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੋਈ ਸਿੱਖ ਦੀ ਪੱਗ ਨੂੰ ਹੱਥ ਲਾਉਂਦਾ ਹੈ, ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ ਹਨ। ਨਸ਼ਿਆਂ ਦੇ ਮੁੱਦੇ ਉੱਤੇ ਚਿੰਤਾ ਪ੍ਰਗਟ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੰਧਾਂ ਜਿੰਨੇ ਪੁੱਤ ਨਸ਼ੇ ਦੇ ਟੀਕੇ ਲਾ ਕੇ ਮਰ ਰਹੇ ਹਨ। ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।

ਵੜਿੰਗ ਨੇ ਅੰਮ੍ਰਿਤਪਾਲ ਦੇ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ , ਕਹੀਆਂ ਵੱਡੀਆਂ ਗੱਲਾਂ

ਦਰਅਸਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕਰਕੇ ਉਸਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਸੀ। ਰਾਜਾ ਵੜਿੰਗ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਅੰਮ੍ਰਿਤਪਾਲ ਆਪਣੇ ਬਿਆਨਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਿਹਾ ਹੈ।