‘ਦ ਖ਼ਾਲਸ ਬਿਊਰੋ:- ਸੁਖਦੇਵ ਸਿੰਘ ਢੀਂਡਸਾ ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਨਾਂ ਦੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਰਾਜ਼ਗੀ ਜਾਹਿਰ ਕੀਤੀ ਹੈ। ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ‘ਤੇ ਧੋਖਾ ਅਤੇ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਹਨ। ਇਹ ਗੱਲ ਉਹਨਾਂ ਇੱਕ ਟੀ.ਵੀ ਚੈਂਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਆਖੀ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਵੱਡਾ ਬਿਆਨ ਦਿੰਦਿਆ ਕਿਹਾ ਕਿ ਢੀਂਡਸਾ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ CM ਬਣਾਉਣਾ ਚਾਹੁੰਦਾ ਹੈ।
ਜੇਕਰ ਪ੍ਰਧਾਨਗੀ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਲੜਾਈ ਪ੍ਰਧਾਨਗੀ ਦੀ ਹੈ ਜਾਂ ਇਸ ਪਿਛੇ ਕੋਈ ਹੋਰ ਕਾਰਨ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੈਨੂੰ ਢੀਂਡਸਾ, ਸੇਵਾ ਸਿੰਘ ਅਤੇ ਬੀਰ ਦਵਿੰਦਰ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਕਿਹਾ ਕਿ ਮੈਂ ਸੁਖਦੇਵ ਸਿੰਘ ਢੀਂਡਸਾ ਨੂੰ ਟਕਸਾਲੀ ‘ਅਕਾਲੀ ਦਲ’ ਦੀ ਪ੍ਰਧਾਨਗੀ Offer ਵੀ ਕੀਤੀ ਸੀ।
ਜਦਕਿ ਇੱਕ ਹਫਤੇ ‘ਚ ਦੋ ਮੁਲਾਕਾਤਾਂ ਵੀ ਹੋਈਆਂ ਪਰ ਸਿਆਸੀ ਪਾਰੀ ਦੀ ਸ਼ੁਰੂਆਤ ਕਦੋ ਹੋਈ ਉਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਬ੍ਰਹਮਪੁਰਾ ਨੇ ਕਿਹਾ ਕਿ ਇਹ ਕਹਿੰਦੇ ਹੁੰਦੇ ਸੀ ਅਸੀਂ ਤੁਹਾਡੇ ਸਿਪਾਹੀ ਹਾਂ ਤੁਸੀਂ ਸਾਡੇ ਜਰਨੈਲ ਹੋ।
ਨਰਾਜ਼ਗੀ ਅਤੇ ਥੋੜਾ ਗੁੱਸੇ ਵਿੱਚ ਦਿਖਾਈ ਦਿੱਤੇ ਬ੍ਰਹਮਪੁਰਾ ਨੇ ਦਾਅਵੇ ਨਾਲ ਕਿਹਾ ਕਿ ਮੈਂ ਇਹਨਾਂ ਨੂੰ ਐਕਸਪੋਜ਼ ਕਰਾਂਗਾ।
ਇਸ ਤੋਂ ਇਲਾਵਾਂ ਉਹਨਾਂ ਇਹ ਵੀ ਕਿਹਾ ਕਿ ਕਿ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਅਤੇ ਉਸ ਦਾ ਨਾ ‘ਸ਼੍ਰੋਮਣੀ ਅਕਾਲੀ ਦਲ’ ਰੱਖਣਾ ਇਹ ਸਭ ਲੋਕਾਂ ਨੂੰ ਭੱਬਲਭੂਸੇ ਵਿੱਚ ਪਾਇਆ ਜਾ ਰਿਹਾ ਹੈ। ਬ੍ਰਹਮਪੁਰਾ ਨੇ ਇੱਕ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਮੈਂ ਇਹਨਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗਾ, ਕਿਉਕਿ ਮੈਂ ਟਕਸਾਲੀ ‘ਅਕਾਲੀ ਦਲ’ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਇਆ ਹੈ, ਮੈਂ ਇਸ ਨੂੰ ਬੰਦ ਨਹੀਂ ਕਰਾਂਗਾ।