India

ਸੀਡੀਐਸ ਰਾਵਤ ਤੇ ਉਨ੍ਹਾਂ ਦੀ ਪਤਨੀ ਦਾ ਮ੍ਰਿਤਕ ਸਰੀਰ ਅੱਜ ਦਿੱਲੀ ਲਿਆਂਦਾ ਜਾਵੇਗਾ, ਕੱਲ੍ਹ ਹੋਵੇਗਾ ਸਸਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਮਿਲਨਾਡੂ ਦੇ ਕੁਨੂੰਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਸੀਡੀਐਸ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਅਤੇ 11 ਹੋਰ ਜਵਾਨਾਂ ਦੀ ਦੁਖਦ ਮੌਤ ਹੋ ਗਈ ਸੀ।ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦੇ ਮ੍ਰਿਤਕ ਦੇਹ ਨੂੰ ਅੱਜ ਸ਼ਾਮ ਨੂੰ ਸੈਨਾ ਦੇ ਜਹਾਜ਼ ਰਾਹੀਂ ਦਿੱਲੀ ਲਿਆਂਦੀ ਜਾਵੇਗੀ। ਸੀਡੀਐਸ ਰਾਵਤ ਅਤੇ ਉਨ੍ਹਾਂ ਦੀ ਪਤਨੀ ਦਾ ਸਸਕਾਰ ਸ਼ੁੱਕਰਵਾਰ ਨੂੰ ਦਿੱਲੀ ਕੈਂਟ ’ਚ ਹੋਵੇਗਾ। ਗੌਰਤਲਬ ਹੈ ਕਿ ਤਮਿਲਨਾਡੂ ਦੇ ਕੁਨੂੰਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਸੀਡੀਐਸ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਅਤੇ 11 ਹੋਰ ਜਵਾਨਾਂ ਦੀ ਦੁਖਦ ਮੌਤ ਹੋ ਗਈ ਸੀ। ਇਸ ਦੌਰਾਨ ਸੈਨਾ ਹੈਲੀਕਾਪਟਰ ਦੁਰਘਟਨਾ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਨੀਲਗਿਰੀ ਜ਼ਿਲ੍ਹੇ ਦੇ ਵੈਲੀਂਗਟਨ ਸੈਨਿਕ ਹਸਪਤਾਲ ਤੋਂ ਮਦਰਾਸ ਰੈਜੀਮੈਂਟਲ ਸੈਂਟਰ ਲਿਆਂਦਾ ਗਿਆ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਲਿਆਂਦੀ ਜਾਵੇਗੀ ਅਤੇ ਲੋਕ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਕਾਮਰਾਜ ਮਾਰਗ ਤੋਂ ਦਿੱਲੀ ਛਾਉਣੀ ਦੇ ਬੇਰਾਰ ਸਕੁਏਅਰ ਸ਼ਮਸ਼ਾਨਘਾਟ ਤੱਕ ਅੰਤਿਮ ਯਾਤਰਾ ਕੱਢੀ ਜਾਵੇਗੀ।