’ਦ ਖ਼ਾਲਸ ਬਿਓਰੋ: ਦੇਸ਼ ਵਿੱਚ ਪਹਿਲੀ ਨਵੰਬਰ ਤੋਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਜ਼ਰੂਰੀ ਚੀਜ਼ਾਂ ਤੇ ਸੇਵਾਵਾਂ ਨਾਲ ਸਬੰਧਿਤ 7 ਨਿਯਮ ਬਦਲ ਜਾਣਗੇ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਏਗਾ। ਰਸੋਈ ਗੈਸ ਸਿਲੰਡਰ ਨਾਲ ਸਬੰਧਿਤ ਨਿਯਮ ‘ਚ ਵੱਡਾ ਬਦਲਾਅ ਹੋਣ ਵਾਲਾ ਹੈ। ਪਹਿਲੀ ਨਵੰਬਰ ਤੋਂ ਬਗੈਰ ਓਟੀਪੀ ਤੋਂ ਸਿਲੰਡਰ ਨਹੀਂ ਮਿਲੇਗਾ। ਹੁਣ ਤੁਹਾਡੇ ਘਰੇਲੂ ਗੈਸ ਸਿਲੰਡਰ ਦੀ ਹੋਮ ਡਿਲੀਵਰੀ ਦੀ ਪ੍ਰਕਿਰਿਆ ਪਹਿਲਾਂ ਵਰਗੀ ਨਹੀਂ ਹੋਵੇਗੀ। ਸਿਲੰਡਰ ਦੀਆਂ ਕੀਮਤਾਂ ‘ਚ ਵੀ ਪਹਿਲੀ ਨਵੰਬਰ ਤੋਂ ਤਬਦੀਲੀ ਹੋਵੇਗੀ।

ਬਦਲੇ ਜਾਏਗਾ ਸਿਲੰਡਰ ਮੰਗਵਾਉਣ ਦਾ ਤਰੀਕਾ

ਸਿਲੰਡਰਾਂ ਦੀ ਚੋਰੀ ਰੋਕਣ ਅਤੇ ਸਹੀ ਗਾਹਕਾਂ ਦੀ ਪਛਾਣ ਕਰਨ ਲਈ ਤੇਲ ਕੰਪਨੀਆਂ ਪਹਿਲੀ ਨਵੰਬਰ ਤੋਂ ਨਵਾਂ ਐਲਪੀਜੀ ਸਿਲੰਡਰ ਸਪਲਾਈ ਸਿਸਟਮ ਲਾਗੂ ਕਰਨ ਜਾ ਰਹੀਆਂ ਹਨ। ਇਸ ਨਵੇਂ ਸਿਸਟਮ ਨੂੰ DAC ਦਾ ਨਾਂਅ ਦਿੱਤਾ ਗਿਆ ਹੈ, ਮਤਲਬ ਡਿਲੀਵਰੀ ਆਥੈਂਟਿਕੇਸ਼ਨ ਕੋਡ। ਪਹਿਲਾਂ 100 ਸਮਾਰਟ ਸਿਟੀ ‘ਚ ਇਹ ਸਿਸਟਮ ਲਾਗੂ ਹੋਵੇਗਾ। ਸਿਰਫ਼ ਬੁਕਿੰਗ ਕਰਵਾਉਣ ਨਾਲ ਸਿਲੰਡਰ ਦੀ ਡਿਲੀਵਰੀ ਨਹੀਂ ਹੋਵੇਗੀ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇਕ ਕੋਡ ਭੇਜਿਆ ਜਾਵੇਗਾ, ਉਸ ਕੋਡ ਨੂੰ ਜਦੋਂ ਤਕ ਤੁਸੀ ਡਿਲੀਵਰੀ ਬੁਆਏ ਨੂੰ ਨਹੀਂ ਵਿਖਾਓਗੇ, ਤੁਹਾਨੂੰ ਸਿਲੰਡਰ ਦੀ ਡਿਲੀਵਰੀ ਨਹੀਂ ਹੋਵੇਗੀ।

ਜੇ ਕਿਸੇ ਗਾਹਕ ਦਾ ਮੋਬਾਈਲ ਨੰਬਰ ਅਪਡੇਟ ਨਹੀਂ ਹੈ ਤਾਂ ਸਿਲੰਡਰ ਡਿਲੀਵਰੀ ਵਾਲੇ ਕੋਲ ਐਪ ਹੋਵੇਗਾ, ਜਿਸ ਰਾਹੀਂ ਉਹ ਰਿਅਲ ਟਾਈਮ ਤੁਹਾਡਾ ਨੰਬਰ ਅਪਡੇਟ ਕਰਵਾ ਦੇਵੇਗਾ ਅਤੇ ਉਸਤੋਂ ਬਾਅਦ ਕੋਡ ਜੈਨਰੇਟ ਹੋ ਜਾਵੇਗਾ। ਇਹ ਸਿਸਟਮ ਕਮਰਸ਼ਿਅਲ ਸਿਲੰਡਰ ‘ਤੇ ਲਾਗੂ ਨਹੀਂ ਹੋਵੇਗਾ।

ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲਣਗੀਆਂ

ਤੇਲ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਅਜਿਹੀ ਸਥਿਤੀ ‘ਚ 1 ਨਵੰਬਰ ਨੂੰ ਸਿਲੰਡਰ ਦੀਆਂ ਕੀਮਤਾਂ ਬਦਲ ਸਕਦੀਆਂ ਹਨ। ਅਕਤੂਬਰ ‘ਚ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀ ਕੀਮਤ ‘ਚ ਵਾਧਾ ਕੀਤਾ ਸੀ।

ਇੰਡੇਨ ਗੈਸ ਨੇ ਬੁਕਿੰਗ ਨੰਬਰ ਬਦਲਿਆ

ਇੰਡੇਨ ਗਾਹਕਾਂ ਲਈ ਗੈਸ ਬੁਕਿੰਗ ਨੰਬਰ ਬਦਲ ਗਿਆ ਹੈ। ਇੰਡੀਅਨ ਆਇਲ ਨੇ ਦੱਸਿਆ ਕਿ ਪਹਿਲਾਂ ਐਲਪੀਜੀ ਦੀ ਬੁਕਿੰਗ ਲਈ ਦੇਸ਼ ਦੇ ਵੱਖ-ਵੱਖ ਸਰਕਲਾਂ ਲਈ ਵੱਖਰੇ ਮੋਬਾਈਲ ਨੰਬਰ ਸਨ। ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਸਾਰੇ ਸਰਕਲਾਂ ਲਈ ਇਕੋ ਨੰਬਰ ਜਾਰੀ ਕੀਤਾ ਹੈ। ਹੁਣ ਦੇਸ਼ ਭਰ ਦੇ ਗਾਹਕਾਂ ਨੂੰ ਐਲਪੀਜੀ ਸਿਲੰਡਰ ਬੁੱਕ ਕਰਨ ਲਈ 77189-55555 ‘ਤੇ ਕਾਲ ਜਾਂ ਐਸਐਮਐਸ ਕਰਨਾ ਪਵੇਗਾ।

ਬੈਂਕ ਆਫ਼ ਬੜੌਦਾ ‘ਚ ਪੈਸੇ ਜਮ੍ਹਾ ਕਰਨ ਦੇ ਬਦਲਣਗੇ ਨਿਯਮ

ਬੈਂਕ ਆਫ਼ ਬੜੌਦਾ ‘ਚ ਹੁਣ ਪੈਸੇ ਜਮਾਂ ਕਰਵਾਉਣ ਅਤੇ ਕਢਵਾਉਣ ਲਈ ਫੀਸ ਅਦਾ ਕਰਨੀ ਪਵੇਗੀ। 1 ਨਵੰਬਰ ਤੋਂ ਨਿਰਧਾਰਿਤ ਸੀਮਾ ਤੋਂ ਵੱਧ ਬੈਂਕਿੰਗ ਕਰਨ ‘ਚ ਵੱਖਰਾ ਚਾਰਜ ਲੱਗੇਗਾ। ਇਸ ‘ਤੇ ਬੈਂਕ ਆਫ਼ ਇੰਡੀਆ, ਪੀਐਨਬੀ, ਐਕਸਿਸ ਅਤੇ ਸੈਂਟਰਲ ਬੈਂਕ ਵੀ ਛੇਤੀ ਹੀ ਫ਼ੈਸਲਾ ਲੈਣਗੇ। ਬੈਂਕ ਆਫ਼ ਬੜੌਤਾ ਨੇ ਕਰੰਟ ਅਕਾਊਂਟ, ਕੈਸ਼ ਕ੍ਰੈਡਿਟ ਲਿਮਟ ਅਤੇ ਓਵਰ ਡਰਾਫ਼ਟ ਖਾਤੇ ‘ਚੋਂ ਜਮਾਂ-ਕਢਵਾਉਣ ਦੇ ਵੱਖ ਅਤੇ ਬਚਤ ਖਾਤੇ ‘ਚ ਜਮਾਂ-ਕਢਵਾਉਣ ਦੇ ਵੱਖ ਚਾਰਜ ਤੈਅ ਕੀਤੇ ਗਏ ਹਨ।

ਲੋਨ ਅਕਾਊਂਟ ਲਈ ਮਹੀਨੇ ‘ਚ ਤਿੰਨ ਵਾਰ ਤੋਂ ਬਾਅਦ ਜਿੰਨੀ ਵਾਰ ਪੈਸਾ ਕਢਵਾਓਗੇ, 150 ਰੁਪਏ ਹਰ ਵਾਰ ਦੇਣੇ ਪੈਣਗੇ। ਬਚਤ ਖਾਤੇ ‘ਚ ਤਿੰਨ ਵਾਰ ਪੈਸਾ ਜਮਾਂ ਕਰਾਉਣਾ ਮੁਫ਼ਤ ਹੈ, ਪਰ ਜੇ ਚੌਥੀ ਵਾਰ ਪੈਸਾ ਜਮਾਂ ਕੀਤਾ ਜਾਂਦਾ ਹੈ ਤਾਂ ਤੁਹਾਨੂੰ 40 ਰੁਪਏ ਦੇਣੇ ਪੈਣਗੇ। ਬੈਂਕ ਨੇ ਸੀਨੀਅਰ ਸਿਟੀਜ਼ਨਜ਼ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਹੈ।

ਰੇਲਵੇ ਬਦਲੇਗਾ ਰੇਲ ਗੱਡੀਆਂ ਦਾ ਟਾਈਮ ਟੇਬਲ

ਭਾਰਤੀ ਰੇਲਵੇ ਦੇਸ਼ ਭਰ ਦੀਆਂ ਰੇਲ ਗੱਡੀਆਂ ਦੀ ਸਮਾਂ ਸੂਚੀ ਬਦਲਣ ਜਾ ਰਿਹਾ ਹੈ। ਪਹਿਲਾਂ ਰੇਲ ਗੱਡੀਆਂ ਦੀ ਸਮਾਂ ਸੂਚੀ 1 ਅਕਤੂਬਰ ਤੋਂ ਬਦਲਣੀ ਤੈਅ ਕੀਤੀ ਗਈ ਸੀ, ਪਰ ਕੁਝ ਕਾਰਨਾਂ ਕਰਕੇ 31 ਅਕਤੂਬਰ ਦੀ ਤਰੀਕ ਨੂੰ ਫਾਈਨਲ ਕੀਤਾ ਗਿਆ ਹੈ।

ਕੇਰਲ ‘ਚ ਲਾਗੂ ਕੀਤੀ ਹੋਵੇਗੀ ਐਮਐਸਪੀ ਸਕੀਮ

ਕੇਰਲ ਸਰਕਾਰ ਨੇ ਸਬਜ਼ੀਆਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੈਅ ਕਰ ਦਿੱਤਾ ਹੈ। ਕੇਰਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਸਬਜ਼ੀਆਂ ਦਾ ਐਮਐਸਪੀ ਤੈਅ ਕੀਤਾ ਹੈ। ਸਬਜ਼ੀਆਂ ਦਾ ਇਹ ਘੱਟੋ-ਘੱਟ ਜਾਂ ਅਧਾਰ ਮੁੱਲ ਉਤਪਾਦਨ ਦੀ ਲਾਗਤ ਨਾਲੋਂ 20% ਵੱਧ ਹੋਵੇਗਾ। ਇਹ ਯੋਜਨਾ 1 ਨਵੰਬਰ ਤੋਂ ਲਾਗੂ ਹੋਵੇਗੀ।

ਚੰਡੀਗੜ੍ਹ ਤੋਂ ਨਵੀਂ ਦਿੱਲੀ ਵਿਚਕਾਰ ਚੱਲੇਗੀ ਤੇਜਸ ਐਕਸਪ੍ਰੈਸ

ਤੇਜਸ ਐਕਸਪ੍ਰੈਸ 1 ਨਵੰਬਰ ਤੋਂ ਹਰ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਨਵੀਂ ਦਿੱਲੀ ਲਈ ਚੱਲੇਗੀ। ਰੇਲਗੱਡੀ ਨੰਬਰ 22425 ਨਵੀਂ ਦਿੱਲੀ-ਚੰਡੀਗੜ੍ਹ ਤੇਜਸ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੇਕ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁੱਕਰਵਾਰ, ਸਨਿੱਚਰਵਾਰ, ਐਤਵਾਰ ਸਵੇਰੇ 9.40 ਵਜੇ ਚੱਲੇਗੀ ਅਤੇ ਦੁਪਹਿਰ 12.40 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ। ਮਤਲਬ ਤੁਸੀਂ 3 ਘੰਟੇ ‘ਚ ਚੰਡੀਗੜ੍ਹ ਪਹੁੰਚ ਜਾਓਗੇ।

Leave a Reply

Your email address will not be published. Required fields are marked *