Punjab

ਬੇਅਦਬੀ ਮਾਮਲੇ ਦਾ ਚਾਰ ਸਾਲ ਬਾਅਦ ਹੋਇਆ ਖੁਲਾਸਾ, ਚਾਰ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਨੇ ਚੁੱਕੇ

‘ਦ ਖ਼ਾਲਸ ਬਿਊਰੋ:- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਣੀਆਂ ਦੇ ਗੁਰਦੁਆਰਾ ਸਾਹਿਬ ਵਿੱਚ 2016 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਸੀ। ਅੱਜ ਉਨ੍ਹਾਂ ਸਰੂਪਾਂ ਨੂੰ ਗੁਰੂ ਮਰਿਆਦਾ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਲਿਆਂਦਾ ਗਿਆ ਹੈ। ਸਾਲ 2016 ਵਿੱਚ ਇਨ੍ਹਾਂ ਸਰੂਪਾਂ ਦੀ ਬੇਅਦਬੀ ਹੋਈ ਸੀ ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਗੱਲ ਨੂੰ ਛੁਪਾ ਕੇ ਰੱਖਿਆ ਗਿਆ ਸੀ। ਇਨ੍ਹਾਂ ਚਾਰ ਸਰੂਪਾਂ ਦੇ ਅੰਗਾਂ ਨੂੰ ਬੁਰੀ ਤਰ੍ਹਾਂ ਨਾਲ ਪਾੜ ਕੇ ਬੇਅਦਬੀ ਕੀਤੀ ਗਈ ਸੀ। ਅੱਜ ਇਨ੍ਹਾਂ ਸਰੂਪਾਂ ਨੂੰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਲਿਆਂਦਾ ਗਿਆ ਹੈ।

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝਾ ਜ਼ੋਨ ਦੇ ਮੁੱਖ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ, ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਦੇ ਮੈਨੇਜਰ ਧਰਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਮੁਤਾਬਕ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਤੇ ਦੇਖ-ਭਾਲ ਦੀ ਪੜਤਾਲ ਲਈ ਵੱਖ-ਵੱਖ ਪ੍ਰਚਾਰਕਾਂ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਟੀਮਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਰਹੀਆਂ ਹਨ।

ਇਸ ਤਹਿਤ ਪ੍ਰਚਾਰਕ ਬੀਬੀ ਰਾਜਬੀਰ ਕੌਰ ਤੇ ਬੀਬੀ ਦਲਜੀਤ ਕੌਰ ਵੱਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਰਣੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸਬੰਧੀ ਜਾਣਕਾਰੀ ਲੈਣ ਪਹੁੰਚੇ। ਗੁਰਦੁਆਰਾ ਸਾਹਿਬ ਵਿੱਚ ਕੁੱਲ 7 ਪਾਵਨ ਸਰੂਪ ਸੀ, ਜਿਨ੍ਹਾਂ ਵਿੱਚੋਂ ਇੱਕ ਸਰੂਪ ਬਿਰਧ ਸੀ ਜਦਕਿ ਚਾਰ ਸਰੂਪਾਂ ਦੇ ਅੰਗਾਂ ਦੀ ਬੁਰੀ ਤਰ੍ਹਾਂ ਨਾਲ ਪਾੜ ਕੇ ਬੇਅਦਬੀ ਕੀਤੀ ਹੋਈ ਸੀ। ਬਾਕੀ ਦੋ ਸਰੂਪ ਬਿਲੁਕਲ ਠੀਕ ਪਾਏ ਗਏ।

ਇਸ ਦੇ ਨਾਲ ਹੀ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦਆਰਾ ਸਾਹਿਬ ਵਿਖੇ ਰੱਖੇ ਪਾਵਨ ਸਰੂਪਾਂ ਦੀ ਸਾਂਭ-ਸੰਭਾਲ ਗੁਰ ਮਰਿਆਦਾ ਅਨੁਸਾਰ ਕਰਨ।