Punjab

SGPC ਦੇ ਸਭ ਤੋਂ ਪਹਿਲੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅੱਜ ਲਿਆ ਆਖਰੀ ਸਾਹ

‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਹਰਚਰਨ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਪਹਿਲੇ ਮੁੱਖ-ਸਕੱਤਰ ਸਨ। ਇਸ ਤੋਂ ਪਹਿਲਾਂ SGPC ਵਿੱਚ ਮੁੱਖ-ਸਕੱਤਰ ਦਾ ਕੋਈ ਵੀ ਅਹੁਦਾ ਨਹੀਂ ਹੁੰਦਾ ਸੀ।

ਹਾਲਾਂਕਿ, ਉਨ੍ਹਾਂ ਦੇ ਨਾਲ ਕਾਫ਼ੀ ਵਿਵਾਦ ਵੀ ਜੁੜੇ ਰਹੇ ਪਰ ਰਿਟਾਇਰਮੈਂਟ ਤੋਂ ਬਾਅਦ ਉਹ ਬਜ਼ੁਰਗਾਂ ਦੀ ਸੇਵਾ ਵਿੱਚ ਲੱਗੇ ਰਹੇ ਸਨ।  ਉਨ੍ਹਾਂ ਨੇ ਚੰਡੀਗੜ੍ਹ ਦੇ ਪਿੰਡ ਮੁੱਲਾਂਪੁਰ ‘ਚ ਅਕਾਲ ਓਲਡ ਏਜ ਹੋਮ ਨਾਂ ਦਾ ਬਿਰਧ ਆਸ਼ਰਮ ਬਣਾਇਆ ਹੋਇਆ ਸੀ, ਜਿੱਥੇ ਉਹ ਆਪਣਾ ਸਾਰਾ ਸਮਾਂ ਬਿਤਾਉਂਦੇ ਸਨ ਅਤੇ ਉੱਥੇ ਹੀ ਬਜ਼ੁਰਗਾਂ ਦੀ ਸੇਵਾ ਵੀ ਕਰਦੇ ਸਨ। ਅੱਜ ਵੀ ਉਨ੍ਹਾਂ ਨੇ ਆਪਣਾ ਆਖਰੀ ਸਾਹ ਇਸ ਆਸ਼ਰਮ ਵਿੱਚ ਹੀ ਲਿਆ।

ਹਰਚਰਨ ਸਿੰਘ ਨੂੰ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਇਸੇ ਮਹੀਨੇ ਦੀ 18 ਸਤੰਬਰ ਦੀ ਤਰੀਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ। 2016 ਦੀ ਸਾਰੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਸਮੇਤ ਇਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਪਰ ਅੱਜ ਸਵੇਰੇ ਇਨ੍ਹਾਂ ਦੀ ਮੌਤ ਹੋ ਗਈ ਹੈ। ਇਸ ਕੇਸ ‘ਚ ਹਰਚਰਨ ਸਿੰਘ ਖਿਲਾਫ ਕਾਨੂੰਨੀ ਕਰਵਾਈ ਦੇ ਆਦੇਸ਼ ਸੀ। ਉਨ੍ਹਾਂ ‘ਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿੱਚ ਅਸਮਰਥ ਰਹਿਣ ਅਤੇ ਰਿਕਾਰਡ ਦੇ ਵਿੱਚ ਹੇਰਾਫੇਰੀ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਸੀ।