International

ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਪੱਬਾਂ ਭਾਰ ਹੋਇਆ ਅਮਰੀਕਾ, ਟਰੰਪ ਨੇ ਦਿੱਤਾ ਵੱਡਾ ਬਿਆਨ

‘ਦ ਖ਼ਾਲਸ ਬਿਊਰੋ :- ਲੱਦਾਖ ‘ਚ ਭਾਰਤ-ਚੀਨ ਸਰਹੱਦੀ ਮਾਮਲਾ ਹਾਲੇ ਤੱਕ ਸੁਲਘ ਰਿਹਾ ਹੈ। ਦੋਨਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਵਿੱਚ ਮੱਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।

ਟਰੰਪ ਨੇ 4 ਸਤੰਬਰ ਨੂੰ ਵ੍ਹਾਈਟ ਹਾਊਸ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਚੀਨ ਦਰਮਿਆਨ ਸਰਹੱਦੀ ਤਣਾਅ ਕਾਫੀ ਮਾੜੀ ਗੱਲ ਹੈ। ਅਸੀਂ ਚੀਨ ਤੇ ਭਾਰਤ ਦੇ ਸਬੰਧ ‘ਚ ਸਹਾਇਤਾ ਲਈ ਤਿਆਰ ਹਾਂ। ਜੇ ਅਸੀਂ ਕੁੱਝ ਵੀ ਕਰ ਸਕਦੇ ਹਾਂ, ਤਾਂ ਅਸੀਂ ਸ਼ਾਮਲ ਹੋਣਾ ਤੇ ਮਦਦ ਕਰਨਾ ਪਸੰਦ ਕਰਾਂਗੇ ਅਤੇ ਅਸੀਂ ਦੋਵਾਂ ਦੇਸ਼ਾਂ ਨਾਲ ਇਸ ਬਾਰੇ ਗੱਲ ਕਰ ਰਹੇ ਹਾਂ। ਟਰੰਪ ਦੀ ਇਹ ਟਿੱਪਣੀ ਉਸ ਦਿਨ ਆਈ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿੱਚ ਸਰਹੱਦੀ ਤਣਾਅ ਵੱਧਣ ‘ਤੇ ਧਿਆਨ ਕੇਂਦਰਿਤ ਕਰਨ ਲਈ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਗੇ ਨਾਲ ਮਾਸਕੋ ਵਿੱਚ ਗੱਲਬਾਤ ਕੀਤੀ।

ਭਾਰਤੀ ਤੇ ਚੀਨੀ ਫੌਜੀਆਂ ਵਿਚਕਾਰ ਪਿਛਲੇ ਚਾਰ ਮਹੀਨਿਆਂ ਤੋਂ ਪੂਰਬੀ ਲੱਦਾਖ ਦੀ ਸਰਹੱਦ ‘ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਛੇ ਦਿਨ ਪਹਿਲਾਂ ਵੀ ਪੈਨਗੋਂਗ ਝੀਲ ਦੇ ਦੱਖਣੀ ਕੰਢੇ ‘ਤੇ ਚੀਨ ਵੱਲੋਂ ਭਾਰਤੀ ਖੇਤਰ ‘ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਦੋਵੇਂ ਧਿਰਾਂ ਸਰਹੱਦ ਦੀ ਸਮੱਸਿਆ ਨੂੰ ਸੁਲਝਾਉਣ ਲਈ ਡਿਪਲੋਮੈਟਿਕ ਤੇ ਫੌਜ ਪੱਧਰ ‘ਤੇ ਗੱਲਬਾਤ ਕਰ ਰਹੀਆਂ ਸੀ, ਪਰ ਇਸ ਦੇ ਬਾਵਜੂਦ ਤਣਾਅ ਫੇਰ ਵੱਧ ਗਿਆ।