Punjab

ਹੇਮਕੁੰਟ ਸਾਹਿਬ ਯਾਤਰਾ: ਸੜਕ ਹਾਦਸੇ ‘ਚ ਲਾਪਤਾ ਹੋਏ 8 ਸ਼ਰਧਾਲੂਆਂ ਦੀ ਜਾਂਚ CBI ਨੂੰ ਸੌਂਪੀ

‘ਦ ਖ਼ਾਲਸ ਬਿਊਰੋ (ਸ੍ਰੀ ਅੰਮ੍ਰਿਤਸਰ ਸਾਹਿਬ):-  ਜੁਲਾਈ 2017 ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ 8 ਸ਼ਰਧਾਲੂ ਵਾਹਨ ਦੁਰਘਟਨਾਗ੍ਰਸਤ ਹੋਣ ਕਾਰਨ ਲਾਪਤਾ ਹੋ ਗਏ ਸਨ। ਹੁਣ ਸੀਬੀਆਈ ਨੇ ਇਹ ਸ਼ਰਧਾਲੂਆਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਹੈ। ਇਹ ਸਾਰੇ ਸ਼ਰਧਾਲੂ ਕਸਬਾ ਮਹਿਤਾ ਅਤੇ ਨੇੜਲੇ ਪਿੰਡਾਂ ਦੇ ਵਾਸੀ ਸਨ, ਜੋ ਇਕੱਠੇ ਯਾਤਰਾ ’ਤੇ ਗਏ ਸਨ।

ਇਸ ਘਟਨਾ ਸਬੰਧੀ ਪਰਿਵਾਰਾਂ ਨੇ ਨੈਨੀਤਾਲ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਇਸ ਪਿੱਛੋਂ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ, ਜਿਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਸੀਬੀਆਈ ਟੀਮ ਦੇ ਦੋ ਅਧਿਕਾਰੀ ਇਥੇ ਪਰਿਵਾਰਾਂ ਕੋਲ ਪੁੱਜੇ। ਟੀਮ ਦੀ ਅਗਵਾਈ ਸੀਬੀਆਈ ਸਪੈਸ਼ਲ ਕਰਾਈਮ ਬਰਾਂਚ ਲਖਨਊ ਦੇ ਇੰਸਪੈਕਟਰ ਮਨੋਜ ਕੁਮਾਰ ਕਰ ਰਹੇ ਹਨ।

ਜਾਂਚ ਕਰ ਰਹੀ ਸੀਬੀਆਈ ਟੀਮ ਨੇ ਪਰਿਵਾਰ ਨੂੰ ਲਾਪਤਾ ਸ਼ਰਧਾਲੂਆਂ ਨਾਲ ਸਬੰਧਿਤ ਕੰਘਾ, ਪਰਨਾ ਤੇ ਹੋਰ ਸਾਮਾਨ ਦਿਖਾਇਆ। ਲਾਪਤਾ ਕਿਰਪਾਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੇ ਟੀਮ ਨੂੰ ਆਖਿਆ ਕਿ ਇਨ੍ਹਾਂ ਕੁਝ ਵਸਤਾਂ ਨਾਲ ਉਹ ਲਾਪਤਾ ਪਤੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਬਾਰੇ ਕਿਵੇਂ ਸ਼ਨਾਖਤ ਕਰ ਸਕਦੀ ਕਿਉਂਕਿ ਕਿਰਪਾਲ ਪਰਨਾ ਨਹੀਂ ਵੱਡੀ ਦਸਤਾਰ ਬੰਨ੍ਹਦਾ ਸੀ।

ਸਵਾਲ ਉਠਾਇਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਇਕ ਮਹੀਨੇ ਬਾਅਦ ਆਧਾਰ ਕਾਰਡ ਅਤੇ ਕੁਝ ਹੋਰ ਸਮਾਨ ਮਿਲਿਆ ਸੀ, ਜੇਕਰ ਇਹ ਛੋਟੀਆਂ ਚੀਜ਼ਾਂ ਮਿਲ ਸਕਦੀਆਂ ਹਨ ਤਾਂ ਇਹ ਅੱਠ ਵਿਅਕਤੀ ਕਿਥੇ ਗਏ। ਇਸ ਸਾਰੇ ਮਾਮਲੇ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪੀ ਗਈ ਹੈ।