India

ਮੌਸਮ ਸਾਫ਼ ਹੋਣ ਮਗਰੋਂ ਮੁੜ ਸ਼ੁਰੂ ਹੋਈ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ

ਉਤਰਾਖੰਡ : ਅੱਜ 27 ਮਈ ਨੂੰ ਮੌਸਮ ਸਾਫ਼ ਹੋ ਜਾਣ ਮਗਰੋਂ ਸਿੱਖ ਧਰਮ ਦੇ ਪਵਿੱਤਰ ਤੀਰਥ ਅਸਥਾਨ ਮੰਨੇ ਜਾਂਦੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਹੈ। ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿੱਚ ਅੱਜ ਮੌਸਮ ਸਾਫ਼ ਹੈ ਤੇ ਬਰਫ਼ ਵੀ ਹਟਾਈ ਗਈ ਹੈ । ਪ੍ਰਬੰਧਕਾਂ ਨੇ ਪਹਿਲਾਂ ਹੀ ਉਮੀਦ ਪ੍ਰਗਟਾਈ ਸੀ ਕਿ ਜੇ ਮੌਸਮ ਸਾਫ਼ ਰਿਹਾ ਤਾਂ 27 ਮਈ ਤੋਂ ਮੁੜ ਯਾਤਰਾ ਆਰੰਭ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ 24 ਮਈ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਬਰਫਬਾਰੀ ਹੋਣ ਕਾਰਨ ਇਹ ਯਾਤਰਾ 2 ਦਿਨਾਂ ਵਾਸਤੇ ਰੋਕ ਦਿੱਤੀ ਗਈ ਸੀ, ਜਿਸ ਤਹਿਤ ਯਾਤਰੀਆਂ ਨੂੰ ਜਿੱਥੇ ਹਨ, ਉਥੇ ਹੀ ਠਹਿਰਾਅ ਕਰਨ ਵਾਸਤੇ ਆਖਿਆ ਗਿਆ ਸੀ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਸੀ ਕਿ ਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਯਾਤਰਾ ਨੂੰ ਪਿਛਲੇ ਦੋ ਦਿਨਾਂ ਤੋਂ ਰੋਕ ਦਿੱਤਾ ਸੀ। ਕੱਲ ਵੀ ਮੌਸਮ ਸਾਫ਼ ਰਿਹਾ ਤੇ ਧੁੱਪ ਨਿਕਲੀ ਹੋਣ ਕਰਕੇ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਰੱਸਟ ਦੇ ਸੇਵਾਦਾਰਾਂ ਨੂੰ ਗਲੇਸ਼ੀਅਰ ਅਤੇ ਗੁਰਦੁਆਰੇ ਵੱਲ ਜਾਣ ਵਾਲੀਆਂ ਪੌੜੀਆਂ ਤੋਂ ਬਰਫ਼ ਸਾਫ਼ ਕਰਨ ਵਿੱਚ ਮਦਦ ਮਿਲੀ। ਅੱਜ ਸਵੇਰੇ ਵੀ ਮੌਸਮ ਸਾਫ਼ ਹੈ ,ਜਿਸ ਨੂੰ ਦੇਖਦੇ ਹੋਏ ਯਾਤਰਾ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।