Khaas Lekh

ਖੁਸ਼ੀ ਦੀ ਭਾਲ ‘ਚ ਜਦੋਂ ਉਮਰ ਲੰਘ ਗਈ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅੱਜ ਇਸ ਪਦਾਰਥਵਾਦੀ ਸਮੇਂ ਵਿੱਚ ਹਰ ਕੋਈ ਖੁਸ਼ੀ ਚਾਹੁੰਦਾ ਹੈ। ਕੋਈ ਚੁਟਕਲੇ ਸੁਣ-ਸੁਣਾ ਕੇ ਖੁਸ਼ ਹੁੰਦਾ ਹੈ, ਕੋਈ ਆਪਣੇ ਕਾਰੋਬਾਰ ਵਿੱਚ ਤਰੱਕੀ ਹੋਣ ‘ਤੇ ਖੁਸ਼ ਹੁੰਦਾ ਹੈ ਜਾਂ ਕੋਈ ਕਿਸੇ ਦੇ ਨੁਕਸਾਨ ’ਚੋਂ ਖੁਸ਼ੀ ਲੱਭਦਾ ਹੈ। ਕੋਈ ਆਪਣੀ ਤਾਰੀਫ਼ ਸੁਣ ਕੇ ਖੁਸ਼ ਹੁੰਦਾ ਹੈ। ਹਰ ਕਿਸੇ ਨੇ ਆਪੋ-ਆਪਣੀ ਖੁਸ਼ੀ ਦੇ ਢੰਗ ਲੱਭੇ ਹੋਏ ਹਨ।

ਹਰ ਮਨੁੱਖ ਕਿਸੇ ਨਾ ਕਿਸੇ ਤ੍ਹਰਾਂ ਖੁਸ਼ ਰਹਿਣਾ ਚਾਹੁੰਦਾ ਹੈ। ਮਨੁੱਖ ਦਾ ਹਰੇਕ ਉੱਦਮ ਖੁਸ਼ੀ ਵਾਸਤੇ ਹੀ ਹੁੰਦਾ ਹੈ। ਖੁਸ਼ੀ ਦੇ ਬੇਅੰਤ ਤਰੀਕੇ ਵਰਤ ਕੇ ਵੀ, ਹਰ ਤਰ੍ਹਾਂ ਦੇ ਸੁੱਖਾਂ-ਸਾਧਨਾ ਨੂੰ ਵਰਤਣ ਦੇ ਬਾਵਜੂਦ ਵੀ ਮਨੁੱਖ ਦੀ ਖੁਸ਼ੀ ਸਦੀਵੀ ਨਹੀਂ ਰਹਿੰਦੀ ਬਲਕਿ ਦਿਨੋਂ-ਦਿਨ ਘਟਦੀ ਜਾਂਦੀ ਹੈ ਅਤੇ ਉਹ ਉਦਾਸੀਨਤਾ, ਮਾਨਸਿਕ ਰੋਗ ਵੱਲ ਵੱਧਦਾ ਜਾਂਦਾ ਹੈ।

ਮਨੁੱਖ ਕਦੇ ਵੀ ਇੱਕਲਾ ਬੈਠ ਹੀ ਨਹੀਂ ਪਾਉਂਦਾ ਬਲਕਿ ਖੁਸ਼ੀ ਦੀ ਭਾਲ ’ਚ ਸਮੁੰਦਰ, ਪਹਾੜ, ਹੋਟਲ, ਸਿਨੇਮਾ, ਟੀ.ਵੀ ਜਾਂ ਦੋਸਤਾਂ-ਮਿੱਤਰਾਂ ’ਚ ਰਹਿ ਕੇ ਘੁੰਮਦਾ-ਫਿਰਦਾ ਹੈ ਪਰ ਉਸਨੂੰ ਉਹ ਖੁਸ਼ੀ ਨਹੀਂ ਮਿਲ ਪਾਉਂਦੀ, ਜਿਸਨੂੰ ਉਹ ਭਾਲ ਰਿਹਾ ਹੈ।

ਜੇ ਖੁਸ਼ੀ ਲੱਭਣੀ ਹੈ ਤਾਂ ਸਾਨੂੰ ਆਪਣੇ-ਆਪ ਵਿੱਚੋਂ ਲੱਭਣੀ ਚਾਹੀਦੀ ਹੈ। ਸਾਨੂੰ ਆਪਣੇ-ਆਪ ਨਾਲ ਕੁੱਝ ਸਮਾਂ ਬਿਤਾਉਣਾ ਚਾਹੀਦਾ ਹੈ, ਆਪਣੀਆਂ ਖੂਬੀਆਂ, ਕਮੀਆਂ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਭਵਿੱਖ ਵਿੱਚ ਉਨ੍ਹਾਂ ਨੂੰ ਸੁਧਾਰ ਸਕੀਏ ਅਤੇ ਆਪਣੇ ਜੀਵਨ ਵਿੱਚ ਵਧੀਆ ਕੰਮ ਕਰਕੇ ਆਪ ਵੀ ਖੁਸ਼ ਰਹੀਏ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਖੁਸ਼ ਰੱਖ ਸਕੀਏ।

ਪਰਮਾਤਮਾ ਦੀ ਸਿਫ਼ਤ ਸਲਾਹ ਕਰਨ ਨਾਲ ਜੋ ਸਾਨੂੰ ਆਤਮਕ ਖੁਸ਼ੀ ਪ੍ਰਾਪਤ ਹੁੰਦੀ ਹੈ, ਉਹ ਦੁਨੀਆ ਦੇ ਕਿਸੇ ਹੋਰ ਕੰਮ ਵਿੱਚ ਨਹੀਂ ਮਿਲਦੀ। ਸਾਨੂੰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਜੋ ਅਸੀਂ ਉਸ ਰੂਹਾਨੀਅਤ ਦੇ ਆਨੰਦ ਨੂੰ ਮਾਣ ਸਕੀਏ।